ਬਹਾਦਰੀ ਅਤੇ ਦਲੇਰੀ ਦੀ ਗਾਥਾ ‘ਅਕਾਲ’
ਰਜਵਿੰਦਰ ਪਾਲ ਸ਼ਰਮਾ
ਅਜੋਕੇ ਸਮੇਂ ਵਿੱਚ ਪੰਜਾਬੀ ਸਿਨੇਮਾ ਪਿਆਰ, ਮੁਹੱਬਤ, ਜੱਟਵਾਦ, ਕਾਮੇਡੀ ਅਤੇ ਜੀਵਨੀਆਂ ਤੋਂ ਹਟ ਕੇ ਅਜਿਹੀਆਂ ਫਿਲਮਾਂ ਬਣਾ ਰਿਹਾ ਹੈ ਜੋ ਸਮਾਜ ਨੂੰ ਸੇਧ ਦਿੰਦੀਆਂ ਹੋਈਆਂ ਇਤਿਹਾਸ ਅਤੇ ਵਿਰਸੇ ਨਾਲ ਰੂਬਰੂ ਕਰਵਾਉਣ ਵਿੱਚ ਮਦਦ ਕਰਨ। ਅਜਿਹੀਆਂ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਵੀ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਲੜੀ ਵਿੱਚ ‘ਅਰਦਾਸ’, ‘ਅਰਦਾਸ ਕਰਾਂ’, ‘ਅਰਦਾਸ ਸਰਬੱਤ ਦੇ ਭਲੇ ਦੀ’, ‘ਮਸਤਾਨੇ’, ‘ਗੁਰਮੁਖ’ ਅਤੇ ਹਾਲ ਹੀ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਰਿਲੀਜ਼ ਹੋਈ ਫਿਲਮ ‘ਅਕਾਲ’ ਉਨ੍ਹਾਂ ਫਿਲਮਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਕਹਾਣੀ ਰਵਾਇਤੀ ਫਿਲਮਾਂ ਤੋਂ ਕੁੱਝ ਹਟ ਕੇ ਹੈ।
ਇਹ ਫਿਲਮ ਸਿੱਖਾਂ ਦੀ ਬਹਾਦਰੀ ਦੀ ਗਾਥਾ ਹੈ ਜੋ ਹਮੇਸ਼ਾਂ ਗ਼ਰੀਬਾਂ ਅਤੇ ਮਜ਼ਲੂਮਾਂ ਦੀ ਰਾਖੀ ਲਈ ਤਿਆਰ ਰਹਿੰਦੇ ਹਨ। ਅਜੋਕੇ ਸਮੇਂ ਵਿੱਚ ਜਦੋਂ ਤਕਨੀਕੀ ਵਿਕਾਸ ਕਰਕੇ ਅਸੀਂ ਆਪਣੇ ਵਿਰਸੇ ਅਤੇ ਇਤਿਹਾਸ ਤੋਂ ਬੇਮੁੱਖ ਹੋ ਰਹੇ ਹਾਂ, ਉਸ ਸਮੇਂ ‘ਅਕਾਲ’ ਵਰਗੀਆਂ ਫਿਲਮਾਂ ਨੌਜਵਾਨਾਂ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਤੋਂ ਜਾਣੂ ਕਰਵਾਉਣ ਵਿੱਚ ਮਦਦਗਾਰ ਸਾਬਤ ਹੋ ਰਹੀਆਂ ਹਨ। ਫਿਲਮ ਵਿੱਚ ਗਿੱਪੀ ਗਰੇਵਾਲ ਨੇ ਕਮਾਲ ਦਾ ਕੰਮ ਕੀਤਾ ਹੈ। ਉਹ ਫਿਲਮ ਜ਼ਰੀਏ ਨਾ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੈ, ਬਲਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਨੂੰ ਇਸ ਤਰ੍ਹਾਂ ਦੱਸਦਾ ਹੈ ਕਿ ਉਹ ਦਿਲ ਤੇ ਦਿਮਾਗ਼ ਵਿੱਚ ਵੱਸ ਜਾਂਦੀਆਂ ਹਨ।
ਫਿਲਮ ਵਿੱਚ ਗਿੱਪੀ ਗਰੇਵਾਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਨਿਮਰਤ ਖਹਿਰਾ, ਛਿੰਦਾ ਗਰੇਵਾਲ, ਏਕਮ ਗਰੇਵਾਲ, ਅਸੀਸ ਦੁੱਗਲ, ਪ੍ਰਿੰਸ ਕੰਵਲਜੀਤ ਸਿੰਘ ਅਤੇ ਨਿਕਤਿਨ ਧੀਰ ਸ਼ਾਮਿਲ ਹਨ। ਗਿੱਪੀ ਗਰੇਵਾਲ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਇਸ ਫਿਲਮ ਨੂੰ ਹਿੰਦੀ ਫਿਲਮਾਂ ਦੇ ਉੱਘੇ ਨਿਰਮਾਤਾ ਕਰਨ ਜੌਹਰ, ਅਦਰ ਪੂਨਾਵਾਲਾ ਅਤੇ ਅਪੂਰਵਾ ਮਹਿਤਾ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਫਿਲਮ ਪੰਜਾਬੀ ਭਾਸ਼ਾ ਵਿੱਚ ਵ੍ਹਾਈਟ ਹਿੱਲ ਅਤੇ ਹਿੰਦੀ ਭਾਸ਼ਾ ਵਿੱਚ ਧਰਮਾ ਪ੍ਰੋਡਕਸ਼ਨ ਨਾਲ ਮਿਲ ਕੇ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਪੇਸ਼ ਕੀਤੀ ਗਈ ਹੈ। ਇਸ ਦੇ ਗੀਤਾਂ ਨੂੰ ਹੈਪੀ ਰਾਏਕੋਟੀ ਨੇ ਲਿਖਿਆ ਹੈ ਜਿਨ੍ਹਾਂ ਨੂੰ ਸ਼ੰਕਰ ਮਹਾਦੇਵਨ, ਅਰਿਜੀਤ ਸਿੰਘ, ਸ਼੍ਰੇਆ ਘੋਸ਼ਾਲ, ਸੁਖਵਿੰਦਰ ਸਿੰਘ, ਗਿੱਪੀ ਗਰੇਵਾਲ ਅਤੇ ਸਿਕੰਦਰ ਨੇ ਗਾਇਆ ਹੈ। ਸੰਗੀਤ ਸ਼ੰਕਰ ਅਹਿਸਾਨ ਲੌਇ ਨੇ ਦਿੱਤਾ ਹੈ। ਫਿਲਮ ਦੇ ਐਕਸ਼ਨ ਵਿੱਚ ਹਿੰਦੀ ਫਿਲਮਾਂ ਦੀ ਦਿੱਖ ਨਜ਼ਰ ਆਉਂਦੀ ਹੈ।
ਸੰਪਰਕ: 70873-67969