ਬਾਇਓ ਗੈਸ ਫੈਕਟਰੀ ਵਿਰੁੱਧ ਭੂੰਦੜੀ ਵਿੱਚ ਰੈਲੀ
ਪਿੰਡ ਭੂੰਦੜੀ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਖ਼ਿਲਾਫ਼ ਅੱਜ ਪੱਕੇ ਮੋਰਚੇ ਵੱਲੋਂ ਭਰਵੀਂ ਰੈਲੀ ਕੀਤੀ ਗਈ। ਗੈਸ ਫੈਕਟਰੀਆਂ ਵਿਰੋਧੀ ਤਾਲਮੇਲ ਸ਼ੰਘਰਸ਼ ਕਮੇਟੀ ਪੰਜਾਬ ਨੇ ਇਸ ਸਮੇਂ ਭੂੰਦੜੀ ਸਮੇਤ ਹੋਰਨਾਂ ਥਾਵਾਂ ’ਤੇ ਲੱਗ ਰਹੀਆਂ ਬਾਇਓ ਗੈਸ ਫੈਕਟਰੀਆਂ ਖ਼ਿਲਾਫ਼ ਵਿੱਢਿਆ ਸੰਘਰਸ਼ ਫੈਕਟਰੀਆਂ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਤੱਕ ਜਾਰੀ ਰੱਖਣ ਦਾ ਅਹਿਦ ਦੁਹਰਾਇਆ। ਰੈਲੀ ਨੂੰ ਸੰਬੋਧਨ ਕਰਦਿਆਂ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਭੂੰਦੜੀ, ਕੰਵਲਜੀਤ ਖੰਨਾ, ਬਲਵੰਤ ਸਿੰਘ ਘੜਾਨੀ, ਡਾ. ਬਲਵਿੰਦਰ ਸਿੰਘ ਔਲਖ, ਸੁਰਜੀਤ ਦੌਧਰ, ਬਲਰਾਜ ਸਿੰਘ ਰਾਜੂ ਨੇ ਕਿਹਾ ਕਿ ਪੰਜਾਬ ਅੰਦਰ ਲੱਗ ਰਹੀਆਂ ਇਹ ਬਾਇਓ ਗੈਸ ਫੈਕਟਰੀਆਂ ਅਸਲ ਵਿੱਚ ਕੈਂਸਰ ਕੈਂਸਰ ਫੈਕਟਰੀਆਂ ਹਨ। ਇਸੇ ਕਾਰਨ ਜਿੱਥੇ ਵੀ ਇਹ ਲੱਗਣੀਆਂ ਹਨ ਉਥੇ ਹੀ ਲੋਕ ਵਿਰੋਧ ਵਿੱਚ ਉੱਠ ਖੜ੍ਹੇ ਹੋਏ ਹਨ।
ਉਨ੍ਹਾਂ ਕਿਹਾ ਕਿ ਬਾਇਓ ਗੈਸ ਬਣਾਉਣ ਮਗਰੋਂ ਜੋ ਦੂਸ਼ਿਤ ਪਾਣੀ ਨਿਕਲੇਗਾ ਉਹ ਧਰਤੀ ਵਿਚਲੇ ਪਾਣੀ ਨਾਲ ਰਲ ਕੇ ਕੈਂਸਰ ਪੈਦਾ ਕਰੇਗਾ। ਧਰਤੀ ਅੰਦਰਲਾ ਪਾਣੀ ਖ਼ਰਾਬ ਹੋਣ ਨਾਲ ਬੱਚਿਆਂ ਅੰਦਰ ਹਾਰਮੋਨ ਸਮੱਸਿਆ ਪੈਦਾ ਹੋਵੇਗੀ। ਇਸ ਤਰ੍ਹਾਂ ਨਸਲਘਾਤ ਵੀ ਹੋਵੇਗਾ।
ਅੱਜ ਪ੍ਰਦਰਸ਼ਨਕਾਰੀਆਂ ਨੇ ਡਰੋਨ ਰਾਹੀਂ ਤਸਵੀਰ ਬਣਾ ਕੇ ਪਿੰਡ ਦੀ ਆਬਾਦੀ ਦੀ ਦੂਰੀ ਦਿਖਾਈ ਅਤੇ ਕਿਹਾ ਗਿਆ ਕਿ ਉੱਚ ਅਦਾਲਤ ਨੂੰ ਵੀ ਉਹ ਸਾਬਤ ਕਰਕੇ ਦਿਖਾ ਸਕਦੇ ਹਨ। ਸਕੂਲ 138 ਮੀਟਰ ਅਤੇ ਛੱਪੜ 46 ਮੀਟਰ ’ਤੇ ਹੈ। ਆਗੂਆਂ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਫੈਕਟਰੀ ਨਹੀਂ ਲੱਗਣ ਦਿੱਤੀ ਜਾਵੇਗੀ। ਇਕ ਮਤੇ ਰਾਹੀਂ ਮੁਸ਼ਕਾਬਾਦ ਦੇ ਸਾਬਕਾ ਸਰਪੰਚ ਮਲਵਿੰਦਰ ਸਿੰਘ ਤੇ ਹਰਮੇਲ ਸਿੰਘ ਸਣੇ ਹੋਰ ਸੰਘਰਸ਼ੀ ਯੋਧਿਆਂ ਨੂੰ ਪ੍ਰਸ਼ਾਸਨ ਵੱਲੋਂ ਤੰਗ ਪ੍ਰੇਸ਼ਾਨ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਦੱਸਿਆ ਕਿ 14 ਜਨਵਰੀ ਨੂੰ ਇਕ ਉੱਚ ਪੱਧਰੀ ਵਫ਼ਦ ਡੀਸੀ ਲੁਧਿਆਣਾ ਨੂੰ ਮਿਲੇਗਾ।