ਬਹੁਗੁਣਾ ਅਥਲੀਟ ਸਬੈਸਟੀਅਨ ਕੋਅ
ਪ੍ਰਿੰਸੀਪਲ ਸਰਵਣ ਸਿੰਘ

ਸਬੈਸਟੀਅਨ ਕੋਅ ਬਰਤਾਨੀਆ ਦਾ ਬਹੁਗੁਣਾ ਅਥਲੀਟ ਤੇ ਖੇਡ ਪ੍ਰਬੰਧਕ ਹੈ। ਥ੍ਰੀ-ਇਨ-ਵਨ ਦੀ ਥਾਂ ਟੈੱਨ-ਇਨ-ਵਨ। ਹੈਰਾਨੀ ਹੁੰਦੀ ਹੈ ਉਸ ਦੀ ਪ੍ਰਤਿਭਾ ’ਤੇ। ਉਸ ਨੇ ਓਲੰਪਿਕ ਖੇਡਾਂ ’ਚੋਂ 4 ਮੈਡਲ ਜਿੱਤੇ ਤੇ ਆਪਣੇ ਖੇਡ ਕਰੀਅਰ ਦੌਰਾਨ 9 ਆਊਟਡੋਰ ਤੇ 3 ਇਨਡੋਰ ਵਿਸ਼ਵ ਰਿਕਾਰਡ ਰੱਖੇ। ਉਹ 800 ਤੇ 1500 ਮੀਟਰ ਦੌੜਾਂ ਦਾ ਵਿਸ਼ਵ ਚੈਂਪੀਅਨ ਬਣਿਆ ਤੇ ਦੌੜਾਂ ਤੋਂ ਰਿਟਾਇਰ ਹੋਣ ਪਿੱਛੋਂ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ। ਉਹ ਲੌਗਬਰੋ ਯੂਨੀਵਰਸਿਟੀ ਦਾ ਪ੍ਰੋ ਚਾਂਸਲਰ ਤੇ ਚਾਂਸਲਰ ਰਿਹਾ ਅਤੇ ਵਰਲਡ ਅਥਲੈਟਿਕਸ ਦਾ ਪ੍ਰਧਾਨ ਬਣਿਆ। ਉਸ ਨੂੰ ਲਾਰਡ ਦਾ ਖ਼ਿਤਾਬ ਤੇ ਦਰਜਨਾਂ ਹੋਰ ਮਾਣ ਸਨਮਾਨ ਮਿਲੇ। ਕੋਅ ਬ੍ਰਿਟਿਸ਼ ਓਲੰਪਿਕ ਐਸੋਸੀਏਸ਼ਨ ਦਾ ਚੇਅਰਮੈਨ ਹੋਣ ਦੇ ਨਾਲ ਲੰਡਨ ਦੀਆਂ ਓਲੰਪਿਕ ਤੇ ਪੈਰਾਲੰਪਿਕ ਖੇਡਾਂ-2012 ਦੀ ਸੰਚਾਲਨ ਕਮੇਟੀ ਦਾ ਵੀ ਚੇਅਰਮੈਨ ਰਿਹਾ। 2025 ’ਚ ਉਸ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਪ੍ਰਧਾਨ ਬਣਨ ਲਈ ਚੋਣ ਲੜੀ, ਪਰ ਜਿੱਤ ਨਾ ਸਕਿਆ।
ਸਬੈਸਟੀਅਨ ਨਿਊਬੋਲਡ ਕੋਅ ਦਾ ਜਨਮ ਕੁਈਬ ਸ਼ੈਰਲੋਟਜ਼ ਐਂਡ ਚੈਲਸੀ ਹਸਪਤਾਲ ਹੈਮਰਸਮਿੱਥ, ਲੰਡਨ ਵਿਖੇ 29 ਸਤੰਬਰ 1956 ਨੂੰ ਹੋਇਆ। ਉਸ ਦਾ ਪਿਤਾ ਪੀਟਰ ਕੋਅ ਅਥਲੈਟਿਕਸ ਕੋਚ ਸੀ ਤੇ ਮਾਂ ਟੀਨਾ ਅੰਗੀਲਾ ਲਾਲ, ਅਰਧ ਇੰਡੀਅਨ ਲੇਡੀ ਦੀ ਧੀ ਸੀ। ਉਸ ਦੀ ਮਾਂ ਪੰਜਾਬੀ ਮੂਲ ਦੇ ਵਿਅਕਤੀ ਸਰਦਾਰੀ ਲਾਲ ਮਲਹੋਤਰਾ ਦੀ ਪਤਨੀ ਸੀ। ਇਉਂ ਸਰਦਾਰੀ ਲਾਲ ਮਲੋਹਤਰਾ ਸਬੈਸਟੀਅਨ ਕੋਅ ਦਾ ਨਾਨਾ ਸੀ ਤੇ ਸਬੈਸਟੀਅਨ ਉਹਦਾ ਦੋਹਤਾ। ਉਹਦੀ ਮਾਤਾ ਟੀਨਾ ਅੰਗੀਲਾ ਲਾਲ 2005 ਵਿੱਚ ਲੰਡਨ ਵਿਖੇ ਪ੍ਰਲੋਕ ਸਿਧਾਰੀ। ਉਦੋਂ ਉਸ ਦੀ ਉਮਰ 75 ਸਾਲ ਦੀ ਸੀ। ਸਬੈਸਟੀਅਨ ਦਾ ਬਾਪ ਪੀਟਰ ਕੋਅ 9 ਅਗਸਤ 2008 ਨੂੰ 88 ਸਾਲ ਦੀ ਉਮਰੇ ਗੁਜ਼ਰਿਆ। ਉਦੋਂ ਸਬੈਸਟੀਅਨ ਬੀਜਿੰਗ ਦੀਆਂ ਓਲੰਪਿਕ ਖੇਡਾਂ ’ਚ ਡਿਊਟੀ ਨਿਭਾਉਣ ਗਿਆ ਹੋਇਆ ਸੀ।
1980 ਤੇ 1984 ਦੀਆਂ ਓਲੰਪਿਕ ਖੇਡਾਂ ’ਚੋਂ 2 ਗੋਲਡ ਤੇ 2 ਸਿਲਵਰ ਮੈਡਲ ਜਿੱਤਣ ਪਿੱਛੋਂ ਸਬੈਸਟੀਅਨ ਕੋਅ ਸਿਓਲ-1988 ਦੀਆਂ ਓਲੰਪਿਕ ਖੇਡਾਂ ’ਚੋਂ ਤੀਜੀ ਵਾਰ ਮੈਡਲ ਜਿੱਤਣ ਲਈ ਤਿਆਰ ਸੀ। ਉਨ੍ਹੀਂ ਦਿਨੀਂ ਮੱਧ ਦੂਰੀ ਦੀਆਂ ਦੋਹਾਂ ਦੌੜਾਂ ਦੇ ਵਿਸ਼ਵ ਰਿਕਾਰਡ ਉਹਦੇ ਨਾਂ ਸਨ, ਪਰ ਟਰਾਇਲਾਂ ਤੋਂ ਪਹਿਲਾਂ ਉਹ ਛਾਤੀ ਦੀ ਇਨਫੈਕਸ਼ਨ ਨਾਲ ਬਿਮਾਰ ਹੋ ਗਿਆ ਜੋ ਗਾਹੇ ਬਗਾਹੇ ਪਹਿਲਾਂ ਵੀ ਹੋ ਜਾਂਦਾ ਸੀ। ਇਲਾਜ ਅਧੀਨ ਹੋਣ ਕਾਰਨ ਉਹ ਟਰਾਇਲ ਨਾ ਦੇ ਸਕਿਆ ਤੇ ਤੀਜੀ ਵਾਰ ਬਰਤਾਨੀਆ ਦੀ ਓਲੰਪਿਕ ਟੀਮ ਵਿੱਚ ਚੁਣਿਆ ਨਾ ਜਾ ਸਕਿਆ।
ਉਹਦੇ ਕੋਚਾਂ ਦਾ ਅਨੁਮਾਨ ਸੀ ਕਿ ਕੋਅ ਘੱਟੋ-ਘੱਟ ਦੋ ਮੈਡਲ ਹੋਰ ਜਿੱਤੇਗਾ ਭਾਵੇਂ ਉਨ੍ਹਾਂ ਦਾ ਰੰਗ ਕੋਈ ਵੀ ਹੋਵੇ। ਆਈਓਸੀ ਦੇ ਪ੍ਰਧਾਨ ਨੇ ਵੀ ਚਾਹਿਆ ਸੀ ਕਿ ਕੋਅ ਓਲੰਪਿਕ ਖੇਡਾਂ ’ਚ ਸ਼ਾਮਲ ਹੋਵੇ, ਪਰ ਬਰਤਾਨੀਆ ਦੇ ਕਿਸੇ ਹੋਰ ਦੌੜਾਕ ਦਾ ਹੱਕ ਮਾਰ ਕੇ ਕੀਤਾ ਨਹੀਂ ਸੀ ਜਾ ਸਕਦਾ। ਪੰਜਾਬੀ ਮੂਲ ਦੇ ਸਰਦਾਰੀ ਲਾਲ ਮਲਹੋਤਰਾ ਦਾ ਦੋਹਤਾ ਹੋਣ ਕਰਕੇ ਭਾਰਤ ਨੇ ਵੀ ਕੋਅ ਨੂੰ ਪੇਸ਼ਕਸ਼ ਕੀਤੀ ਕਿ ਉਹ ਭਾਰਤ ਵੱਲੋਂ ਸਿਓਲ-1988 ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲੈ ਲਵੇ, ਪਰ ਓਲੰਪਿਕ ਖੇਡਾਂ ਦੇ ਸਖ਼ਤ ਨਿਯਮਾਂ ਕਾਰਨ ਉਹ ਨਾ ਬਰਤਾਨੀਆ ਤੇ ਨਾ ਭਾਰਤ, ਕਿਸੇ ਵੀ ਮੁਲਕ ਵੱਲੋਂ ਸਿਓਲ ਦੀਆਂ ਓਲੰਪਿਕ ਖੇਡਾਂ ’ਚ ਭਾਗ ਨਾ ਲੈ ਸਕਿਆ।
