ਬਠੋਈ ਕਲਾਂ ’ਚ ਸ਼ਾਮਲਾਟ ਜ਼ਮੀਨ ਸਬੰਧੀ ਮੋਰਚਾ ਜਾਰੀ
ਡਕਾਲਾ, 18 ਮਈ
ਇੱਥੋਂ ਨੇੜਲੇ ਪਿੰਡ ਬਠੋਈ ਕਲਾਂ ’ਚ ਪਿੰਡ ਵਾਸੀਆਂ ਦੇ ਕਬਜੇ ਹੇਠਲੀ 600 ਏਕੜ ਤੋਂ ਵੱਧ ਸ਼ਾਮਲਾਟ ਜ਼ਮੀਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਬਜ਼ਾ ਮੁਕਤ ਕਰਵਾਉਣ ਦੀ ਆਰੰਭੀ ਸਰਕਾਰੀ ਕਵਾਇਦ ਦੇ ਵਿਰੋਧ ’ਚ ਕਿਸਾਨਾਂ ਦਾ ਦਿਨ-ਰਾਤ ਦਾ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਚੱਲ ਰਹੇ ਇਸ ਪੱਕੇ ਮੋਰਚੇ ਦੌਰਾਨ ਇਕੱਤਰ ਕਿਸਾਨਾਂ ਨੇ ਅੱਜ ਵੀ ਪ੍ਰਸ਼ਾਸਨਿਕ ਧਿਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਧਰਨੇ ਵਿੱਚ ਕਿਸਾਨਾਂ ਤੋਂ ਇਲਾਵਾ ਔਰਤਾਂ ਤੇ ਬੱਚਿਆਂ ਵੀ ਗਰਮਜੋਸ਼ੀ ਨਾਲ ਸ਼ਿਰਕਤ ਕੀਤੀ।
ਧਰਨੇ ’ਤੇ ਬੈਠੇ ਬੀਕੇਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ, ਜ਼ਿਲ੍ਹਾ ਸਕੱਤਰ ਸੁਖਮਿੰਦਰ ਸਿੰਘ ਬਾਰਨ, ਬਲਾਕ ਸਕੱਤਰ ਹਰਦੀਪ ਸਿੰਘ ਤੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਨੇ ਆਖਿਆ ਕਿ ਪਿੰਡ ਬਠੋਈ ਕਲਾਂ ਦੀ ਸ਼ਾਮਲਾਟ ਜ਼ਮੀਨ ’ਤੇ ਜ਼ਿਲ੍ਹਾ ਪ੍ਰਸ਼ਾਸਨ ਕਬਜ਼ਾ ਕਰਨਾ ਚਾਹੁੰਦਾ ਹੈ, ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀ ਪੀੜਤ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦੇਵੇਗੀ ਅਤੇ ਜਦੋਂ ਤੱਕ ਪਿੰਡ ਵਾਸੀਆਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਉਦੋਂ ਤੱਕ ਪ੍ਰਸ਼ਾਸਨ ਖ਼ਿਲਾਫ਼ ਪੱਕਾ ਮੋਰਚਾ ਜਾਰੀ ਰਹੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਯੂਨੀਅਨ ਦੇ ਵੱਡੇ ਆਗੂ ਵੀ ਸ਼ਮੂਲੀਅਤ ਕਰਨਗੇ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ 60 ਸਾਲਾਂ ਤੋਂ ਕਿਸਾਨ ਇਨ੍ਹਾਂ ਜ਼ਮੀਨਾਂ ਨੂੰ ਵਾਹੀਯੋਗ ਕਰਕੇ ਖੇਤੀ ਨਾਲ ਆਪਣੇ ਪਰਿਵਾਰਾਂ ਦਾ ਢਿੱਡ ਭਰ ਰਹੇ ਹਨ, ਦਹਾਕਿਆਂ ਬਾਅਦ ਹੁਣ ਪ੍ਰਸ਼ਾਸਨ ਕਿਸਾਨਾਂ ਤੋਂ ਉਨ੍ਹਾਂ ਦੀ ਰੋਟੀ ਖੋਹਣਾ ਚਾਹੁੰਦਾ ਹੈ। ਆਗੂਆਂ ਨੇ ਇਹ ਵੀ ਗਿਲਾ ਕੀਤਾ ਕਿ ਪ੍ਰਸ਼ਾਸਨ ਕਈ ਤਰ੍ਹਾਂ ਦੇ ਹੱਥ ਕੰਢੇ ਵਰਤ ਕੇ ਇਸ ਪੱਕੇ ਮੋਰਚੇ ਨੂੰ ਖਦੇੜਨਾ ਚਾਹੁੰਦਾ ਹੈ। ਦੂਜੇ ਪਾਸੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਇਸ ਮਾਮਲੇ ਨੂੰ ਹੱਲ ਕਰਨ ਲਈ ਪੱਬਾਂ ਭਾਰ ਹੋਏ ਹਨ। ਇਸ ਮੌਕੇ ਮਹਿਲਾ ਇਕਾਈ ਪ੍ਰਧਾਨ ਕਰਮਜੀਤ ਕੌਰ, ਇਕਾਈ ਪ੍ਰਧਾਨ ਬਲਜੀਤ ਸਿੰਘ ਸੋਨੂੰ, ਬਲਾਕ ਆਗੂ ਗੁਰਵਿੰਦਰ ਸਿੰਘ ਬਠੋਈ, ਵੀਰਭਾਨ ਸਿੰਘ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ’ਚ ਪਿੰਡ ਵਾਸੀ ਤੇ ਯੂਨੀਅਨ ਆਗੂ ਮੌਜੂਦ ਸਨ।