ਬਨੂੜ ਦੀ ਧੀ ਨੇ ਮਾਲਦੀਪ ’ਚ ਕੀਤੀ ਖ਼ੁਦਕੁਸ਼ੀ
ਬਨੂੜ, 14 ਜੂਨ
ਇੱਥੋਂ ਦੇ ਵਾਰਡ ਨੰਬਰ ਚਾਰ ਦੇ ਆਹਲੂਵਾਲੀਆ ਮੁਹੱਲਾ ਦੇ ਵਸਨੀਕ ਸੁਖਦੇਵ ਸਿੰਘ ਦੀ ਪਿਛਲੇ ਛੇ ਮਹੀਨੇ ਤੋਂ ਮਾਲਦੀਵ ਰਹਿੰਦੀ ਧੀ ਗੁਰਪ੍ਰੀਤ ਕੌਰ(24) ਨੇ ਖ਼ੁਦਕਸ਼ੀ ਕਰ ਲਈ। ਲੜਕੀ ਦਾ ਪਿਛਲੇ ਸਾਲ ਅਪਰੈਲ ਮਹੀਨੇ ਜ਼ੀਰਾ (ਫ਼ਿਰੋਜ਼ਪੁਰ) ਦੇ ਸਾਗਰ ਅਰੋੜਾ ਨਾਲ ਪਰਿਵਾਰ ਦੀ ਸਹਿਮਤੀ ਨਾਲ ਪ੍ਰੇਮ ਵਿਆਹ ਹੋਇਆ ਸੀ। ਲੜਕੀ ਦੇ ਪਿਤਾ ਸੁਖਦੇਵ ਸਿੰਘ ਨੇ ਥਾਣਾ ਬਨੂੜ ਦੀ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਸਾਗਰ ਅਰੋੜਾ ’ਤੇ ਉਨ੍ਹਾਂ ਦੀ ਧੀ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ।
ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਬੀਕਾਮ ਆਨਰਜ਼ ਪਾਸ ਸੀ। ਉਹ ਵਰਕ ਪਰਮਿਟ ’ਤੇ ਛੇ ਮਹੀਨੇ ਪਹਿਲਾਂ ਮਾਲਦੀਵ ਗਈ ਸੀ ਅਤੇ ਸਾਗਰ ਇੱਥੇ ਹੀ ਸੀ। ਉਨ੍ਹਾਂ ਦੱਸਿਆ ਕਿ 11 ਜੂਨ ਨੂੰ ਪਰਿਵਾਰ ਦੀ ਲੜਕੀ ਨਾਲ ਗੱਲ ਹੋਈ ਸੀ ਅਤੇ ਉਸੇ ਰਾਤ ਇਹ ਘਟਨਾ ਵਾਪਰੀ, ਜਿਸ ਬਾਰੇ ਲੜਕੀ ਦੀ ਸਹੇਲੀ ਨੇ ਉਨ੍ਹਾਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਕੁੱਝ ਦਿਨ ਤੋਂ ਸਾਗਰ ਲੜਕੀ ਨਾਲ ਗੱਲ ਨਹੀਂ ਕਰ ਰਿਹਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਪੁਲੀਸ ਤੋਂ ਖ਼ੁਦਕਸ਼ੀ ਲਈ ਮਜਬੂਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਲੜਕੀ ਦੀ ਲਾਸ਼ ਬੀਤੇ ਦਿਨ ਹੀ ਮਾਲਦੀਵ ਤੋਂ ਦਿੱਲੀ ਏਅਰਪੋਰਟ ’ਤੇ ਪਹੁੰਚੀ ਸੀ ਤੇ ਅੱਜ ਉਸ ਦਾ ਸਬ-ਇੰਸਪੈਕਟਰ ਬਹਾਦਰ ਰਾਮ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਵੱਲੋਂ ਮੁਹਾਲੀ ਦੇ ਫੇਜ਼-ਛੇ ਦੇ ਸਿਵਲ ਹਸਪਤਾਲ ਵਿੱਚੋਂ ਪੋਸਟ ਮਾਰਟਮ ਕਰਾਇਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਵੱਲੋਂ ਖ਼ੁਦਕਸ਼ੀ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ, ਲੜਕੀ ਦੇ ਪਿਤਾ ਦੇ ਬਿਆਨ, ਮਾਲਦੀਵ ਦੀ ਪੁਲੀਸ ਵੱਲੋਂ ਕੀਤੀ ਕਾਰਵਾਈ, ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।