ਕੋਅ ਜਦੋਂ ਸਾਲ ਕੁ ਦਾ ਸੀ, ਉਨ੍ਹਾਂ ਦਾ ਪਰਿਵਾਰ ਵਾਰਵਿਕਸ਼ਾਇਰ ਚਲਾ ਗਿਆ ਗਿਆ ਸੀ। ਉੱਥੇ ਕੋਅ ਪਹਿਲਾਂ ਬ੍ਰਿਜਟਾਊਨ ਦੇ ਪ੍ਰਾਇਮਰੀ ਸਕੂਲ ਤੇ ਫਿਰ ਸਟ੍ਰੈਹੱਗ ਕਲੋਪਟਨ ਦੇ ਸੈਕੰਡਰੀ ਸਕੂਲ ਵਿੱਚ ਪੜ੍ਹਿਆ। ਉੱਥੋਂ ਫਿਰ ਉਨ੍ਹਾਂ ਦਾ ਪਰਿਵਾਰ ਸ਼ੈਫੀਲਡ ਚਲਾ ਗਿਆ ਜਿੱਥੇ ਟੈਪਟੋਨ ਸਕੂਲ ਵਿੱਚ ਪੜ੍ਹਾਈ ਨਾਲ ਖੇਡਾਂ ਦੀ ਸਿਖਲਾਈ ਵੀ ਮਿਲਦੀ ਸੀ। ਉਹ ਅਜੇ 12 ਸਾਲਾਂ ਦਾ ਹੋਇਆ ਸੀ ਕਿ ਕੋਚਾਂ ਦੀ ਸਿਖਲਾਈ ਨਾਲ ਮਿਡਲ ਦੌੜਾਂ ’ਚ ਭਾਗ ਲੈਣ ਲੱਗ ਪਿਆ। ਟੈਪਟੋਨ ਸਕੂਲ ਵਿੱਚ ਉਸ ਨੂੰ ਡੇਵਿਡ ਜੈਕਸਨ ਮਿਲਿਆ ਜੋ ਜੁਗਰਾਫੀਏ ਦਾ ਅਧਿਆਪਕ ਤੇ ਕਰਾਸ ਕੰਟਰੀ ਦਾ ਦੌੜਾਕ ਰਿਹਾ ਸੀ। ਉੱਥੇ ਜੈਕਸਨ ਤੋਂ ਕੋਅ ਨੂੰ ਵਿਸ਼ੇਸ਼ ਕੋਚਿੰਗ ਮਿਲਣ ਲੱਗੀ। ਕੋਚਿੰਗ ਦੇਣ ਵਾਲਿਆਂ ’ਚ ਉਸ ਦਾ ਪਿਤਾ ਪੀਟਰ ਕੋਅ ਵੀ ਸ਼ਾਮਲ ਸੀ। ਉਨ੍ਹਾਂ ਦੇ ਯਤਨਾਂ ਨਾਲ ਉਹ ਲੌਗਬਰੋ ਯੂਨੀਵਰਸਿਟੀ ਦੀ ਟੀਮ ਵਿੱਚ ਚੁਣਿਆ ਗਿਆ। ਦੌੜਨ ਦੇ ਨਾਲ ਉਹ ਪੜ੍ਹਾਈ ’ਚ ਵੀ ਹੁਸ਼ਿਆਰ ਸੀ। ਯੂਨੀਵਰਸਿਟੀ ਦੇ ਅਥਲੈਟਿਕਸ ਕੋਚ ਜੌਰਜ ਗੈਂਡੀ ਨੇ ਕੋਅ ਦੀ ਐਸੀ ਕੰਡੀਸ਼ਨਿੰਗ ਕਰਵਾਈ ਕਿ ਉਹਦਾ ਦਮ ਵੀ ਪੱਕ ਗਿਆ ਤੇ ਦੌੜ ਵੀ ਤੇਜ਼ ਹੋ ਗਈ।
ਸਬੈਸਟੀਅਨ ਕੋਅ ਦਾ ਪਹਿਲਾ ਵੱਡਾ ਮੁਕਾਬਲਾ ਉਹਦੇ ਬ੍ਰਿਟਨ ਦੇ ਹੀ ਸਾਥੀ ਸਟੀਵ ਓਵੈੱਟ ਨਾਲ ਹੋਇਆ। ਉਨ੍ਹਾਂ ਵਿਚਕਾਰ 800 ਮੀਟਰ ਦੀ ਪਹਿਲੀ ਦੌੜ ਸਪੇਨ ਦੇ ਸ਼ਹਿਰ ਸਬੈਸਟੀਅਨ ’ਚ ਲੱਗੀ। ਉੱਥੇ ਯੂਰਪੀ ਇਨਡੋਰ ਚੈਂਪੀਅਨਸ਼ਿਪ ਹੋ ਰਹੀ ਸੀ। ਉਨ੍ਹਾਂ ਵਿਚਕਾਰ ਅਗਲੀ 800 ਮੀਟਰ ਦੀ ਦੌੜ ਪਰਾਗ ਵਿੱਚ ਲੱਗੀ ਜਿੱਥੇ ਦੋਹਾਂ ’ਚੋਂ ਕਿਸੇ ਦੀ ਵੀ ਜਿੱਤ ਨਾ ਹੋਈ। ਅਗਲੇ ਸਾਲ ਨਾਰਵੇ ਦੇ ਸ਼ਹਿਰ ਓਸਲੋ ਵਿੱਚ ਦੌੜਦਿਆਂ ਕੋਅ ਨੇ 800 ਮੀਟਰ ਤੇ ਇੱਕ ਮੀਲ ਦੀ ਦੌੜ ਵਿੱਚ ਨਵੇਂ ਵਿਸ਼ਵ ਰਿਕਾਰਡ ਰੱਖੇ। ਅਜਿਹੀ ਹੋਣਹਾਰੀ ਵਿਖਾਉਣ ਨਾਲ ਕੋਅ ਦੀ ਕੁੱਲ ਦੁਨੀਆ ’ਚ ਬੱਲੇ-ਬੱਲੇ ਹੋ ਗਈ। ਤਦ ਤੱਕ ਕੋਅ 24 ਸਾਲਾਂ ਦਾ ਭਰ ਜੁਆਨ ਹੋ ਗਿਆ ਸੀ। ਉੱਤੋਂ ਮਾਸਕੋ ਦੀਆਂ ਓਲੰਪਿਕ ਖੇਡਾਂ ਆ ਰਹੀਆਂ ਸਨ। ਚਰਚਾ ਸੀ ਕਿ 800 ਮੀਟਰ ਦੌੜ ਦਾ ਓਲੰਪਿਕ ਚੈਂਪੀਅਨ ਸਬੈਸਟੀਅਨ ਕੋਅ ਬਣੇਗਾ ਤੇ 1500 ਮੀਟਰ ਦੀ ਦੌੜ ਦਾ ਸਟੀਵ ਓਵੈੱਟ, ਪਰ ਨਤੀਜਾ ਉਲਟ ਪੁਲਟ ਨਿਕਲਿਆ।
ਕੋਅ ਦਾ ਕੱਦ 5 ਫੁੱਟ 9 ਇੰਚ ਤੇ ਵਜ਼ਨ 119 ਪੌਂਡ ਸੀ ਜਦ ਕਿ ਓਵੈੱਟ 6 ਫੁੱਟ ਲੰਮਾ ਤੇ 154 ਪੌਂਡ ਭਾਰਾ ਸੀ। ਲੱਗਦਾ ਸੀ ਕਿ ਜੁੱਸੇ ਦਾ ਤਕੜਾ ਹੋਣ ਕਰਕੇ ਓਵੈੱਟ ਜਿੱਤੇਗਾ। 800 ਮੀਟਰ ਦੀ ਫਾਈਨਲ ਦੌੜ ਸ਼ੁਰੂ ਹੋਈ ਤਾਂ ਮਾਸਕੋ ਦਾ ਸਟੇਡੀਅਮ ਨੱਕੋ ਨੱਕ ਭਰਿਆ ਹੋਇਆ ਸੀ। ਕੋਅ ਅੱਗੇ ਦੌੜਦਾ ਗਿਆ ਤੇ ਓਵੈੱਟ ਪਿੱਛੇ। ਆਖ਼ਰੀ ਸੱਤਰ ਕੁ ਮੀਟਰ ਦੌੜਨੇ ਰਹਿ ਗਏ ਤਾਂ ਓਵੈੱਟ ਨੇ ਲੰਮੇ ਕਦਮਾਂ ਨਾਲ ਦੌੜਦਿਆਂ ਲੀਡ ਲੈ ਲਈ ਤੇ ਫੀਤੇ ਨੂੰ ਸਭ ਤੋਂ ਪਹਿਲਾਂ ਜਾ ਛੋਹਿਆ। ਕੋਅ ਦੂਜੇ ਸਥਾਨ ’ਤੇ ਰਿਹਾ। ਮਾਸਕੋ ’ਚ 1500 ਮੀਟਰ ਦੀ ਦੌੜ ਦਾ ਨਤੀਜਾ ਵੀ ਅੰਦਾਜ਼ੇ ਦੇ ਉਲਟ ਨਿਕਲਿਆ। ਉਹ ਦੌੜ ਸਬੈਸਟੀਅਨ ਕੋਅ ਦੇ ਹਿੱਸੇ ਆਈ। ਸਟੀਵ ਓਵੈੱਟ ਪਹਿਲੇ ਜਾਂ ਦੂਜੇ ਸਥਾਨ ’ਤੇ ਆਉਣ ਦੀ ਥਾਂ ਤੀਜੇ ਥਾਂ ਜਾ ਪਿਆ! ਇੰਜ ਕੋਅ ਦੇ ਹਿੱਸੇ ਇੱਕ ਗੋਲਡ ਤੇ ਇੱਕ ਸਿਲਵਰ ਮੈਡਲ ਆਇਆ ਜਦ ਕਿ ਓਵੈੱਟ ਨੂੰ ਇੱਕ ਗੋਲਡ ਤੇ ਇੱਕ ਕਾਂਸੀ ਦੇ ਮੈਡਲ ਨਾਲ ਸਬਰ ਕਰਨਾ ਪਿਆ।
1984 ਵਿੱਚ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਸਮੇਂ ਸਥਿਤੀ ਫਿਰ ਮਾਸਕੋ ਦੀਆਂ ਖੇਡਾਂ ਵਰਗੀ ਸੀ। ਮਾਸਕੋ ਦੀਆਂ ਓਲੰਪਿਕ ਖੇਡਾਂ ਦਾ ਅਮਰੀਕਾ ਦੇ ਧੜੇ ਨੇ ਬਾਈਕਾਟ ਕੀਤਾ ਸੀ ਜਿਸ ਬਦਲੇ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਦਾ ਸੋਵੀਅਤ ਰੂਸੀ ਧੜੇ ਨੇ ਬਾਈਕਾਟ ਕਰ ਦਿੱਤਾ, ਪਰ ਗ੍ਰੇਟ ਬ੍ਰਿਟੇਨ ਦੇ ਖਿਡਾਰੀਆਂ ਨੇ ਦੋਹਾਂ ਓਲੰਪਿਕ ਖੇਡਾਂ ’ਚ ਭਾਗ ਲਿਆ। ਲਾਸ ਏਂਜਲਸ ਵਿਖੇ 800 ਤੇ 1500 ਮੀਟਰ ਦੀਆਂ ਦੌੜਾਂ ’ਚ ਮਾਸਕੋ ਵਾਂਗ ਫਿਰ ਫਸਵਾਂ ਮੁਕਾਬਲਾ ਕੋਅ ਤੇ ਓਵੈੱਟ ਵਿਚਕਾਰ ਸੀ। 