For the best experience, open
https://m.punjabitribuneonline.com
on your mobile browser.
Advertisement

ਬਾਬੇ ਨਾਨਕ ਦਾ ਵਿਆਹ ਪੁਰਬ: ਗੁਰਦੁਆਰਾ ਡੇਹਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

08:04 AM Sep 11, 2024 IST
ਬਾਬੇ ਨਾਨਕ ਦਾ ਵਿਆਹ ਪੁਰਬ  ਗੁਰਦੁਆਰਾ ਡੇਹਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ
ਬਾਬੇ ਨਾਨਕ ਦੇ ਵਿਆਹ ਪੁਰਬ ਮੌਕੇ ਸਜਾਇਆ ਗਿਆ ਨਗਰ ਕੀਰਤਨ।
Advertisement

ਦਲਬੀਰ ਸੱਖੋਵਾਲੀਆ/ਹਰਜੀਤ ਪਰਮਾਰ
ਬਟਾਲਾ, 10 ਸਤੰਬਰ
ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਹ ਪੁਰਬ ’ਤੇ ਅੱਜ ਇਤਿਹਾਸਕ ਗੁਰਦੁਆਰਾ ਡੇਹਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਅੱਜ ਤੜਕੇ ਚਾਰ ਵਜੇ ਇਥੇ ਪਹੁੰਚਿਆ। ਸੰਗਤ ਘੰਟਿਆਂਬੱਧੀ ਇਸ ਨਗਰ ਕੀਰਤਨ ਦਾ ਇੰਤਜ਼ਾਰ ਕਰਦੀ ਰਹੀ। ਅੱਜ ਮਾਤਾ ਸੁਲੱਖਣੀ ਜੀ ਦੇ ਪੇਕੇ ਘਰ ਗੁਰਦੁਆਰਾ ਡੇਹਰਾ ਸਾਹਿਬ ਤੋਂ ਸਜਾਏ ਨਗਰ ਕੀਰਤਨ ਵਿੱਚ ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਣੇ ਹੋਰ ਧਾਰਮਿਕ ਸ਼ਖ਼ਸੀਅਤਾਂ ਨੇ ਹਾਜ਼ਰੀ ਲਵਾਈ। ਇਸ ਤੋਂ ਪਹਿਲਾ ਪ੍ਰਧਾਨ ਐਡਵੋਕੇਟ ਧਾਮੀ ਨੇ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਵਧਾਈ ਦਿੰਦਿਆਂ ਕਿਹਾ, ‘ਅਜਿਹੇ ਦਿਹਾੜੇ ਮਨਾਉਣ ਦਾ ਲਾਭ ਤਾਂ ਹੀ ਹੈ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਸਿਧਾਂਤ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ’ਤੇ ਅਮਲੀ ਰੂਪ ਵਿੱਚ ਪਹਿਰਾ ਦੇਈਏ।’ ਉਨ੍ਹਾਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਇਤਿਹਾਸਕ ਗੁਰਦੁਆਰਾ ਡੇਹਰਾ ਸਾਹਿਬ ਤੋਂ ਰਵਾਨਾ ਹੋਇਆ ਇਹ ਨਗਰ ਕੀਰਤਨ ਬਟਾਲਾ ਦੇ ਵੱਖ ਵੱਖ ਬਾਜ਼ਾਰਾਂ, ਮੁਹੱਲਿਆਂ ’ਚੋਂ ਗੁਜ਼ਰਿਆ। ਇਥੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਉਧਰ, ਗੁਰਦੁਆਰਾ ਕੰਧ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਸਤਕਰਤਾਰੀਆ ’ਚ ਬੀਤੀ 8 ਸਤੰਬਰ ਤੋਂ ਰਖਾਏ ਗਏ ਪਾਠਾਂ ਦੇ ਅੱਜ ਭੋਗ ਪਾਏ ਗਏ। ਇਨ੍ਹਾਂ ਗੁਰਧਾਮਾਂ ’ਚ ਅੱਜ ਸੁਵੱਖਤੇ ਤੋਂ ਸੰਗਤ ਦਾ ਤਾਂਤਾ ਲੱਗਿਆ ਹੋਇਆ ਸੀ। ਇਸ ਮੌਕੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਬਾਬਾ ਗੁਰਪ੍ਰੀਤ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ, ਭਾਈ ਅਮੋਲਕ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ, ਐੱਸਜੀਪੀਸੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ, ਜਥੇਦਾਰ ਗੁਰਨਾਮ ਸਿੰਘ ਜੱਸਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬੀਬੀ ਜਸਬੀਰ ਕੌਰ ਜ਼ਫਰਵਾਲ, ਬੀਬੀ ਜੋਗਿੰਦਰ ਕੌਰ (ਸ਼੍ਰੋਮਣੀ ਕਮੇਟੀ ਮੈਂਬਰ), ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ ਦਲ ਦੇ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ‘ਆਪ’ ਦੇ ਸੂਬਾਈ ਜਨਰਲ ਸਕੱਤਰ ਅਤੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਹਾਜ਼ਰ ਸਨ।

Advertisement

ਨਗਰ ਕੀਰਤਨ ਦੋ ਪੜਾਅ ’ਚ ਸਜਾਉਣ ਦੀ ਅਪੀਲ

ਬਟਾਲਾ (ਨਿੱਜੀ ਪੱਤਰ ਪ੍ਰੇਰਕ ): ਗੁਰੂ ਨਾਨਕ ਦੇਵ ਜੀ ਦੇ ਬਰਾਤ ਰੂਪੀ ਨਗਰ ਕੀਰਤਨ ਸਬੰਧੀ ਅੱਜ ਐੱਸਜੀਪੀਸੀ ਦੇ ਤਿੰਨ ਮੈਂਬਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਆਉਂਦੇ ਵਰ੍ਹੇ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ ਨੂੰ ਦੋ ਪੜਾਅ ’ਚ ਸਜਾਇਆ ਜਾਵੇ।

Advertisement

ਸਪੀਕਰ ਸੰਧਵਾਂ ਗੁਰਦੁਆਰਾ ਕੰਧ ਸਾਹਿਬ ਵਿਖੇ ਨਤਮਸਤਕ

ਬਟਾਲਾ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

Advertisement
Author Image

sukhwinder singh

View all posts

Advertisement