For the best experience, open
https://m.punjabitribuneonline.com
on your mobile browser.
Advertisement

ਬਾਬਿਆਂ ਦੀ ਦੌੜ ’ਚ 70 ਸਾਲਾ ਸੁਰਿੰਦਰਪਾਲ ਜੇਤੂ

12:32 PM Feb 05, 2023 IST
ਬਾਬਿਆਂ ਦੀ ਦੌੜ ’ਚ 70 ਸਾਲਾ ਸੁਰਿੰਦਰਪਾਲ ਜੇਤੂ
Advertisement
Advertisement

ਸਤਵਿੰਦਰ ਬਸਰਾ

Advertisement

ਲੁਧਿਆਣਾ, 4 ਫਰਵਰੀ

ਕਿਲ੍ਹਾ ਰਾਏਪੁਰ ਖੇਡਾਂ ਦੇ ਅੱਜ ਦੂਜੇ ਦਿਨ ਜਿੱਥੇ ਅਥਲੈਟਿਕ, ਹਾਕੀ ਅਤੇ ਘੋੜਾਸਵਾਰੀ ਸ਼ੋਅ, ਹਾਕੀ, ਰੱਸਾਕਸੀ ਦੇ ਮੁਕਾਬਲੇ ਕਰਵਾਏ ਗਏ ਉੱਥੇ ਦੋ ਕੁਇੰਟਲ ਭਾਰੀ ਬੋਰੀ ਚੁੱਕਣ, ਗਲ ਨਾਲ ਸਰੀਆਂ ਮੋੜਨ, ਸੈਂਕੜੇ ਪਤੰਗ ਹਵਾ ਵਿੱਚ ਉਡਾਉਣ ਅਤੇ ਹੋਰ ਰੌਚਕ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਦੂਜੇ ਦਿਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਿਲ੍ਹਾ ਰਾਏਪਬੁਰ ਸਪੋਰਟਸ ਸੁਸਾਇਟੀ (ਪੱਤੀ ਸੁਹਾਵੀਆ) ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ ਅਤੇ ਹੋਰ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਨਿੱਘੀ ਜੀ ਆਇਆਂ ਆਖੀ।