1981 ਵਿੱਚ ਕੋਅ ਨੇ 800 ਮੀਟਰ ਤੇ 1000 ਮੀਟਰ ਦੌੜਾਂ ਦੇ ਵਿਸ਼ਵ ਰੱਖੇ ਸਨ। ਉਦੋਂ ਤੋਂ ਕੋਅ ਤੇ ਓਵੈੱਟ ਦੀ ਖਹਿਬਾਜ਼ੀ ਸਿਖਰਾਂ ’ਤੇ ਸੀ। 19 ਅਗਸਤ 1981 ਨੂੰ ਮੀਲ ਦੀ ਦੌੜ ਵਿੱਚ ਕੋਅ ਨੇ ਓਵੈੱਟ ਨੂੰ ਪਛਾੜਦਿਆਂ ਉਹਦਾ ਵਿਸ਼ਵ ਰਿਕਾਰਡ 3 ਮਿੰਟ 48.53 ਸੈਕੰਡ ਦੇ ਸਮੇਂ ਨਾਲ ਤੋੜ ਦਿੱਤਾ ਸੀ, ਪਰ ਇੱਕ ਹਫ਼ਤੇ ਬਾਅਦ ਹੀ 28 ਅਗਸਤ ਨੂੰ ਓਵੈੱਟ ਨੇ ਮੀਲ ਦੀ ਦੌੜ 3 ਮਿੰਟ 47.33 ਸੈਕੰਡ ’ਚ ਪੂਰੀ ਕਰ ਕੇ ਕੋਅ ਦਾ ਵਿਸ਼ਵ ਰਿਕਾਰਡ ਤੋੜਦਿਆਂ ਫਿਰ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ ਸੀ। 1982-83 ਦੌਰਾਨ ਕੋਅ ਦੀ ਲੰਮੀ ਬਿਮਾਰੀ ਕਾਰਨ ਉਨ੍ਹਾਂ ਵਿਚਕਾਰ ਕੋਈ ਮੁਕਾਬਲਾ ਨਹੀਂ ਸੀ ਹੋਇਆ। 1984 ਵਿੱਚ ਕੋਅ ਫਿਰ ਨੌਂ-ਬਰ-ਨੌਂ ਹੋ ਗਿਆ ਸੀ ਤੇ ਓਲੰਪਿਕ ਖੇਡਾਂ ’ਚੋਂ ਦੁਬਾਰਾ ਮੈਡਲ ਜਿੱਤਣ ਦੀ ਤਿਆਰੀ ਵਿੱਚ ਸੀ। ਉੱਥੇ ਉਸ ਨੇ ਫਿਰ 1500 ਮੀਟਰ ਦੌੜ ਦਾ ਗੋਲਡ ਮੈਡਲ ਜਿੱਤਿਆ ਜਦੋਂ ਕਿ 800 ਮੀਟਰ ਦੌੜ ’ਚ ਮਾਸਕੋ ਵਾਂਗ ਸਿਲਵਰ ਮੈਡਲ ਨਾਲ ਸੰਤੋਖ ਕਰਨਾ ਪਿਆ। 1986 ਦੀ ਯੂਰਪੀ ਚੈਂਪੀਅਨਸ਼ਿਪ ’ਚ ਕੋਅ ਇੱਕ ਹੋਰ ਗੋਲਡ ਮੈਡਲ ਜਿੱਤ ਗਿਆ।
ਬਦਕਿਸਮਤੀ ਨਾਲ ਕੋਅ ਨੂੰ ਚੜ੍ਹਦੀ ਜੁਆਨੀ ਵਿੱਚ ਹੀ ਐਸੀ ਚੰਦਰੀ ਬਿਮਾਰੀ ਲੱਗ ਗਈ ਸੀ ਜਿਸ ਦਾ ਲੰਮਾ ਇਲਾਜ ਚੱਲ ਰਿਹਾ ਸੀ। ਬਿਮਾਰੀ ਕਾਰਨ ਉਹ ਕਈ ਮਹੱਤਵਪੂਰਨ ਮੁਕਾਬਲਿਆਂ ਵਿੱਚ ਭਾਗ ਨਹੀਂ ਲੈ ਸਕਿਆ। 