ਬਠਿੰਡਾ ਦੀ ਤਰਜ਼ ’ਤੇ ਜਗਰਾਉਂ ਕਾਂਗਰਸ ’ਚ ਅਨੁਸ਼ਾਸਨੀ ਕਾਰਵਾਈ ਦੀ ਮੰਗ
ਜਸਬੀਰ ਸ਼ੇਤਰਾ
ਜਗਰਾਉਂ, 16 ਮਈ
ਸੀਨੀਅਰ ਕਾਂਗਰਸੀ ਆਗੂ ਇੰਜਨੀਅਰ ਜਗਦੀਪ ਸਿੰਘ ਨੇ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਕਾਂਗਰਸ ਨੇ ਬਠਿੰਡੇ ਦੇ ਅੱਠ ਕੌਂਸਲਰਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਹੈ ਉਸੇ ਤਰਜ਼ ’ਤੇ ਜਗਰਾਉਂ ਦੇ ਉਨ੍ਹਾਂ ਕੌਂਸਲਰਾਂ ਤੇ ਕਾਂਗਰਸੀ ਆਗੂਆਂ ਖ਼ਿਲਾਫ਼ ਵੀ ਬਿਨਾਂ ਦੇਰੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਨਿਯਮ ਸਾਰਿਆਂ ਲਈ ਇਕ ਹਨ। ਬਠਿੰਡੇ ਵਿੱਚ ਤਾਂ ਪੰਜ ਸਾਲ ਲਈ ਕੱਢੇ ਕੌਂਸਲਰਾਂ ਨੇ ਹਾਲੇ ਓਨਾ ਨੁਕਸਾਨ ਨਹੀਂ ਪਹੁੰਚਾਇਆ ਸੀ ਜਿੰਨਾ ਜਗਰਾਉਂ ਵਿੱਚ ਇਹ ਲੋਕ ਪਾਰਟੀ ਦਾ ਕਰ ਚੁੱਕੇ ਹਨ।
ਰਾਹੁਲ ਗਾਂਧੀ ਕਾਫੀ ਸਮੇਂ ਤੋਂ ਪਾਰਟੀ ਅੰਦਰ 'ਸਲੀਪਰ ਸੈੱਲ’ ਹੋਣ ਦੀ ਗੱਲ ਕਰਦੇ ਹੋਏ ਇਨ੍ਹਾਂ ਦੀ ਪਛਾਣ ਕਰਕੇ ਬਾਹਰ ਕਰਨ ’ਤੇ ਜ਼ੋਰ ਦਿੰਦੇ ਆ ਰਹੇ ਹਨ। ਇਸ ਲਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਅਪੀਲ ਹੈ ਕਿ ਜਗਰਾਉਂ ਦੀ ਕਾਂਗਰਸ ਪਾਰਟੀ ਵਿਚਲੇ ‘ਸਲੀਪਰ ਸੈੱਲ’ ਪਛਾਣ ਕੇ ਬਾਹਰ ਕੱਢੇ ਜਾਣ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਇੰਜਨੀਅਰ ਜਗਦੀਪ ਸਿੰਘ ਨੇ ਕਿਹਾ ਕਿ ਉਹ ਸੋਮਵਾਰ ਨੂੰ ਇਸ ਬਾਰੇ ਇੰਚਾਰਜ ਤੇ ਪ੍ਰਧਾਨ ਦੋਹਾਂ ਨੂੰ ਇਕ ਪੱਤਰ ਵੀ ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਜਗਰਾਉਂ ਹਲਕਾ ਸ਼ੁਰੂ ਤੋਂ ਕਾਂਗਰਸ ਪੱਖੀ ਰਿਹਾ ਹੈ ਪਰ ਆਪਸੀ ਧੜੇਬੰਦੀ ਤੇ ਗੱਦਾਰੀ ਕਰਕੇ ਕਾਂਗਰਸ ਦਾ ਨੁਕਸਾਨ ਹੋਇਆ ਹੈ। ਹੁਣ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕਾਂਗਰਸ ਦੇ ਕੌਂਸਲਰ ਹਾਕਮ ਧਿਰ ਦੇ ਨਾਲ ਤੁਰਦੇ ਫਿਰਦੇ ਨਜ਼ਰ ਆਏ। ਇਸ ਦੇ ਬਾਵਜੂਦ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਢਿੱਲ ਵਰਤੀ ਗਈ ਜਿਸ ਦਾ ਨਤੀਜਾ ਇਹ ਹੋਇਆ ਕਿ ਇਨ੍ਹਾਂ ਵਿੱਚੋਂ ਕੁਝ ਤਾਂ 'ਆਪ' ਵਿੱਚ ਸ਼ਾਮਲ ਹੀ ਹੋ ਗਏ। ਜੇਕਰ ਇਨ੍ਹਾਂ ਨੂੰ ਸਮੇਂ ਸਿਰ ਬਾਹਰ ਦਾ ਰਸਤਾ ਦਿਖਾਇਆ ਹੁੰਦਾ ਤਾਂ ਕਾਂਗਰਸ ਦੀ ਸ਼ਾਨ ਵਿੱਚ ਹੀ ਵਾਧਾ ਹੋਣਾ ਸੀ। ਉਨ੍ਹਾਂ ਕਿਹਾ ਕਿ ਹਾਲੇ ਵੀ ਮੌਕਾ ਹੈ ਤੇ ਜਿਹੜੇ ਕਾਂਗਰਸ ਵਿੱਚ ਰਹਿ ਪਿੱਠ ਵਿੱਚ ਛੁਰਾ ਮਾਰਨ ਵਾਲਾ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਬਿਨਾਂ ਦੇਰੀ ਕਾਂਗਰਸ ਵਿੱਚੋਂ ਕੱਢਿਆ ਜਾਵੇ।