ਬਨੂੜ ਕੌਂਸਲ: ਜ਼ਿਮਨੀ ਚੋਣ ’ਚ ਅਕਾਲੀ ਦਲ ਤੇ ਭਾਜਪਾ ਨੇ ਛੱਡਿਆ ਮੈਦਾਨ
ਕਰਮਜੀਤ ਸਿੰਘ ਚਿੱਲਾ
ਬਨੂੜ, 12 ਦਸੰਬਰ
ਨਗਰ ਕੌਂਸਲ ਬਨੂੜ ਦੇ ਵਾਰਡ ਨੰਬਰ-6 ਦੀ ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲਰ, ਵਪਾਰ ਮੰਡਲ ਬਨੂੜ ਦੇ ਪ੍ਰਧਾਨ ਤੇ ਕੌਂਸਲ ਦੇ ਮੀਤ ਪ੍ਰਧਾਨ ਜਗਦੀਸ਼ ਚੰਦ ਕਾਲਾ ਦੀ ਮੌਤ ਮਗਰੋਂ ਖਾਲੀ ਹੋਈ ਸੀਟ ’ਤੇ ਹੋ ਰਹੀ ਜ਼ਿਮਨੀ ਚੋਣ ਵਿੱਚ ਕਾਂਗਰਸ ਅਤੇ ‘ਆਪ’ ਵਿਚਾਲੇ ਸਿੱਧਾ ਮੁਕਾਬਲਾ ਹੋਵੇਗਾ। ਅਕਾਲੀ ਦਲ ਅਤੇ ਭਾਜਪਾ ਨੇ ਕੌਂਸਲ ਦੀ ਜ਼ਿਮਨੀ ਚੋਣ ਲੜਨ ਤੋਂ ਕਿਨਾਰਾ ਕਰ ਲਿਆ ਹੈ। ਨਾਮਜ਼ਦਗੀਆਂ ਦੇ ਆਖਰੀ ਦਿਨ ਅੱਜ ਨਗਰ ਕੌਂਸਲ ਦਫ਼ਤਰ ਵਿੱਚ ਰਿਟਰਨਿੰਗ ਅਫ਼ਸਰ ਅਨਿਲ ਬਾਨਾ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਗੁਰਦਿਆਲ ਕੁਮਾਰ ਕੋਲ ਕਾਂਗਰਸ ਪਾਰਟੀ ਵੱਲੋਂ ਮਰਹੂਮ ਕੌਂਸਲਰ ਜਗਦੀਸ਼ ਕਾਲਾ ਦੀ ਪਤਨੀ ਨੀਲਮ ਰਾਣੀ, ਜਿਹੜੇ ਕਿ ਪਹਿਲਾਂ ਖ਼ੁਦ ਵੀ ਕੌਂਸਲਰ ਰਹਿ ਚੁੱਕੇ ਹਨ, ਵੱਲੋਂ ਨਾਮਜ਼ਦਗੀ ਦਾਖ਼ਲ ਕੀਤੇ ਗਏ। ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੇ ਪੁੱਤਰ ਨਵੀਨ ਕੁਮਾਰ ਨੇ ਕਾਗਜ਼ ਭਰੇ ਹਨ। ਉਨ੍ਹਾਂ ਨਾਲ ਰਾਜਪੁਰਾ ਹਲਕਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ, ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਕੁਲਵਿੰਦਰ ਭੋਲਾ ਤੋਂ ਇਲਾਵਾ ਕਾਂਗਰਸੀ ਕੌਂਸਲਰ ਅਵਤਾਰ ਸਿੰਘ ਬਬਲਾ, ਸੋਨੀ ਸੰਧੂ, ਜੀਵਨ ਕੁਮਾਰ, ਨੀਰਜ ਜੈਨ, ਆਸ਼ੂ, ਰਾਜੇਸ਼ ਵਰਮਾ, ਜਸਵੰਤ ਸਿੰਘ ਖਟੜਾ, ਗੁਰਮੇਲ ਸਿੰਘ ਫੌਜੀ, ਕੇਛੀ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ‘ਆਪ’ ਦੇ ਉਮੀਦਵਾਰ ਵਜੋਂ ਬਲਬੀਰ ਸਿੰਘ ਛੋਟਾ ਨੇ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ ਗਈਆਂ। ਕਵਰਿੰਗ ਉਮੀਦਵਾਰ ਵਜੋਂ ਅਮਿਤ ਬਾਂਸਲ ਨੇ ਕਾਗਜ਼ ਦਾਖ਼ਲ ਕਰਵਾਏ ਹਨ। ਉਨ੍ਹਾਂ ਨਾਲ ਰਾਜਪੁਰਾ ਹਲਕਾ ਦੀ ਵਿਧਾਇਕਾ ਨੀਨਾ ਮਿੱਤਲ, ਉਨ੍ਹਾਂ ਦੇ ਪਤੀ ਅਜੈ ਮਿੱਤਲ, ਸ਼ਹਿਰੀ ਪ੍ਰਧਾਨ ਐਡਵੋਕੇਟ ਕਿਰਨਦੀਪ ਪਾਸੀ, ਪਾਰਟੀ ਦੇ ਬੁਲਾਰੇ ਐਡਵੋਕੇਟ ਬਿਕਰਮਜੀਤ ਪਾਸੀ, ਕੌਂਸਲਰ ਭਜਨ ਲਾਲ, ਬਲਜੀਤ ਸਿੰਘ, ਮਾਸਟਰ ਗੁਰਜੀਤ ਸਿੰਘ, ਅਵਤਾਰ ਸਿੰਘ, ਲੱਖੀ ਸੰਧੂ ਆਦਿ ਹਾਜ਼ਰ ਸਨ।
ਰਿਟਰਨਿੰਗ ਅਫ਼ਸਰ ਅਨਿਲ ਬਾਨਾ ਨੇ ਦੱਸਿਆ ਕਿ 13 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ। 14 ਨੂੰ ਨਾਮਜ਼ਦਗੀਆਂ ਵਾਪਿਸ ਹੋਣ ਉਪਰੰਤ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ ਅਤੇ ਵੋਟਾਂ 21 ਦਸੰਬਰ ਨੂੰ ਪੈਣਗੀਆਂ।
ਵਾਰਡ ਨੰਬਰ ਇੱਕ ਦੀ ਸੀਟ ਹਾਲੇ ਵੀ ਖਾਲੀ
13 ਕੌਂਸਲਰਾਂ ਵਾਲੀ ਨਗਰ ਕੌਂਸਲ ਬਨੂੜ ਵਿੱਚ ਇੱਕ ਸੀਟ ਦੀ ਜ਼ਿਮਨੀ ਚੋਣ ਹੋਣ ਦੇ ਬਾਵਜੂਦ ਸ਼ਹਿਰ ਦੇ ਵਾਰਡ ਨੰਬਰ ਇੱਕ ਵਾਲੀ ਸੀਟ ਖਾਲੀ ਹੀ ਰਹਿ ਜਾਵੇਗੀ। ਵਾਰਡ ਨੰਬਰ ਇੱਕ ਦੀ ਕਾਂਗਰਸੀ ਕੌਂਲਸਰ ਬਲਵਿੰਦਰ ਕੌਰ ਦੀ ਵੀ ਪਿਛਲੇ ਮਹੀਨੇ ਮੌਤ ਹੋ ਗਈ ਸੀ ਪਰ ਇਸ ਵਾਰਡ ਦੀ ਜ਼ਿਮਨੀ ਚੋਣ ਸਬੰਧੀ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਾਰਨ ਜ਼ਿਮਨੀ ਚੋਣ ਨਹੀਂ ਹੋ ਸਕੀ।