ਬਰਨਾਲਾ ’ਚ ਪੈਨਸ਼ਨਰਾਂ ਵੱਲੋਂ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਰੈਲੀ
ਪਰਸ਼ੋਤਮ ਬੱਲੀ
ਬਰਨਾਲਾ, 6 ਜੂਨ
ਪਾਵਰਕੌਮ ਪੈਨਸ਼ਨਰਾਂ ਵੱਲੋਂ ਮੈਨੇਜਮੈਂਟ ਖ਼ਿਲਾਫ਼ ਆਗੂ ਰੂਪ ਚੰਦ ਤਪਾ ਦੀ ਅਗਵਾਈ ਵਿੱਚ ਇੱਥੇ ਧਨੌਲਾ ਰੋਡ ਦਫ਼ਤਰ ਕੰਪਲੈਕਸ ਵਿਚ ਮੰਡਲ ਪੱਧਰੀ ਰੋਸ ਰੈਲੀ ਕੀਤੀ ਗਈ। ਆਗੂ ਸ਼ਿੰਦਰ ਸਿੰਘ ਧੌਲਾ, ਜੱਗਾ ਸਿੰਘ ਧਨੌਲਾ, ਮੋਹਣ ਸਿੰਘ ਛੰਨਾਂ, ਗੌਰੀ ਸ਼ੰਕਰ, ਮੇਲਾ ਸਿੰਘ ਕੱਟੂ, ਜਗਦੀਸ਼ ਸਿੰਘ, ਸਿਕੰਦਰ ਸਿੰਘ ਤਪਾ, ਨਰਾਇਣ ਦੱਤ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦਾ 01-01-2016 ਤੋਂ 30-06-2021 ਤੱਕ ਦਾ ਬਕਾਇਆ ਦੇਣ ਦੇ ਵਾਰ-ਵਾਰ ਵਾਅਦੇ ਕਰਨ ਦੇ ਬਾਵਜੂਦ ਵੀ ਜਾਰੀ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਜਥੇਬੰਦੀ ਨਾਲ ਵਾਰ-ਵਾਰ ਵਾਅਦੇ ਕਰਕੇ ਮੁੱਕਰ ਰਹੀ ਹੈ। ਇਸ ਕਰਕੇ ਮੰਡਲ ਪੱਧਰੀਆਂ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਆਗੂਆਂ ਕਿਹਾ ਕਿ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਸਮੇਂ ਆਮ ਆਦਮੀ ਪਾਰਟੀ ਦੇ ਮੁਲਾਜ਼ਮ/ਪੈਨਸ਼ਨਰਜ਼ ਵਿਰੋਧੀ ਕਿਰਦਾਰ ਦਾ ਪਰਦਾਫਾਸ਼ ਕਰਨ ਲਈ 14 ਜੂਨ ਨੂੰ ਵਿਸ਼ਾਲ ਝੰਡਾ ਮਾਰਚ ਕੀਤਾ ਜਾਵੇਗਾ। ਬੁਲਾਰਿਆਂ ਨੇ ਯੂਪੀ ਬਿਜਲੀ ਬੋਰਡ ਦੇ ਨਿੱਜੀ ਕਰਨ ਖ਼ਿਲਾਫ਼ ਯੂਪੀ ਦੇ ਬਿਜਲੀ ਕਾਮਿਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਇੱਕ ਮਤੇ ਰਾਹੀਂ ਸੀਆਈਏ ਬਠਿੰਡਾ ਵੱਲੋਂ ਨੌਜਵਾਨ ਅਧਿਆਪਕ ਨਰਿੰਦਰ ਦੀਪ ਸਿੰਘ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਦਿਆਂ ਘਟਨਾ ਦੀ ਨਿਆਂਇਕ ਜਾਂਚ ਕਰਵਾ ਕੇ ਮੁਲਜ਼ਮ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਨਰਿੰਦਰ ਦੀਪ ਸਿੰਘ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਅਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸ ਰੋਸ ਰੈਲੀ ਨੂੰ ਹਰਨੇਕ ਸਿੰਘ ਸੰਘੇੜਾ, ਜਗਜੀਤ ਸਿੰਘ ਪੱਖੋ, ਜਗਰਾਜ ਸਿੰਘ, ਗੁਰਚਰਨ ਸਿੰਘ, ਬਹਾਦਰ ਸਿੰਘ ਸੰਘੇੜਾ, ਰਾਜ ਪਤੀ, ਸੁਖਵੰਤ ਸਿੰਘ ਤੇ ਰਾਮਪਾਲ ਸਿੰਘ , ਸ਼ਿੰਗਾਰਾ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਦਾ ਸੰਚਾਲਨ ਗੁਰਚਰਨ ਸਿੰਘ ਨੇ ਕੀਤਾ।