1988 ਵਿੱਚ ਸਿਓਲ ਵਿਖੇ ਹੋਈਆਂ ਓਲੰਪਿਕ ਖੇਡਾਂ ਵੀ ਉਸੇ ਬਿਮਾਰੀ ਦੀ ਭੇਟ ਚੜ੍ਹ ਗਈਆਂ। ਪਹਿਲਾਂ ਉਸ ਨੇ 1981 ਵਿੱਚ ਰੋਮ ਵਿਖੇ ਹੋਈ ਵਿਸ਼ਵ ਕੱਪ ਅਥਲੈਟਿਕਸ ਦੀ 800 ਮੀਟਰ ਦੌੜ ’ਚੋਂ ਗੋਲਡ ਮੈਡਲ ਜਿੱਤਿਆ ਸੀ। ਆਖ਼ਰ 1989 ’ਚ ਬਾਰਸੀਲੋਨਾ ਦੀ ਵਰਲਡ ਕੱਪ ਅਥਲੈਟਿਕਸ ਮੀਟ ਵਿੱਚੋਂ 1500 ਮੀਟਰ ਦੀ ਦੌੜ ਦਾ ਸਿਲਵਰ ਮੈਡਲ ਜਿੱਤ ਕੇ ਦੌੜਾਂ ਨੂੰ ਅਲਵਿਦਾ ਕਹਿ ਦਿੱਤੀ। ਉਹ ਬਾਰਾਂ ਤੇਰਾਂ ਸਾਲ ਟਰੈਕ ਦਾ ਸ਼ਿੰਗਾਰ ਰਿਹਾ ਅਤੇ ਇਨਡੋਰ ਤੇ ਆਊਡੋਰ ਸਟੇਡੀਅਮਾਂ ’ਚ ਛਾਇਆ ਰਿਹਾ। ਉਸ ਦੀਆਂ ਦੌੜਾਂ ਦਾ ਬਿਹਤਰੀਨ ਸਮੇਂ ਦੌਰਾਨ ਉਸ ਨੇ 1979 ਵਿੱਚ ਲੰਡਨ ਵਿਖੇ 400 ਮੀਟਰ ਦੌੜ 46.87 ਸੈਕੰਡ ਵਿੱਚ ਲਾਈ। 1981 ਵਿੱਚ ਫਲੋਰੈਂਸ ਵਿਖੇ 800 ਮੀਟਰ ਦੌੜ 1:41.73 ਮਿੰਟ ਦੇ ਨਵੇਂ ਵਿਸ਼ਵ ਰਿਕਾਰਡ ਸਮੇਂ ’ਚ ਦੌੜੀ। 1981 ਵਿੱਚ ਓਸਲੋ ਵਿਖੇ 1000 ਮੀਟਰ ਦੌੜ 2:12.18 ਮਿੰਟ ਦੇ ਨਵੇਂ ਰਿਕਾਰਡ ਨਾਲ ਪੂਰੀ ਕੀਤੀ। 1981 ਵਿੱਚ ਬ੍ਰੱਸਲਜ਼ ਵਿਖੇ ਮੀਲ ਦੀ ਦੌੜ 3:47.33 ਮਿੰਟ ’ਚ ਲਾਈ। 1982 ਵਿੱਚ ਬੋਰਡੌਕਸ ਵਿਖੇ 2000 ਮੀਟਰ ਦੌੜ 4:58.84 ਮਿੰਟ ’ਚ ਦੌੜੀ। 1986 ਵਿੱਚ ਰੀਟੀ ਵਿਖੇ 1500 ਮੀਟਰ ਦੌੜ 3:29.77 ਮਿੰਟ ’ਚ ਲਾਈ ਤੇ 1987 ਵਿੱਚ ਕੋਸਫੋਰਡ ਵਿਖੇ 3000 ਮੀਟਰ 7:54.33 ਮਿੰਟ ’ਚ ਪੂਰੀ ਕੀਤੀ।
ਸਬੈਸਟੀਅਨ ਕੋਅ ਨੇ ਗ੍ਰੇਟ ਬ੍ਰਿਟਿਨ ਦੀ ਨੁਮਾਇੰਦਗੀ ਕਰਦਿਆਂ ਓਲੰਪਿਕ ਖੇਡਾਂ ਦੇ 2 ਗੋਲਡ ਤੇ 2 ਸਿਲਵਰ ਮੈਡਲ ਜਿੱਤੇ। ਯੂਰਪੀ ਅਥਲੈਟਿਕਸ ਚੈਂਪੀਅਨਸ਼ਿਪ ਵਿੱਚੋਂ 1986 ’ਚ ਗੋਲਡ ਤੇ ਸਿਲਵਰ ਮੈਡਲ, 1982 ’ਚ ਸਿਲਵਰ ਮੈਡਲ ਅਤੇ 1978 ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਉਸ ਦੇ ਨੈਸ਼ਨਲ ਤੇ ਦੁਵੱਲੀਆਂ ਇੰਟਰਨੈਸ਼ਨਲ ਮੀਟਾਂ ’ਚੋਂ ਮੈਡਲ ਦਰਜਨਾਂ ਵਿੱਚ ਹਨ। 1979 ’ਚ ਅਥਲੈਟਿਕਸ ਦੇ ਵੀਕਲੀ ਮੈਗਜ਼ੀਨ ਤੇ ਹੋਰ ਮੈਗਜ਼ੀਨਾਂ ਨੇ ਕੋਅ ਨੂੰ ਅਥਲੀਟ ਆਫ ਦਿ ਯੀਅਰ ਐਲਾਨਿਆ ਅਤੇ ਉਸ ਨੂੰ ਵੱਡੇ ਤੋਂ ਵੱਡੇ ਮਾਣ ਸਨਮਾਨ ਮਿਲਦੇ ਗਏ।
