ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਆਪਣੇ ਹਿੱਤਾ ਲਈ ਵਰਤਿਆ: ਖਾਲਸਾ
ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 10 ਜਨਵਰੀ
ਫਰੀਦਕੋਟ ਤੋਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਪੰਜਾਬ ਅਤੇ ਪੰਥ ਦੀ ਭਲਾਈ ਲਈ ਮਾਘੀ ਮੌਕੇ ਬਣਨ ਜਾ ਰਹੀ ਪੰਥਕ ਪਾਰਟੀ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਪਿੰਡ ਲਲਿਹਾਦੀ ਦੇ ਗੁਰਦੁਆਰਾ ਸਾਹਿਬ ਵਿੱਚ ਧਰਮਕੋਟ ਹਲਕੇ ਦੇ ਪਿੰਡਾਂ ਦੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਹਿੱਤਾਂ ਲਈ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਢਾਲ ਬਣਾ ਕੇ ਵਰਤਿਆ ਹੈ ਜਿਸ ਕਾਰਨ ਅਕਾਲੀ ਦਲ ਪੰਜਾਬ ਦੀ ਸਿਆਸਤ ਤੋਂ ਹਾਸ਼ੀਏ ਉੱਤੇ ਆ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਪੰਥ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਭਗੌੜਾ ਹੈ। ਸੁਖਬੀਰ ਸਿੰਘ ਬਾਦਲ ਕੁਝ ਦਿਨ ਪਹਿਲਾਂ ਸ੍ਰੀ ਅਕਾਲ ਸਾਹਿਬ ਤੋਂ ਆਪਣੀਆਂ ਗ਼ਲਤੀਆਂ ਮੰਨ ਕੇ ਇੱਕ ਪਾਸੇ ਧਾਰਮਿਕ ਸਜ਼ਾ ਦਾ ਵਿਖਾਵਾ ਕਰਦਾ ਰਿਹਾ ਹੈ, ਦੂਜੇ ਪਾਸੇ ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਹੰਕਾਰ ਦਾ ਨਿਸ਼ਾਨਾ ਵੀ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਬਾਦਲ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਨਿਕਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਪੰਜਾਬ ਅਤੇ ਪੰਥ ਦਾ ਭਲਾ ਚਾਹੁਣ ਵਾਲੇ ਲੋਕ ਇਕ ਵੱਡਾ ਇਕੱਠ ਕਰ ਕੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸੋਚ ਉੱਤੇ ਪਹਿਰਾ ਦਿੰਦੇ ਹੋਏ ਇਕ ਨਵੇਂ ਪੰਥਕ ਅਕਾਲੀ ਦਲ ਦਾ ਗਠਨ ਕਰਨਗੇ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਦੇ ਪਿਤਾ ਬਾਪੂ ਤਰਸੇਮ ਸਿੰਘ ਦਲ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਪਾਰਲੀਮੈਂਟਰੀ ਸਾਲਾਨਾ ਅਖ਼ਤਿਆਰੀ 5 ਕਰੋੜ ਫੰਡ ਨੂੰ ਫਰੀਦਕੋਟ ਹਲਕੇ ’ਚ ਛੇ ਮਹੀਨਿਆਂ ਵਿੱਚ ਵੰਡਣ ਦਾ ਰਿਕਾਰਡ ਪੈਦਾ ਕੀਤਾ ਹੈ। ਇਸ ਮੌਕੇ ਬੀਬੀ ਸੰਦੀਪ ਕੌਰ ਧਰਮ ਪਤਨੀ ਭਾਈ ਖਾਲਸਾ, ਗੁਰਸੇਵਕ ਸਿੰਘ ਜਵਾਹਰਕੇ, ਦਲੇਰ ਸਿੰਘ ਡੋਡ, ਨਿਰਵੈਰ ਸਿੰਘ ਖਾਲਸਾ, ਹਰਜਿੰਦਰ ਸਿੰਘ ਅਕਾਲੀਆਂ ਵਾਲਾ, ਡਾਕਟਰ ਕੁਲਜੀਤ ਸਿੰਘ ਧਰਮਕੋਟ, ਸਤਵੰਤ ਸਿੰਘ, ਗੁਰਜੀਤ ਸਿੰਘ ਸੰਧੂ, ਦਵਿੰਦਰ ਸਿੰਘ ਕੋਟ ਸਦਰ ਖਾਂ ਅਤੇ ਕਮਲਦੀਪ ਸਿੰਘ ਧਰਮਕੋਟ ਆਦਿ ਵੀ ਹਾਜ਼ਰ ਸਨ।