ਬਨੂੜ ਦੇ ਵਾਰਡ ਨੰਬਰ-6 ਦੀ ਜ਼ਿਮਨੀ ਚੋਣ ਅੱਜ
ਕਰਮਜੀਤ ਸਿੰਘ ਚਿੱਲਾ
ਬਨੂੜ, 20 ਦਸੰਬਰ
ਨਗਰ ਕੌਂਸਲ ਬਨੂੜ ਦੇ ਵਾਰਡ ਨੰਬਰ-6 ਦੀ ਜ਼ਿਮਨੀ ਚੋਣ ਲਈ 21 ਦਸੰਬਰ ਨੂੰ ਵੋਟਾਂ ਪੈਣਗੀਆਂ। ਵਾਰਡ ਦੇ 866 ਵੋਟਰ,ਜਿਨ੍ਹਾਂ ਵਿੱਚ 458 ਮਰਦ ਅਤੇ 408 ਮਹਿਲਾਵਾਂ ਹਨ, ਵੱਲੋਂ ਆਪਣੀ ਵੋਟ ਦੀ ਵਰਤੋਂ ਕੀਤੀ ਜਾਵੇਗੀ। ਉਕਤ ਵਾਰਡ ਲਈ ਪੋਲਿੰਗ ਬੂਥ ਨਗਰ ਕੌਂਸਲ ਦੇ ਦਫ਼ਤਰ ਵਿੱਚ ਬਣਾਇਆ ਗਿਆ ਹੈ, ਜਿੱਥੇ ਸਵੇਰੇ ਸੱਤ ਵਜੇ ਤੋਂ ਬਾਅਦ ਦੁਪਹਿਰ ਚਾਰ ਵਜੇ ਤੱਕ ਵੋਟਾਂ ਪੈਣਗੀਆਂ। ਚੋਣਾਂ ਤੋਂ ਤੁਰੰਤ ਬਾਅਦ ਮੌਕੇ ’ਤੇ ਹੀ ਨਤੀਜਾ ਐਲਾਨ ਦਿੱਤਾ ਜਾਵੇਗਾ।
ਨਗਰ ਕੌਂਸਲ ਬਨੂੜ ਦੇ ਮੀਤ ਪ੍ਰਧਾਨ ਜਗਦੀਸ਼ ਚੰਦ ਕਾਲਾ ਦੀ ਕੁੱਝ ਮਹੀਨੇ ਪਹਿਲਾਂ ਹੋਈ ਮੌਤ ਕਾਰਨ ਇਹ ਸੀਟ ਖਾਲੀ ਹੋਈ ਸੀ। ਇਸ ਸੀਟ ਉੱਤੇ ਕਾਂਗਰਸ ਦੀ ਉਮੀਦਵਾਰ ਨੀਲਮ ਰਾਣੀ, ਜਿਹੜੇ ਕਿ ਮਰਹੂਮ ਕੌਂਸਲਰ ਜਗਦੀਸ਼ ਕਾਲਾ ਦੀ ਪਤਨੀ ਹਨ ਅਤੇ ਆਮ ਆਦਮੀ ਪਾਰਟੀ ਦੇ ਬਲਬੀਰ ਸਿੰਘ ਛੋਟਾ ਦਰਮਿਆਨ ਸਿੱਧਾ ਮੁਕਾਬਲਾ ਹੈ। ਭਾਜਪਾ ਵੱਲੋਂ ਕਾਂਗਰਸੀ ਉਮੀਦਵਾਰ ਨੀਲਮ ਰਾਣੀ ਦੀ ਹਮਾਇਤ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਉੁਮੀਦਵਾਰ ਦੀ ਹਮਾਇਤ ਵਿੱਚ ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਅਤੇ ਉਨ੍ਹਾਂ ਦੇ ਪਤੀ ਅਜੈ ਮਿੱਤਲ ਚੋਣ ਪ੍ਰਚਾਰ ਕਰਨ ਲਈ ਆ ਚੁੱਕੇ ਹਨ। ਇਸ ਤਰਾਂ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਕੰਬੋਜ ਚੋਣ ਪ੍ਰਚਾਰ ਕਰ ਚੁੱਕੇ ਹਨ। ਬਨੂੜ ਦੀ ਜ਼ਿਮਨੀ ਚੋਣ ਲਈ ਨਿਯੁਕਤ ਚੋਣ ਅਮਲਾ ਪੋਲਿੰਗ ਕੇਂਦਰ ਉੱਤੇ ਪਹੁੰਚ ਗਿਆ।
ਚੋਣਾਂ ਸਬੰਧੀ ਮਨਾਹੀ ਦੇ ਹੁਕਮ ਜਾਰੀ
ਐੱਸ.ਏ.ਐੱਸ. ਨਗਰ (ਮੁਹਾਲੀ)(ਦਰਸ਼ਨ ਸਿੰਘ ਸੋਢੀ):