ਭਾਰ ਚੁੱਕਣ ਦੇ ਚੱਲ ਰਹੇ ਮੁਕਾਬਲੇ।

ਕੈਬਨਿਟ ਮੰਤਰੀ ਮਾਨ ਨੇ ਕਿਹਾ ਕਿ ਅਗਲੇ ਸਾਲ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਰਕਾਰ ਵੱਲੋਂ ਭਰਵਾਂ ਸਹਿਯੋਗ ਪਾਇਆ ਜਾਵੇਗਾ। ਉਨ੍ਹਾਂ ਨੇ ਪ੍ਰਬੰਧਕਾਂ ਵੱਲੋਂ ਐਸਟਰੋਟਰਫ ਲਗਾਉਣ, ਫਲੱਡ ਲਾਈਟਸ ਲਗਾਉਣ ਤੇ ਮਲਟੀਪਰਪਜ਼ ਜਿਮ ਸਥਾਪਨ ਕਰਨ ਦੀ ਮੰਗਾਂ ਨੂੂੰ ਜਲਦੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਖੇਡਾਂ ਦੇ ਅੱਜ ਦੂਜੇ ਦਿਨ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀਆਂ ਦੌੜਾਂ ਖਿੱਚ ਦਾ ਕੇਂਦਰ ਰਹੀਆਂ। 100 ਮੀਟਰ ਦੀ ਇਹ ਦੌੜ ਹੁਸ਼ਿਆਰਪੁਰ ਦੇ ਸੁਰਿੰਦਰਪਾਲ ਸ਼ਰਮਾ ਨੇ ਜਿੱਤੀ ਜਦਕਿ ਦੂਜਾ ਸਥਾਨ ਗੁਰਦਾਸਪੁਰ ਦੇ ਸਰਬਜੀਤ ਸਿੰਘ ਨੇ ਅਤੇ ਤੀਜਾ ਸਥਾਨ ਮੁਹਾਲੀ ਨੇ ਰਘੁਵੀਰ ਸਿੰਘ ਨੇ ਹਾਸਲ ਕੀਤਾ। ਲੜਕਿਆਂ ਦੇ ਸਾਈਕਲਿੰਗ ਵਿੱਚੋਂ ਲੁਧਿਆਣਾ ਦਾ ਸਾਹਿਲ ਪਹਿਲੇ, ਲੜਕੀਆਂ ਵਿੱਚੋਂ ਮੁਕਲ ਪਹਿਲੇ ਸਥਾਨ ‘ਤੇ ਰਹੇ। ਲੜਕੀਆਂ ਦੀ 100 ਮੀਟਰ ਦੌੜ ‘ਚ ਜੇਤੂ ਰਹੀਆਂ ਸੁਖਿੰਦਵਰ ਕੌਰ ਪਟਿਆਲਾ, ਲਵਪ੍ਰੀਤ ਕੌਰ ਅਤੇ ਸੁਨੇਹਾ ਨੂੰ ਕ੍ਰਮਵਾਰ ਪੰਜ ਹਜ਼ਾਰ, ਤਿੰਨ ਹਜ਼ਾਰ ਅਤੇ ਦੋ ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਲੜਕੀਆਂ ਦੇ ਹਾਕੀ ਮੁਕਾਬਲੇ ਵਿੱਚ ਸਵੈਚ ਅਕੈਡਮੀ ਸੋਨੀਪਤ ਨੇ ਰਾਮਪੁਰ ਛੰਨਾ ਨੂੰ 6-0 ਗੋਲਾਂ ਨਾਲ, ਪੀਆਈਐਸ ਮੁਹਾਲੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 3-0 ਨਾਲ ਹਰਾਇਆ। ਲੜਕਿਆਂ ਦੇ ਵਰਗ ‘ਚ ਜੀਟੀਬੀ ਬਾਬਾ ਬਕਾਲਾ ਨੇ ਕਿਲ੍ਹਾ ਰਾਏਪੁਰ ਨੂੰ 2-0 ਗੋਲਾਂ ਦੇ ਫਰਕ ਨਾਲ ਸ਼ਿਕਸਤ ਦਿੱਤੀ।