ਦੌੜਾਂ ਤੋਂ ਰਿਟਾਇਰ ਹੋਣ ਪਿੱਛੋਂ ਉਹਦਾ ਰਾਜਨੀਤਕ ਸਫ਼ਰ ਸ਼ੁਰੂ ਹੋਇਆ। ਉਹ ਕੰਜ਼ਰਵੇਟਿਵ ਪਾਰਟੀ ਦੀ ਟਿਕਟ ’ਤੇ 1992 ਤੋਂ 1997 ਤੱਕ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ। 16 ਮਈ 2000 ਤੋਂ 31 ਜਨਵਰੀ 2022 ਤੱਕ ਉਹ ਹਾਊਸ ਆਫ ਲਾਰਡਜ਼ ਦਾ ਮੈਂਬਰ ਰਿਹਾ। ਉਸ ਨੂੰ 2006 ਵਿੱਚ ਫੀਫਾ ਦੀ ਐਥਿਕਸ ਕਮੇਟੀ ਦਾ ਆਜ਼ਾਦ ਨਿਗਰਾਨ ਬਣਾਇਆ ਗਿਆ ਸੀ ਤਾਂ ਜੋ ਉਹ ਫੀਫਾ ਦੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਕਰ ਸਕੇ ਅਤੇ ਬਰਤਾਨੀਆ ’ਚ ਫੁੱਟਬਾਲ ਦੀ ਖੇਡ ਨੂੰ ਹੋਰ ਪ੍ਰਫੁੱਲਿਤ ਕਰਨ ਵਿੱਚ ਯੋਗਦਾਨ ਪਾ ਸਕੇ। 2007 ’ਚ ਕੋਅ ਨੂੰ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਅਥਲੈਟਿਕਸ ਫੈਡਰੇਸ਼ਨਜ਼ ਦਾ ਵਾਈਸ ਪ੍ਰੈਜੀਡੈਂਟ ਬਣਾਇਆ ਗਿਆ। 19 ਅਗਸਤ 2015 ਨੂੰ ਬੀਜਿੰਗ ਵਿਖੇ ਉਹ ਵਿਸ਼ਵ ਪ੍ਰਸਿੱਧ ਪੋਲ ਵਾਲਟਰ ਸਰਗੇਈ ਬੁਬਕਾ ਨੂੰ 115-92 ਵੋਟਾਂ ਨਾਲ ਹਰਾ ਕੇ ਆਈਏਏਐੱਫ ਦਾ ਪ੍ਰੈਜੀਡੈਂਟ ਬਣਿਆ। 17 ਅਗਸਤ 2023 ਨੂੰ ਬੁਡਾਪੈਸਟ ਵਿਖੇ ਉਹ ਬਿਨਾਂ ਮੁਕਾਬਲਾ ਪ੍ਰਧਾਨ ਚੁਣਿਆ ਗਿਆ।
ਉਹ ਮਹਾਨ ਖਿਡਾਰੀ ਹੀ ਨਹੀਂ ਮਹਾਨ ਖੇਡ ਪ੍ਰਬੰਧਕ ਵੀ ਸਾਬਤ ਹੋਇਆ। ਟੋਕੀਓ ਦੀਆਂ ਓਲੰਪਿਕ ਖੇਡਾਂ-2020 ਸਮੇਂ ਕੋਅ ਨੂੰ ਓਲੰਪਿਕ ਗੇਮਜ਼ ਕੁਆਰਡੀਨੇਸ਼ਨ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ। 17 ਜੁਲਾਈ 2020 ਨੂੰ ਉਹ ਇੰਟਰਨੈਸ਼ਨਲ ਓਲੰਪਿਕ ਕਮੇਟੀ ਦਾ ਮੈਂਬਰ ਚੁਣਿਆ ਗਿਆ।