ਮੁਹਾਲੀ ਜ਼ਿਲ੍ਹੇ ਵਿੱਚ ਭਲਕੇ 21 ਦਸੰਬਰ ਨੂੰ ਹੋਣ ਜਾ ਰਹੀਆਂ ਮਿਉਂਸਿਪਲ ਚੋਣਾਂ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਵੀ ਕੱਲ੍ਹ ਹੀ ਹੋਵੇਗੀ। ਇਸ ਦੌਰਾਨ ਪੋਲਿੰਗ ਬੂਥਾਂ ਦੇ 100 ਮੀਟਰ ਦੇ ਘੇਰੇ ਅੰਦਰ ਪ੍ਰਚਾਰ ਆਦਿ ਦੀ ਪਾਬੰਦੀ ਹੋਵੇਗੀ। ਮੁਹਾਲੀ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਿਰਾਜ ਐੱਸ ਤਿੜਕੇ ਨੇ ਬੀਐੱਨਐੱਸਐੱਸ ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਚੋਣ ਕਮਿਸ਼ਨ ਪੰਜਾਬ ਵੱਲੋਂ 21 ਦਸੰਬਰ ਨੂੰ ਸਬੰਧਤ ਪੋਲਿੰਗ ਬੂਥਾਂ ਦੇ 100 ਮੀਟਰ ਦੇ ਘੇਰੇ ਅੰਦਰ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇੰਜ ਹੀ ਅਧਿਕਾਰੀ ਨੇ ਭਲਕੇ 21 ਦਸੰਬਰ ਨੂੰ ਸਾਰੇ ਮਿਉਂਸਪਲ ਚੋਣ ਹਲਕਿਆਂ ਦੀ ਹੱਦ (ਖਰੜ, ਘੜੂੰਆਂ, ਨਵਾਂ ਗਰਾਓਂ ਅਤੇ ਬਨੂੜ) ਅਧੀਨ ਆਉਂਦੇ ਸ਼ਰਾਬ ਦੇ ਠੇਕੇ ਮੁਕੰਮਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਅੱਜ 20 ਦਸੰਬਰ ਤੋਂ 22 ਦਸੰਬਰ ਤੱਕ ਜ਼ਿਲ੍ਹੇ ਦੀ ਹੱਦ ਅੰਦਰ ਤੁਰੰਤ ਅਸਰ ਨਾਲ ਲਾਗੂ ਹੋਵੇਗਾ।
ਨਗਰ ਪੰਚਾਇਤ ਘੜੂੰਆਂ ਦੇ 11 ਵਾਰਡਾਂ ਲਈ 28 ਉਮੀਦਵਾਰ ਮੈਦਾਨ ਵਿੱਚ
ਖਰੜ (ਸ਼ਸ਼ੀ ਪਾਲ ਜੈਨ):
ਖਰੜ ਸਬ-ਡਿਵੀਜ਼ਨ ਅੰਦਰ ਪੈਂਦੇ ਪਿੰਡ ਘੜੂੰਆਂ ਵਿੱਚ ਨਗਰ ਪੰਚਾਇਤ ਦੀ 21 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਕੁੱਲ 11 ਵਾਰਡਾਂ ਲਈ 28 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਸਰਕਾਰੀ ਪੱਧਰ ’ਤੇ ਪ੍ਰਾਪਤ ਜਾਣਕਾਰੀ ਅਨੁਸਾਰ 11 ਬੂਥ ਬਣਾਏ ਗਏ ਹਨ ਅਤੇ 6810 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।