ਬਰੂਵਾਲੀ ਨਹਿਰ ਟੁੱਟਣ ਕਾਰਨ 60 ਏਕੜ ਫ਼ਸਲ ਪਾਣੀ ਵਿੱਚ ਡੁੱਬੀ
ਜਗਤਾਰ ਸਮਾਲਸਰ
ਏਲਨਾਬਾਦ, 6 ਦਸੰਬਰ
ਨਾਥੂਸਰੀ ਚੌਪਟਾ ਦੇ ਕੋਲੋਂ ਲੰਘਦੀ ਬਰੂਵਾਲੀ ਨਹਿਰ ਅੱਜ ਸਵੇਰੇ ਅਚਾਨਕ ਟੁੱਟ ਗਈ। ਨਹਿਰ ਵਿੱਚ ਕਰੀਬ 55 ਫੁੱਟ ਪਾੜ ਪੈ ਗਿਆ ਜਿਸ ਕਾਰਨ 60 ਏਕੜ ਵਿੱਚ ਖੜੀ ਕਣਕ ਅਤੇ ਸਰ੍ਹੋਂ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਕਿਸਾਨਾਂ ਨੇ ਨਹਿਰ ਟੁੱਟਣ ਦੀ ਸੂਚਨਾ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਣ ਤੇ ਸਿੰਚਾਈ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਨਹਿਰ ਨੂੰ ਨਹਿਰਾਣਾ ਹੈੱਡ ਤੋਂ ਬੰਦ ਕਰਵਾ ਕੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ। ਕਿਸਾਨਾਂ ਨੇ ਆਖਿਆ ਕਿ ਇਹ ਨਹਿਰ ਪਹਿਲਾਂ ਵੀ ਦੋ ਵਾਰ ਇੱਥੇ ਟੁੱਟ ਚੁੱਕੀ ਹੈ। ਕਿਸਾਨਾਂ ਵੱਲੋਂ ਇਸ ਨਹਿਰ ਦੇ ਬੰਨ੍ਹ ਨੂੰ ਇਸ ਥਾਂ ਤੋਂ ਪੂਰੀ ਤਰ੍ਹਾਂ ਮਜ਼ਬੂਤ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਸੀ ਪਰ ਸਮੇਂ-ਸਿਰ ਸੁਣਵਾਈ ਨਾ ਕਰਨ ਕਾਰਨ ਹੁਣ ਇਹ ਨਹਿਰ ਦੁਬਾਰਾ ਟੁੱਟ ਗਈ ਹੈ। ਕਿਸਾਨਾਂ ਨੇ ਆਖਿਆ ਕਿ ਨਹਿਰ ਟੁੱਟਣ ਕਾਰਨ ਉਨ੍ਹਾਂ ਦੀ ਕਣਕ ਅਤੇ ਸਰ੍ਹੋਂ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ ਜਿਸ ਨਾਲ ਉਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਇਸ ਲਈ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਹੁਣ ਹੋਰ ਕਿਸੇ ਵੀ ਫ਼ਸਲ ਦੀ ਬਿਜਾਈ ਦਾ ਸਮਾਂ ਨਹੀਂ ਰਿਹਾ। ਨਹਿਰ ਟੁੱਟਣ ਕਾਰਨ ਇਸ ਨਹਿਰ ਦੀ ਟੇਲ ਤੇ ਪੈਂਦੇ ਪਿੰਡਾਂ ਦੇ ਕਿਸਾਨ ਵੀ ਆਪਣੀਆਂ ਫ਼ਸਲਾਂ ਨੂੰ ਪਾਣੀ ਲਾਉਣ ਤੋਂ ਵਾਂਝੇ ਰਹਿ ਗਏ ਹਨ।