ਬਰਮਾ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਵੇਲੇ ਘਪਲੇਬਾਜ਼ੀ ਦਾ ਦੋਸ਼
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 17 ਜੂਨ
ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਬਰਮਾ ਦੀ 17 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਵਿੱਚ ਘਪਲੇਬਾਜ਼ੀ ਦੇ ਦੋਸ਼ਾਂ ਨੂੰ ਲੈ ਕੇ ਅੱਜ ਪੰਚਾਇਤ ਦਫ਼ਤਰ ਵਿੱਚ ਮਾਹੌਲ ਗਰਮਾ ਗਿਆ ਜਿਥੇ ਸਰਪੰਚ, ਪੰਚਾਇਤ ਸਕੱਤਰ ਇੱਕ ਪਾਸੇ ਅਤੇ ਕਾਸ਼ਤਕਾਰ ਤੇ 4 ਪੰਚਾਇਤ ਮੈਂਬਰ ਦੂਜੀ ਧਿਰ ਵਜੋਂ ਆਹਮੋ-ਸਾਹਮਣੇ ਦਿਖਾਈ ਦਿੱਤੇ। ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਕਾਸ਼ਤ ਕਰਨ ਵਾਲੇ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਪਿੰਡ ਬਰਮਾ ਦੀ ਪੰਚਾਇਤੀ ਜ਼ਮੀਨ ਦੀ ਨਵੀਂ ਬੋਲੀ ਸਬੰਧੀ ਉਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਉਸ ਨੇ ਪੰਚਾਇਤ ਸਕੱਤਰ ’ਤੇ ਦੋਸ਼ ਲਗਾਇਆ ਕਿ ਬੋਲੀ ਵਿੱਚ ਮਿਲੀਭੁਗਤ ਕਰਕੇ ਵੱਡੀ ਘਪਲੇਬਾਜ਼ੀ ਕੀਤੀ ਗਈ ਹੈ। ਕਿਸਾਨ ਨੇ ਦੱਸਿਆ ਕਿ ਉਸ ਨੇ ਪੰਚਾਇਤ ਸਕੱਤਰ ਨੂੰ ਕਈ ਵਾਰ ਫੋਨ ’ਤੇ ਪੁੱਛਿਆ ਕਿ ਉਹ ਪਹਿਲਾਂ ਪੰਚਾਇਤੀ ਜ਼ਮੀਨ ’ਤੇ ਕਾਸ਼ਤ ਕਰ ਰਿਹਾ ਹੈ ਅਤੇ ਇਸ ਵਾਰ ਵੀ ਉਹ ਪੰਚਾਇਤੀ ਜ਼ਮੀਨ ਲੈਣ ਦਾ ਇਛੁੱਕ ਹੈ, ਇਸ ਲਈ ਜਦੋਂ ਵੀ ਪੰਚਾਇਤੀ ਬੋਲੀ ਹੋਵੇ ਉਸ ਨੂੰ ਜ਼ਰੂਰ ਸੂਚਿਤ ਕੀਤਾ ਜਾਵੇ।
ਕਿਸਾਨ ਨੇ ਕਿਹਾ ਕਿ ਉਹ ਨਿਯਮਾਂ ਅਨੁਸਾਰ 20 ਤੋਂ 30 ਫੀਸਦ ਵੱਧ ਭਾਅ ’ਤੇ ਬੋਲੀ ਲੈਣ ਨੂੰ ਤਿਆਰ ਹੈ ਪਰ ਪੰਚਾਇਤ ਸਕੱਤਰ ਨੇ ਚੁੱਪ-ਚੁਪੀਤੇ ਦੋ ਵਾਰ ਬੋਲ ਰੱਦ ਕਰ ਕੇ ਸਿਰਫ਼ 5 ਫੀਸਦ ਵਾਧੇ ’ਤੇ ਜ਼ਮੀਨ ਦੀ ਬੋਲੀ ਕਿਸੇ ਹੋਰ ਵਿਅਕਤੀ ਨੂੰ ਠੇਕੇ ’ਤੇ ਦੇ ਦਿੱਤੀ। ਕਿਸਾਨ ਨੇ ਕਿਹਾ ਕਿ ਪਿੰਡ ਵਿਚ 7 ਪੰਚਾਇਤ ਮੈਂਬਰ ਹਨ ਤੇ ਉਨ੍ਹਾਂ ਵਿੱਚੋਂ ਤਰਸੇਮ ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਕੌਰ ਤੇ ਅਮਰਜੀਤ ਕੌਰ ਨੂੰ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਕਿਸਾਨ ਕੁਲਵਿੰਦਰ ਸਿੰਘ ਤੇ ਚਾਰ ਪੰਚਾਇਤ ਮੈਂਬਰਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਇਸ ਘਪਲੇਬਾਜ਼ੀ ਦੀ ਜਾਂਚ ਕਰਵਾਈ ਜਾਵੇ ਤੇ ਜੇਕਰ ਕਿਸੇ ਅਧਿਕਾਰੀ ਦੀ ਮਿਲੀਭੁਗਤ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਐਲਾਨ ਕਰਵਾ ਕੇ ਖੁੱਲ੍ਹੀ ਬੋਲੀ ਕਰਵਾਈ ਜਾਵੇ।
ਬੋਲੀ ਨਿਯਮਾਂ ਅਨੁਸਾਰ ਹੋਈ ਹੈ: ਪੰਚਾਇਤ ਸਕੱਤਰ
ਪੰਚਾਇਤ ਸਕੱਤਰ ਕੁਲਦੀਪ ਸਿੰਘ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਨਿਯਮਾਂ ਅਨੁਸਾਰ ਹੋਈ ਹੈ ਤੇ ਉਸ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਮੈਂਬਰਾਂ ਨੂੰ ਸੂਚਿਤ ਕਰਨਾ ਜਾਂ ਐਲਾਨ ਕਰਵਾਉਣ ਦਾ ਕੰਮ ਚੌਕੀਦਾਰ ਤੇ ਪੰਚਾਇਤ ਦਾ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ 20 ਫੀਸਦ ਵਾਧੇ ’ਤੇ ਬੋਲੀ ਦਿੱਤੀ ਜਾਣੀ ਸੀ ਪਰ 2 ਵਾਰ ਕੋਈ ਬੋਲੀ ਦੇਣ ਨਹੀਂ ਆਇਆ ਇਸ ਲਈ ਘਟਾ ਕੇ 5 ਫੀਸਦ ਵਾਧੇ ’ਤੇ ਦੇ ਦਿੱਤੀ ਗਈ।
ਸਰਪੰਚ ਨੇ ਪੰਚਾਇਤ ਮੈਂਬਰਾਂ ਦੇ ਦੋਸ਼ ਨਕਾਰੇ
ਸਰਪੰਚ ਮਨਦੀਪ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਪੰਚਾਇਤ ਮੈਂਬਰ ਵਿਰੋਧੀ ਧਿਰ ਨਾਲ ਸਬੰਧਤ ਹਨ ਤੇ ਜਦੋਂ ਵੀ ਪੰਚਾਇਤ ਦੀ ਮੀਟਿੰਗ ਬੁਲਾਈ ਜਾਂਦੀ ਹੈ ਇਹ ਸ਼ਾਮਲ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਸਬੰਧੀ ਚਾਰੇ ਪੰਚਾਂ ਕੋਲ ਚੌਕੀਦਾਰ ਦੇ ਹੱਥ ਦੋ ਵਾਰ ਏਜੰਡਾ ਭੇਜਿਆ ਗਿਆ ਪਰ ਇਨ੍ਹਾਂ ਸਵੀਕਾਰ ਨਹੀਂ ਕੀਤਾ ਜਿਸ ਮਗਰੋਂ ਨਿਯਮਾ ਅਨੁਸਾਰ ਜ਼ਮੀਨ ਦੀ ਬੋਲੀ ਲਾ ਕੇ ਠੇਕਾ ਦਿੱਤਾ ਗਿਆ ਹੈ।