ਬਠਿੰਡਾ ਦਾ ਬੱਸ ਅੱਡਾ ਬਾਹਰ ਕੱਢਣ ਖ਼ਿਲਾਫ਼ ਡਟੀ ਸੰਘਰਸ਼ ਕਮੇਟੀ
ਸ਼ਗਨ ਕਟਾਰੀਆ
ਬਠਿੰਡਾ, 21 ਮਈ
‘ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ’ ਵੱਲੋਂ ਆਪਣੇ ਕਾਰਕੁਨਾਂ ਦੀਆਂ ਟੋਲੀਆਂ ਬਣਾ ਕੇ ਸ਼ਹਿਰ ਅੰਦਰ ਹਸਤਾਖ਼ਰ ਮੁਹਿੰਮ ਵਿੱਢੀ ਗਈ ਹੈ। ਇਹ ਟੋਲੀਆਂ ਸਾਂਝੀ ਜਗ੍ਹਾ ’ਤੇ ਬੂਥ ਲਾ ਕੇ ਉਥੋਂ ਲੰਘਣ ਵਾਲੇ ਲੋਕਾਂ ਨੂੰ ਰੋਕ ਕੇ ਨਵੇਂ ਬਣਨ ਵਾਲੇ ਬੱਸ ਅੱਡੇ ਦੇ ਨੁਕਸਾਨ ਅਤੇ ਪੁਰਾਣੇ ਅੱਡੇ ਦੇ ਫਾਇਦੇ ਸਮਝਾਉਂਦੀਆਂ ਹਨ। ਆਪਣੇ ਵਿਚਾਰਾਂ ਨਾਲ ਸਹਿਮਤ ਹੋਣ ਵਾਲੇ ਰਾਹਗੀਰਾਂ ਤੋਂ ਬਾਅਦ ’ਚ ਦਸਤਖ਼ਤ ਕਰਵਾਏ ਜਾਂਦੇ ਹਨ।
ਕਮੇਟੀ ਦੇ ਆਗੂ ਬਲਤੇਜ ਸਿੰਘ ਵਾਂਦਰ ਅਤੇ ਹਰਵਿੰਦਰ ਸਿੰਘ ਹੈਪੀ ਦਾ ਕਹਿਣਾ ਹੈ ਕਿ ਸ਼ਹਿਰ ਤੋਂ ਕਰੀਬ ਸੱਤ ਕਿਲੋਮੀਟਰ ਦੂਰ ਮਲੋਟ ਰੋਡ ’ਤੇ ਭੂ-ਮਾਫ਼ੀਆ ਨੂੰ ਲਾਭ ਦੇਣ ਦੇ ਉਦੇਸ਼ ਨਾਲ ਬੱਸ ਸਟੈਂਡ ਲਿਜਾਣ ਦੀ ਤਜਵੀਜ਼ ਲਿਆਂਦੀ ਗਈ ਹੈ। ਉਨ੍ਹਾਂ ਦੋ-ਟੁਕ ਲਹਿਜ਼ੇ ’ਚ ਕਿਹਾ ਕਿ ਅੱਡਾ ਬਾਹਰ ਲਿਜਾਣ ਦੀ ਯੋਜਨਾ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ, ਭਾਵੇਂ ਇਸ ਲਈ ਸੰਘਰਸ਼ ਨੂੰ ਕਿਸੇ ਵੀ ਪੱਧਰ ’ਤੇ ਲਿਜਾਣਾ ਪਵੇ। ਕਮੇਟੀ ਦੇ ਮੀਡੀਆ ਇੰਚਾਰਜ ਸੰਦੀਪ ਅਗਰਵਾਲ ਨੇ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ ਪਿੰਡਾਂ, ਸ਼ਹਿਰਾਂ, ਬੱਸ ਸਟੈਂਡਾਂ, ਬਾਜ਼ਾਰਾਂ ਵਿੱਚ ਲੋਕਾਂ ਤੋਂ ਹਸਤਾਖ਼ਰ ਕਰਵਾ ਕੇ ਇੱਕ ਡਾਟਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਗੁਰਪ੍ਰੀਤ ਆਰਟਿਸਟ ਵੱਲੋਂ ਆਪਣੀ ਟੀਮ ਨਾਲ ਕਮੇਟੀ ਅੱਗੇ ਰੱਖਣ ਲਈ ਇੱਕ ਟੈਕਨੀਕਲ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਸੰਘਰਸ਼ ਕਮੇਟੀ ਅਤੇ ਲੋਕਾਂ ਦਾ ਪੱਖ ਮਜ਼ਬੂਤ ਕਰੇਗਾ।
ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਅੰਬੇਡਕਰ ਪਾਰਕ ਵਿੱਚ ਲੋਕਾਂ ਦੇ ਵਿਚਾਰ ਲਏ ਜਾਂਦੇ ਹਨ, ਤਾਂ ਜੋ ਨਵੇਂ ਸੁਝਾਵਾਂ ਉੱਤੇ ਕੰਮ ਕੀਤਾ ਜਾ ਸਕੇ। ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਪਾਯਲ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਕਾਲਜਾਂ ਦੇ ਵਿਦਿਆਰਥੀਆਂ ਨਾਲ ਬੱਸ ਸਟੈਂਡ ਸਬੰਧੀ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀ ਬੱਸ ਸਟੈਂਡ ਨੂੰ ਮੌਜੂਦਾ ਥਾਂ ’ਤੇ ਰੱਖਣ ਦੇ ਹੱਕ ਵਿੱਚ ਹਨ, ਕਿਉਂ ਕਿ ਇਸ ਨਾਲ ਆਮ ਲੋਕਾਂ ਨੂੰ ਸੁਵਿਧਾ ਹੈ।
ਇਨਕਲਾਬੀ ਕੇਂਦਰ ਨੇ ਅੱਡਾ ਤਬਦੀਲ ਕਰਨ ਦਾ ਵਿਰੋਧ
ਭੁੱਚੋ ਮੰਡੀ (ਪਵਨ ਗੋਇਲ): ਇਨਕਲਾਬੀ ਕੇਂਦਰ ਪੰਜਾਬ ਨੇ ਬਠਿੰਡਾ ਸ਼ਹਿਰ ਦੇ ਬੱਸ ਅੱਡੇ ਨੂੰ ਮਲੋਟ ਰੋਡ ’ਤੇ ਤਬਦੀਲ ਕਰਨ ਦੇ ਸਰਕਾਰੀ ਫੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੀ ਭਰਵੀਂ ਹਮਾਇਤ ਦਾ ਐਲਾਨ ਕੀਤਾ ਹੈ। ਇਨਕਲਾਬੀ ਕੇਂਦਰ ਦੇ ਸੂਬਾਈ ਆਗੂ ਨਰੈਣ ਦੱਤ, ਕੰਮਲਜੀਤ ਖੰਨਾ, ਮੁਖਿਆਰ ਸਿੰਘ ਪੂਹਲਾ ਅਤੇ ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਕਿਹਾ ਕਿ ਸ਼ਹਿਰ ਵਾਸੀ ਨਹੀਂ ਚਾਹੁੰਦੇ ਕਿ ਬੱਸ ਅੱਡਾ ਸ਼ਹਿਰ ਤੋਂ ਬਾਹਰ ਤਬਦੀਲ ਹੋਵੇ, ਪਰ ਭੂ ਮਾਫੀਆ ਦੇ ਇਸ਼ਾਰੇ ’ਤੇ ਬੱਸ ਅੱਡਾ ਮਲੋਟ ਵਾਲੀ ਸੜਕ ਤੇ ਲਿਜਾਇਆ ਜਾ ਰਿਹਾ ਹੈ, ਤਾਂ ਜੋ ਭੂ ਮਾਫੀਆ ਇਸ ਸੜਕ ਨੇੜੇ ਸਥਿਤ ਆਪਣੀਆਂ ਜਮੀਨਾਂ ਮਹਿੰਗੇ ਭਾਅ ’ਤੇ ਵੇਚ ਸਕਣ। ਮੌਜੂਦਾ ਬੱਸ ਅੱਡਾ ਸਰਕਾਰੀ ਦਫ਼ਤਰਾਂ ਦੇ ਬਿੱਲਕੁੱਲ ਨਾਲ ਹੋਣ ਕਾਰਨ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੋਈ ਹੈ। ਬੱਸ ਅੱਡੇ ਦੇ ਬਾਹਰ ਜਾਣ ਨਾਲ ਪਿੰਡਾਂ ਵਾਲੇ ਲੋਕਾਂ ਨੂੰ ਦਫ਼ਤਰਾਂ ਵਿੱਚ ਆਉਣ ਜਾਣ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਬਠਿੰਡੇ ਦੇ ਬੱਸ ਅੱਡੇ ਨੂੰ ਤਬਦੀਲ ਨਾ ਕੀਤਾ ਜਾਵੇ।