ਗਰਦਨ ਨਾਲ ਸਰੀਆ ਮੋੜਨ ਦੇ ਚੱਲ ਰਹੇ ਮੁਕਾਬਲੇ।

ਦੌੜ ਨਾ ਹੋਣ ਕਾਰਨ ਪੁੱਤਾਂ ਵਾਂਗੂ ਪਾਲੇ ਬਲਦ ਵੇਚੇ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਮਿਨੀ ਓਲਪਿੰਕ ਵਜੋਂ ਮਸ਼ਹੂਰ ਕਿਲ੍ਹਾ ਰਾਏਪੁਰ ਖੇਡ ਮੇਲੇ ‘ਚ ਆਉਣ ਵਾਲਾ ਹਰ ਵਿਅਕਤੀ ਬਲਦ ਗੱਡੀਆਂ ਦੀਆਂ ਦੌੜਾਂ ਨੂੰ ਯਾਦ ਕਰ ਰਿਹਾ ਹੈ। ਤਿੰਨ ਸਾਲ ਮਗਰੋਂ ਹੋਈਆਂ ਖੇਡਾਂ ਵਿੱਚ ਇਸ ਵਾਰ ਬਲਦ ਗੱਡੀਆਂ ਦੀ ਦੌੜ ਮਨਜ਼ੂਰੀ ਮਿਲਣ ਦੀ ਉਮੀਦ ਸੀ, ਪਰ ਪੰਜਾਬ ਸਰਕਾਰ ਵੱਲੋਂ ਆਗਿਆ ਨਹੀਂ ਦਿੱਤੀ ਗਈ। ਇਸ ਤੋਂ ਮਜਬੂਰ ਹੋ ਕੇ ਮਾਲਕਾਂ ਨੂੰ ਬਲਦ ਵੇਚਣੇ ਪਏ। ਪਿੰਡ ਮਹਿਲਾ ਸਿੰਘ ਵਾਲਾ ਵਾਸੀ ਸੁਖਦੇਵ ਸਿੰਘ ਨੇ ਦੱਸਿਆ ਕਿ ਬਲਦ ਦੀ ਖੁਰਾਕ ਤੋਂ ਥਕਾਨ ਤੱਕ ਹਰ ਚੀਜ਼ ਦਾ ਖਿਆਲ ਰੱਖਣਾ ਪੈਂਦਾ ਸੀ। ਇੱਕ ਬਲਦ ਨੂੰ ਪਾਲਣ ਲਈ ਕਾਫ਼ੀ ਖਰਚਾ ਹੁੰਦਾ ਸੀ, ਜੋ ਇਸ ਦੌੜ ਵਿੱਚੋਂ ਨਿਕਲਦਾ ਸੀ। ਹੁਣ ਰਾਏਪੁਰ ਖੇਡਾਂ ‘ਚ ਬਲਦ ਦੌੜ ‘ਤੇ ਪਾਬੰਦੀ ਹੋਣ ਕਾਰਨ ਬਲਦਾਂ ਦਾ ਖਰਚਾ ਪੂਰਾ ਨਹੀਂ ਹੁੰਦਾ। ਇਸ ਲਈ ਉਸ ਨੇ ਬਲਦ ਵੇਚ ਦਿੱਤੇ। ਸੁਖਦੇਵ ਸਿੰਘ ਨੇ ਦੱਸਿਆ ਕਿ ਉਹ 1993 ਤੋਂ ਕਿਲ੍ਹਾ ਰਾਏਪੁਰ ਖੇਡਾਂ ‘ਚ ਹਿੱਸਾ ਲੈਂਦਾ ਆ ਰਿਹਾ ਹੈ। ਉਸ ਕੋਲ ਦੋ ਰਾਜੂ ਤੇ ਬਿੱਲੂ ਨਾਂ ਦੇ ਦੋ ਬਲਦ ਸਨ, ਜੋ ਹਰ ਸਾਲ ਦੌੜ ‘ਚ ਅੱਵਲ ਆਉਂਦੇ ਸਨ। ਇਸ ਤੋਂ ਇਲਾਵਾ ਉਹ ਰਾਮਪੁਰ, ਗੁੱਜਰਵਾਲ, ਬੌਂਦਲੀ, ਫਿਲੌਰ ‘ਚ ਹੋਣ ਵਾਲੀਆਂ ਖੇਡਾਂ ‘ਚ ਵੀ ਹਿੱਸਾ ਲੈਂਦੇ ਹੋਏ ਪਹਿਲਾ ਤੇ ਦੂਸਰਾ ਸਥਾਨ ਹਾਸਲ ਕਰ ਚੁੱਕੇ ਹਨ। 78 ਸਾਲਾ ਆਸੀ ਕਲਾਂ ਦੇ ਸੋਹਣ ਸਿੰਘ ਨੇ ਦੱਸਿਆ ਕਿ ਉਹ 1962 ਤੋਂ ਕਿਲ੍ਹਾ ਰਾਏਪੁਰ ਖੇਡ ਮੇਲੇ ‘ਚ ਭਾਗ ਲੈਂਦਾ ਆ ਰਿਹਾ ਹੈ। ਬਲਦ ਗੱਡੀਆਂ ਦੀਆਂ ਦੌੜਾਂ ਦੇਖ ਬਜ਼ੁਰਗ ‘ਚ ਵੀ ਨੌਜਵਾਨ ਵਾਂਗ ਖੂਨ ਦੌੜਨ ਲੱਗ ਪੈਂਦਾ ਸੀ, ਪਰ ਹੁਣ ਹੌਲੀ ਹੌਲੀ ਸਭ ਖਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਲਦਾਂ ‘ਤੇ ਜੋ ਜ਼ੁਲਮ ਦੇ ਦੋਸ਼ ਲਾਏ ਜਾ ਰਹੇ ਹਨ, ਉਹ ਬਿਲਕੁਲ ਗਲਤ ਹਨ। ਬਲਦਾਂ ਨੂੰ ਪੁੱਤਾਂ ਵਾਂਗ ਪਾਲਿਆ ਜਾਂਦਾ ਹੈ। ਸਰਦੀ ਹੋਵੇ ਜਾਂ ਗਰਮੀ ਉਨ੍ਹਾਂ ਦੀ ਬੱਚਿਆਂ ਵਾਂਗ ਸੰਭਾਲ ਕੀਤੀ ਜਾਂਦੀ ਹੈ।

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement