ਬਰਨਾਲਾ ’ਚ ਸੁਰਜੀਤ ਪਾਤਰ ਯਾਦਗਾਰੀ ਸਮਾਗਮ ਭਲਕੇ
ਪਰਸ਼ੋਤਮ ਬੱਲੀ
ਬਰਨਾਲਾ, 9 ਜਨਵਰੀ
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਵੱਲੋਂ ਸੁਰਜੀਤ ਪਾਤਰ ਦੇ ਜਨਮ ਦਿਨ ਨੂੰ ਸਮਰਪਿਤ ਵਿਚਾਰ ਚਰਚਾ ਅਤੇ ਸੰਗੀਤ ਸਮਾਗਮ 11 ਜਨਵਰੀ ਨੂੰ ਸਵੇਰੇੇ 11 ਵਜੇ ਤਰਕਸ਼ੀਲ ਭਵਨ ’ਚ ਕਰਵਾਇਆ ਜਾ ਰਿਹਾ ਹੈ। ਆਗੂ ਜਸਪਾਲ ਜੱਸੀ, ਪਾਵੇਲ ਕੁੱਸਾ ਅਤੇ ਅਮੋਲਕ ਸਿੰਘ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ‘ਸੁਰਜੀਤ ਪਾਤਰ ਦੀ ਸਾਹਿਤਕ ਖੇਤਰ ਨੂੰ ਵਿਲੱਖਣ ਦੇਣ’ ਉੱਪਰ ਵਿਚਾਰ ਚਰਚਾ ’ਚ ਮੁੱਖ ਬੁਲਾਰੇ ਵਜੋਂ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਡਾ. ਸਵਰਾਜਬੀਰ ਸ਼ਿਰਕਤ ਕਰਨਗੇ। ਇਸ ਚਰਚਾ ਵਿੱਚ ਡਾ. ਕੁਲਦੀਪ ਦੀਪ ਅਤੇ ਜਸਪਾਲ ਜੱਸੀ ਵੀ ਵਿਚਾਰ ਸਾਂਝੇ ਕਰਨਗੇ।
ਦੂਜੇ ਸੈਸ਼ਨ ਵਿੱਚ ਸੁਰਜੀਤ ਪਾਤਰ ਦੇ ਗੀਤਾਂ ਗ਼ਜ਼ਲਾਂ ਦਾ ਗਾਇਨ ਹੋਵੇਗਾ ਜਿਸ ’ਚ ਸੁਰਜੀਤ ਪਾਤਰ ਦੇ ਪੁੱਤਰ ਮਨਰਾਜ ਪਾਤਰ ਅਤੇ ਭਰਾ ਉਪਕਾਰ ਆਪਣੀ ਆਵਾਜ਼ ਰਾਹੀਂ ਸਰੋਤਿਆਂ ਦੇ ਰੂਬਰੂ ਹੋਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ’ਚ ਪ੍ਰੋ. ਵਰਿਆਮ ਸਿੰਘ ਸੰਧੂ ਵੱਲੋਂ ਲਿਖੀ ਪੁਸਤਕ ‘ਰੰਗ-ਪ੍ਰਸੰਗ: ਸੁਰਜੀਤ ਪਾਤਰ ਦੇ’ ਲੋਕ ਅਰਪਣ ਕੀਤੀ ਜਾਵੇਗੀ। ਇਸ ਮੌਕੇ ਭੋਲਾ ਸਿੰਘ ਸੰਘੇੜਾ, ਡਾ. ਹਰਿਭਗਵਾਨ, ਡਾ. ਤਰਸਪਾਲ, ਡਾ. ਸੰਪੂਰਨ ਸਿੰਘ ਟੱਲੇਵਾਲ, ਜਗਰਾਜ ਧੌਲਾ, ਹਾਕਮ ਰੂੜੇਕੇ, ਤੇਜਾ ਸਿੰਘ ਤਿਲਕ, ਮਾਲਵਿੰਦਰ ਸ਼ਾਇਰ, ਰਾਮ ਸਰੂਪ ਸ਼ਰਮਾ ਅਤੇ ਤੇਜਿੰਦਰ ਚੰਡਿਹੋਕ ਅਤੇ ਪ੍ਰੋ. ਚਤਿੰਦਰ ਸਿੰਘ ਰੁਪਾਲ ਨੇ ਲੋਕਾਂ ਨੂੰ ਸਮਾਗਮ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।