ਬਾਈਕਾਟ ਦਾ ਖ਼ਤਰਾ
ਬੌਲੀਵੁੱਡ ਜਿਸ ਤਰ੍ਹਾਂ ‘ਪਠਾਨ’ ਫਿਲਮ ਦੀ ਸ਼ਾਨਦਾਰ ਸਫ਼ਲਤਾ ਦਾ ਜਸ਼ਨ ਮਨਾਉਣ ਵਿਚ ਰੁੱਝਿਆ ਹੋਇਆ ਹੈ, ਉਸ ਨੂੰ ਖ਼ੁਸ਼ੀ ਦਾ ਇਕ ਹੋਰ ਮੌਕਾ ਮਿਲ ਗਿਆ ਹੈ। ਪ੍ਰਧਾਨ ਮੰਤਰੀ ਦੇ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਫਿਲਮਾਂ ‘ਤੇ ‘ਅਪ੍ਰਸੰਗਿਕ ਟਿੱਪਣੀਆਂ’ ਕਰਨ ਤੋਂ ਰੋਕਣ ਦੀ ਨਸੀਹਤ ਦੇਣ ਤੋਂ ਕੁਝ ਦਿਨਾਂ ਬਾਅਦ, ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਵੀ ਫਿਲਮਾਂ ਅਤੇ ਫਿਲਮ ਨਿਰਮਾਤਾਵਾਂ ਦੇ ਹੱਕ ਵਿਚ ਬੋਲਿਆ ਹੈ। ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਫਿਲਮ ਫੈਸਟੀਵਲ ਦਾ ਉਦਘਾਟਨ ਕਰਦੇ ਹੋਏ ਮੰਤਰੀ ਨੇ ਇਹ ਸਪੱਸ਼ਟ ਮੰਨਿਆ ਕਿ ‘ਅਜਿਹੀਆਂ ਗੱਲਾਂ ਨਾਲ ਮਾਹੌਲ ਖਰਾਬ ਹੁੰਦਾ ਹੈ’। ਅਜਿਹੇ ਸ਼ਬਦ ਬਹੁਤ ਪਹਿਲਾਂ ਕਹੇ ਜਾ ਸਕਦੇ ਸਨ ਪਰ ਜਿਵੇਂ ਕਹਿੰਦੇ ਹਨ, ‘ਦੇਰ ਆਏ ਦਰੁਸਤ ਆਏ।’
ਬਾਈਕਾਟ ਦਾ ਸੱਭਿਆਚਾਰ ਪਿਛਲੇ ਕਾਫ਼ੀ ਸਮੇਂ ਤੋਂ ਹਿੰਦੀ ਫਿਲਮਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ: ਇਹ ਮਾੜਾ ਰੁਝਾਨ ਹਿੰਦੀ ਫਿਲਮਾਂ ਦੇ ਕਾਰੋਬਾਰ ਨੂੰ ਬਰਬਾਦ ਕਰਨ ਵਾਲਾ ਖ਼ਤਰਾ ਹੈ। ਦਰਅਸਲ, ਫਿਲਮਾਂ ਬਣਾਉਣ ਵਾਲਿਆਂ ਦੀ ਆਮਦਨ ਘਟਾਉਣ ਦਾ ਪੂਰਾ ਦੋਸ਼ ਵਧ ਰਹੀ ਅਸਹਿਣਸ਼ੀਲਤਾ ਅਤੇ ਸਮਾਜ ਦੇ ਗੁਮਰਾਹਕੁਨ ਵਰਗਾਂ ਦੇ ਸਿਰ ‘ਤੇ ਨਹੀਂ ਮੜ੍ਹਿਆ ਜਾ ਸਕਦਾ। ਫਿਲਮਾਂ ਦਾ ਵਿਸ਼ਾ ਵੀ ਉਨ੍ਹਾਂ ਦੀ ਸਫ਼ਲਤਾ ਨੂੰ ਨਿਰਧਾਰਤ ਕਰਦਾ ਹੈ। ਦੇਸ਼ ਵਿਚ ਬਣ ਰਹੀਆਂ ਬਹੁਤੀਆਂ ਫਿਲਮਾਂ ਦਿਸ਼ਾਹੀਣ ਹਨ ਅਤੇ ਉਨ੍ਹਾਂ ਦੀ ਸਮਾਜ ਤੋਂ ਦੂਰੀ ਵਧੀ ਹੈ। ਫਿਲਮਾਂ ਦਾ ਬਾਈਕਾਟ ਕਰਨ ਵਾਲੇ ਗ਼ੈਰ-ਜ਼ਰੂਰੀ ਸੱਦੇ ਰਚਨਾਤਮਕ ਪ੍ਰਕਿਰਿਆ ਨੂੰ ਰੋਕਣ ਤੋਂ ਇਲਾਵਾ ਗ਼ਲਤ ਸੰਦੇਸ਼ ਵੀ ਭੇਜਦੇ ਹਨ। ਭਾਰਤ ਦੀ ਫਿਲਮਾਂ ਬਣਾਉਣ ਵਾਲੀ ਸਨਅਤ ਅਤੇ ਸਾਫਟ ਪਾਵਰ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਫਿਲਮ ਸਰਟੀਫਿਕੇਸ਼ਨ ਅਪੀਲੀ ਟ੍ਰਿਬਿਊਨਲ ਜਿਸ ਨੇ ਫਿਲਮ ਨਿਰਮਾਤਾਵਾਂ ਨੂੰ ਆਪਣੀਆਂ ਸ਼ਿਕਾਇਤਾਂ ਪ੍ਰਗਟ ਕਰਨ ਲਈ ਮੰਚ ਦਿੱਤਾ ਸੀ, ਨੂੰ ਖ਼ਤਮ ਕਰਨ ਦੇ ਨਾਲ ਨਾਲ ਸਰਕਾਰ ਦੁਆਰਾ ਸਿਨੇਮੈਟੋਗ੍ਰਾਫ (ਸੋਧ) ਬਿੱਲ 2021 ਦੇ ਮਸੌਦੇ ਵਿਚ ਪ੍ਰਸਤਾਵਿਤ ਸੋਧ ਨੇ ਵੀ ਫਿਲਮ ਉਦਯੋਗ ਨੂੰ ਖ਼ੁਸ਼ ਨਹੀਂ ਕੀਤਾ ਹੈ। ਖ਼ੁਸ਼ਕਿਸਮਤੀ ਨਾਲ, ਸਰਕਾਰ ਇਨ੍ਹਾਂ ਮਾਮਲਿਆਂ ‘ਤੇ ਮੁੜ ਵਿਚਾਰ ਕਰ ਰਹੀ ਹੈ, ਖ਼ਾਸ ਤੌਰ ‘ਤੇ ਇਸ ਦੀਆਂ ਪ੍ਰਸਤਾਵਿਤ ਸੰਸ਼ੋਧਨ ਸ਼ਕਤੀਆਂ ਅਤੇ ਕਿਸੇ ਫਿਲਮ ਦੇ ਪ੍ਰਮਾਣੀਕਰਨ ਨੂੰ ਵਾਪਸ ਲੈਣ/ਉਲਟਾਉਣ ਦਾ ਅਧਿਕਾਰ। ਸੀਮਾ ਰਹਿਤ ਮਨੋਰੰਜਨ ਦੇ ਦਿਨਾਂ ਵਿਚ ਸੈਂਸਰਸ਼ਿਪ ਦੀ ਭੂਮਿਕਾ ਆਪਣੇ ਆਪ ਘਟ ਰਹੀ ਹੈ ਪਰ ਆਪ ਬਣੇ ਸੈਂਸਰਾਂ ਦੀ ਬ੍ਰਿਗੇਡ ਜੋ ਆਪਣੇ ਕਾਨੂੰਨ ਖ਼ੁਦ ਬਣਾਉਂਦੇ ਹਨ, ਤੋਂ ਚੇਤੰਨ ਰਹਿਣ ਦੀ ਜ਼ਰੂਰਤ ਹੈ। ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਫਿਲਮਾਂ ਦਾ ਸਮਾਜਿਕ ਸਰੋਕਾਰਾਂ ਨਾਲ ਸਬੰਧ ਘੱਟ ਰਿਹਾ ਹੈ ਅਤੇ ਪੱਛਮੀ ਫਿਲਮਾਂ ਦੀ ਨਕਲ ਵਧ ਰਹੀ ਹੈ। ਫਿਲਮਾਂ ਦਾ ਕੰਮ ਲੋਕਾਂ ਦਾ ਮਨੋਰੰਜਨ ਕਰਨਾ ਹੈ ਪਰ ਇਸ ਮਨੋਰੰਜਨ ਵਿਚ ਸੁਹਜ ਅਤੇ ਸਮਾਜਿਕਤਾ ਦਾ ਸਥਾਨ ਕੇਂਦਰੀ ਹੋਣਾ ਚਾਹੀਦਾ ਹੈ। ਨਿਰੋਲ ਹਿੰਸਾ ਅਤੇ ਸਰੀਰਕਤਾ ‘ਤੇ ਆਧਾਰਿਤ ਫਿਲਮਾਂ ਨਾ ਸਿਰਫ਼ ਨੌਜਵਾਨਾਂ ਨੂੰ ਗੁਮਰਾਹ ਕਰਦੀਆਂ ਹਨ ਸਗੋਂ ਸਮਾਜ ਦੀ ਮਾਨਸਿਕਤਾ ਵਿਚ ਵੀ ਸਮੂਹਿਕ ਵਿਗਾੜ ਪੈਦਾ ਕਰਦੀਆਂ ਹਨ। ਭਾਰਤੀ ਫਿਲਮਾਂ ਦਾ ਇਤਿਹਾਸ ਸ਼ਾਨਦਾਰ ਹੈ ਅਤੇ ਫਿਲਮ ਨਿਰਦੇਸ਼ਕ ਤੇ ਨਿਰਮਾਤਾ ਵਧੀਆ ਤੇ ਸੰਵੇਦਨਸ਼ੀਲ ਫਿਲਮਾਂ ਬਣਾ ਸਕਦੇ ਹਨ।