ਬਲਟਾਣਾ ’ਚ ਸੁਖਨਾ ਚੋਅ ’ਤੇ ਬਣਿਆ ਪੁਲ ਨੁਕਸਾਨਿਆ
ਹਰਜੀਤ ਸਿੰਘ
ਜ਼ੀਰਕਪੁਰ, 12 ਅਗਸਤ
ਸ਼ਹਿਰ ਵਿੱਚ ਬੀਤੇ ਦਿਨ ਪਏ ਭਰਵੇਂ ਮੀਂਹ ਕਾਰਨ ਵੱਖ-ਵੱਖ ਕਲੋਨੀਆਂ ਦੇ ਘਰਾਂ ਵਿੱਚ ਪਾਣੀ ਵੜ ਗਿਆ। ਸਭ ਤੋਂ ਵਧ ਨੁਕਸਾਨ ਬਲਟਾਣਾ ਅਤੇ ਢਕੋਲੀ ਖੇਤਰ ਦੇ ਲੋਕਾਂ ਦਾ ਹੋਇਆ। ਇਸ ਦੌਰਾਨ ਬਲਟਾਣਾ ਵਿੱਚ ਸੁਖਨਾ ਚੋਅ ’ਤੇ ਬਣਿਆ ਪੁਲ ਵੀ ਨੁਕਸਾਨਿਆ ਗਿਆ। ਇਸ ਸਬੰਧੀ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਮੌਕੇ ਦਾ ਦੌਰਾ ਕੀਤਾ। ਇਸ ਮੌਕੇ ਰੰਧਾਵਾ ਨੇ ਨਗਰ ਕੌਂਸਲ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪੁਲ ਨੂੰ ਮੁੜ ਤਿਆਰ ਕਰਨ ਦੀ ਹਦਾਇਤ ਕੀਤੀ। ਸ੍ਰੀ ਰੰਧਾਵਾ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਸੁਖਨਾ ਚੋਅ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਲਈ ਵੀ ਕਿਹਾ। ਉਨ੍ਹਾਂ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਵੇਲੇ ਇਸ ਚੋਅ ਵਿੱਚ ਭੂ ਮਾਫੀਆ ਵੱਲੋਂ ਨਾਜਾਇਜ਼ ਕਬਜ਼ੇ ਕਰ ਲਏ ਗਏ ਹਨ ਜਿਸ ਕਾਰਨ ਪਾਣੀ ਦੇ ਕੁਦਰਤੀ ਵਹਾਅ ਵਿੱਚ ਅੜਿੱਕਾ ਪੈਦਾ ਹੋ ਰਿਹਾ ਹੈ। ਇਸੇ ਕਰਕੇ ਇਥੇ ਹੜ੍ਹਾਂ ਵਰਗੇ ਹਾਲਾਤ ਬਣ ਜਾਂਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮੌਨਸੂਨ ਦੌਰਾਨ ਵੀ ਇਸ ਪੁਲ ਦਾ ਕਾਫੀ ਨੁਕਸਾਨ ਹੋਇਆ ਸੀ। ਕੌਂਸਲ ਹਰ ਵਾਰ ਲੱਖਾਂ ਰੁਪਏ ਖਰਚ ਕਰ ਕੇ ਇਸ ਪੁਲ ਦੀ ਮੁਰੰਮਤ ਕਰਦੀ ਹੈ ਪਰ ਹਰ ਵਾਰ ਇੱਥੇ ਸਥਿਤੀ ਨਾਜ਼ੁਕ ਬਣ ਜਾਂਦੀ ਹੈ।