ਉਸ ਨੇ 1980 ’ਚ ਗ੍ਰੈਜੂਏਸ਼ਨ ਕਰ ਕੇ ਪਹਿਲੀ ਜੌਬ ਲੌਗਬਰੋ ਯੂਨੀਵਰਸਿਟੀ ਆਫ ਟੈਕਨਾਲੋਜੀ ਦੇ ਸਰੀਰਕ ਸਿੱਖਿਆ ਤੇ ਸਪੋਰਟਸ ਸਾਇੰਸ ਵਿਭਾਗ ’ਚ ਬਤੌਰ ਰਿਸਰਚ ਅਸਿਸਟੈਂਟ ਕੀਤੀ। 1990 ਵਿੱਚ ਦੌੜਾਂ ਤੋਂ ਰਿਟਾਇਰ ਹੋਣ ਪਿੱਛੋਂ ਜਦੋਂ ਉਹ ਸਰੀ ਕਾਉਂਟੀ ’ਚ ਰਹਿਣ ਲੱਗਾ ਤਾਂ ਉਹਦੀ ਦੋਸਤੀ ਨਿੱਕੀ ਮੈਕਰੀਨ ਨਾਲ ਹੋ ਗਈ ਜੋ 1990 ’ਚ ਵਿਆਹ ਵਿੱਚ ਬਦਲ ਗਈ। ਉਨ੍ਹਾਂ ਨੇ ਦੋ ਪੁੱਤਰ ਜੰਮੇ ਤੇ ਦੋ ਧੀਆਂ। 12 ਸਾਲ ਬਾਅਦ 2002 ’ਚ ਉਨ੍ਹਾਂ ਦਾ ਵਿਆਹ ਤਲਾਕ ਦੇ ਲੇਖੇ ਲੱਗ ਗਿਆ। 2003 ’ਚ ਕੋਅ ਨੇ ਇਗਲੈਂਡ ਦੀ ਕ੍ਰਿਕਟ ਟੀਮ ਦੇ ਸਾਬਕਾ ਕੈਪਟਨ ਐੱਮ.ਜੇ.ਕੇ. ਸਮਿੱਥ ਦੀ ਧੀ ਕਰੋਲ ਐਨਟ ਨਾਲ ਦੋਸਤੀ ਕਰ ਲਈ ਜੋ 2011 ’ਚ ਵਿਆਹ ਵਿੱਚ ਬਦਲ ਗਈ। ਕੋਅ ਬੀਬੀਸੀ ਦੇ ਟੀਵੀ ਸੀਰੀਜ਼ ਵੇਖਣ ਦਾ ਸ਼ੌਕੀਨ ਤੇ ਡੇਲੀ ਟੈਲੀਗਰਾਫ ਅਖ਼ਬਾਰ ਦਾ ਕਾਲਮਨਵੀਸ ਹੋਣ ਨਾਲ ਹੋਰ ਵੀ ਬਹੁਤ ਕੁੱਝ ਹੈ।
ਸਬੈਸਟੀਅਨ ਕੋਅ ਨੂੰ ਯੂਨੀਵਰਸਿਟੀਆਂ ਵੱਲੋਂ ਡਾਕਟਰ ਆਫ ਟੈਕਨਾਲੋਜੀ, ਡਾਕਟਰ ਆਫ ਸਾਇੰਸ ਤੇ ਡਾਕਟਰ ਆਫ ਲੈਟਰਜ਼ ਦੀਆਂ ਆਨਰੇਰੀ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ। ਉਹ ਬਰਤਾਨੀਆ ਦੇ ਅਕਾਦਮਿਕ ਅਦਾਰਿਆਂ ਦਾ ਆਨਰੇਰੀ ਫੈਲੋ ਹੈ। ਉਸ ਨੂੰ ਓਲੰਪਿਕ ਆਰਡਰ, ਪ੍ਰਿੰਸ ਆਫ ਅਸਟੋਰੀਅਸ ਐਵਾਰਡ ਤੇ ਲੌਰੀਅਸ ਵਰਲਡ ਸਪੋਰਟਸ ਐਵਾਰਡ ਮਿਲੇ। ਬੀਬੀਸੀ ਸਪੋਰਟਸ ਪਰਸਨੈਲਟੀ ਆਫ ਦਿ ਯੀਅਰ ਸੈਰੇਮਨੀ ਵਿੱਚ ਉਸ ਨੂੰ ਮੇਨ ਇੰਡੀਵਿਜੂਅਲ ਐਵਾਰਡ, ਸਪੈਸ਼ਲ ਗੋਲਡ ਐਵਾਰਡ ਤੇ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤੇ ਗਏ। 2018 ਵਿੱਚ ਕੋਅ ਨੂੰ ਵਰਲਡ ਓਲੰਪੀਅਨਜ਼ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਐਵਾਰਡ ਤੇ 2024 ’ਚ ਮਿਲਰੋਜ਼ ਗੇਮਜ਼ ਸਮੇਂ ਆਰਮਮੋਰੀ ਪ੍ਰੈਜੀਡੈਂਟਸ ਐਵਾਰਡ ਮਿਲਿਆ।
ਸਬੈਸਟੀਅਨ ਕੋਅ ਸੱਚਮੁੱਚ ਹੀ ਟੈੱਨ-ਇਨ-ਵਨ ਹੈ। ਅਜਿਹੇ ਬਹੁਗੁਣੇ ਵਿਅਕਤੀ ਨਿੱਤ ਨਿੱਤ ਨਹੀਂ ਜੰਮਦੇ।
ਈ-ਮੇਲ: principalsarwansingh@gmail.com