ਬਾਇਓ ਗੈਸ ਪਲਾਂਟ ਦੇ ਅਧਿਕਾਰੀਆਂ ’ਤੇ ਬੇਨਿਯਮੀਆਂ ਦੇ ਦੋਸ਼
ਭੋਗਪੁਰ, 7 ਮਈ
ਸਹਿਕਾਰੀ ਖੰਡ ਮਿੱਲ ਭੋਗਪੁਰ ਵਿੱਚ ਲੱਗ ਰਹੇ ਸੀਐੱਨਜੀ ਬਾਇਓ ਗੈਸ ਪਲਾਟ ’ਚ ਉਦੋਂ ਨਵਾਂ ਮੋੜ ਆਇਆ ਜਦੋਂ ਪਲਾਂਟ ਲੱਗਣ ਦਾ ਵਿਰੋਧ ਕਰਨ ਵਾਲੀ ਤਾਲਮੇਲ ਸੰਘਰਸ਼ ਕਮੇਟੀ ਨੇ ਰਾਜ ਕੁਮਾਰ ਰਾਜਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਨੂੰ ਮੰਗ ਪੱਤਰ ਦੇ ਕੇ ਪਲਾਂਟ ਨਾਲ ਸਬੰਧਤ ਅਧਿਕਾਰੀ ’ਤੇ ਦੋਸ਼ ਲਗਾਇਆ ਕਿ ਪਲਾਟ ’ਤੇ ਚੱਲ ਰਹੇ ਕੰਮ ਲਈ ਬਿਜਲੀ ਚੋਰੀ ਕੀਤੀ ਗਈ ਅਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਨ ਲਈ ਨਗਰ ਕੌਂਸਲ ਭੋਗਪੁਰ ਤੋਂ ਪ੍ਰਵਾਨਗੀ ਨਹੀਂ ਲਈ ਗਈ। ਭਾਵੇਂ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਸੇ ਅਧਿਕਾਰੀ ਦਾ ਨਾਂ ਮੰਗ ਪੱਤਰ ’ਤੇ ਨਹੀਂ ਲਿਖਿਆ ਪਰ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਖੰਡ ਮਿੱਲ ਦਾ ਜੀਐੱਮ ਗੁਰਵਿੰਦਰ ਪਾਲ ਸਿੰਘ ਅਤੇ ਬਿਜਲੀ ਬੋਰਡ ਦਾ ਐਕਸੀਅਨ ਜਸਵੰਤ ਸਿੰਘ ਪਾਬਲਾ ਬਾਇਓ ਗੈਸ ਪਲਾਂਟ ’ਚ ਬਿਜਲੀ ਚੋਰੀ ਕਰਾ ਰਿਹਾ ਹੈ ਪਰ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੈ।
ਖੰਡ ਮਿੱਲ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਦੋਸ਼ ਨਕਾਰੇ
ਖੰਡ ਮਿੱਲ ਦੇ ਜੀਐੱਮ ਗੁਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਵਿਧਾਇਕ ਕੋਟਲੀ ਪਿਛਲੇ ਲੰਮੇ ਸਮੇਂ ਤੋਂ ਅਧਿਕਾਰੀਆਂ ’ਤੇ ਝੂਠੇ ਦੋਸ਼ ਲਗਾ ਕੇ ਖੰਡ ਮਿੱਲ ਨੂੰ ਬੰਦ ਕਰਾਉਣਾ ਚਾਹੁੰਦਾ ਹੈ। ਬਿਜਲੀ ਬੋਰਡ ਦੇ ਐਕਸੀਅਨ ਜਸਵੰਤ ਸਿੰਘ ਪਾਬਲਾ ਨੇ ਕਿਹਾ ਕਿ ਜਦ ਖੰਡ ਮਿੱਲ ਵਿੱਚ ਬਿਜਲੀ ਚੋਰੀ ਬਾਰੇ ਮਹਿਕਮੇ ਨੂੰ ਜਾਣਕਾਰੀ ਮਿਲੀ ਤਾਂ ਐੱਸਡੀਓ ਦਲਜੀਤ ਸਿੰਘ ਦੀ ਅਗਵਾਈ ਵਿੱਚ ਟੀਮ ਭੇਜ ਕੇ ਛਾਪਾ ਮਾਰਿਆ ਪਰ ਅਜਿਹਾ ਕੁੱਝ ਨਹੀਂ ਮਿਲਿਆ। ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਖੰਡ ਮਿੱਲ ਵਿੱਚ ਬਿਜਲੀ ਪੈਦਾ ਕਰਨ ਵਾਲਾ ਪਲਾਂਟ ਨਿਜੀ ਕੰਪਨੀ ਦਾ ਹੈ ਅਤੇ ਬਾਇਓ ਗੈਸ ਪਲਾਂਟ ਵੀ ਨਿੱਜੀ ਕੰਪਨੀ ਦਾ ਹੈ, ਜਿਨ੍ਹਾਂ ਨੇ ਖੰਡ ਮਿੱਲ ਨਾਲ ਐੱਮਓਯੂ ਕੀਤੇ ਹੋਏ ਹਨ। ਇਸ ਲਈ ਦੋਵਾਂ ਪਲਾਟਾਂ ਦਾ ਸਿੱਧੇ ਰੂਪ ਵਿੱਚ ਖੰਡ ਮਿੱਲ ਦੇ ਅਧਿਕਾਰੀਆਂ ਨਾਲ ਕੋਈ ਸਬੰਧ ਨਹੀਂ ਹੈ।