ਬਰਨਾਲਾ ਜ਼ਿਲ੍ਹੇ ਦੇ ਮਸਲੇ ਵਿਧਾਨ ਸਭਾ ’ਚ ਉਠਾਏ ਜਾਣਗੇ: ਕਾਲਾ ਢਿੱਲੋਂ
ਪੱਤਰ ਪ੍ਰੇਰਕ
ਪੱਖੋ ਕੈਂਚੀਆਂ, 11 ਦਸੰਬਰ
ਬਰਨਾਲਾ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਉਮੀਦਾਂ ਨਾਲ ਜਿਤਾ ਕੇ ਵਿਧਾਨ ਸਭਾ ਭੇਜਿਆ ਹੈ, ਉਨ੍ਹਾਂ ਆਸਾਂ ਉਪਰ ਹਮੇਸ਼ਾ ਖ਼ਰਾ ਉਤਰਾਂਗਾ। ਇਹ ਗੱਲਾਂ ਬਰਨਾਲਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪਿੰਡ ਪੱਖੋਕੇ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਦੌਰਾਨ ਕਹੀਆਂ। ਉਨ੍ਹਾਂ ਕਿਹਾ ਕਿ ਉਹ ਇਕੱਲੇ ਬਰਨਾਲਾ ਹਲਕੇ ਦੇ ਹੀ ਨਹੀਂ ਬਲਕਿ ਸਾਰੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਮੁੱਦਿਆਂ ਨੂੰ ਵਿਧਾਨ ਸਭਾ ਵਿੱਚ ਉਠਾਉਣਗੇ ਅਤੇ ਹਰ ਮਸਲੇ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਕਾਲਾ ਢਿੱਲੋਂ ਨੇ ਕਿਹਾ ਕਿ ਬਰਨਾਲਾ ਦੇ ਨਾਲ-ਨਾਲ ਮਹਿਲ ਕਲਾਂ ਅਤੇ ਭਦੌੜ ਵਿੱਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਪ ਅਤੇ ਕੇਂਦਰ ਦੀ ਭਾਜਪਾ ਸਰਕਾਰ ਤੋਂ ਲੋਕ ਬਹੁਤ ਦੁਖ਼ੀ ਹਨ। ਲੋਕਾਂ ਦੀ ਇੱਕੋ ਇੱਕ ਉਮੀਦ ਕਾਂਗਰਸ ਪਾਰਟੀ ਤੋਂ ਹੈ। ਲੋਕ ਸਭਾ ਤੇ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਲੋਕਾਂ ਨਾਲ ਜੁੜੇ ਹਰ ਮਸਲੇ ਨੂੰ ਉਠਾ ਕੇ ਆਪਣਾ ਬਣਦਾ ਰੋਲ ਅਦਾ ਕਰ ਰਹੀ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਗਤਾਰ ਸਿੰਘ ਪੱਖੋ ਅਤੇ ਹੋਰ ਹਾਜ਼ਰ ਸਨ।