ਬਠਿੰਡਾ ਤੇ ਮਾਨਸਾ ’ਚ ਗਰਮੀ ਨੇ ਸੇਕੇ ਲੋਕ
ਜੋਗਿੰਦਰ ਸਿੰਘ ਮਾਨ
ਮਾਨਸਾ, 17 ਮਈ
ਮਾਲਵਾ ਖੇਤਰ ਵਿੱਚ ਗਰਮੀ ਦਾ ਕਹਿਰ ਪੂਰੇ ਸਿਖ਼ਰ ’ਤੇ ਹੈ। ਇਸ ਖੇਤਰ ’ਚ ਪਾਰਾ 44 ਡਿਗਰੀ ਤੱਕ ਪੁੱਜ ਗਿਆ ਹੈ। ਗਰਮੀ ਦਾ ਅਸਰ ਹੁਣ ਕੰਮਾਂਕਾਰਾਂ ’ਤੇ ਦਿਖਾਈ ਦੇਣ ਲੱਗਿਆ ਹੈ। ਇਥੇ ਬਾਜ਼ਾਰ ਵਿੱਚ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਲੋਕਾਂ ਦੀ ਆਵਾਜਾਈ ਨਾਂਹ ਦੇ ਬਰਾਬਰ ਰਹੀ। ਅੱਜ ਮਾਨਸਾ ਤੇ ਬਠਿੰਡਾ ਵਿੱਚ ਪਾਰਾ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਮਹਿਕਮੇ ਵੱਲੋਂ 9 ਜ਼ਿਲ੍ਹਿਆਂ ਵਿੱਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਦੁਪਹਿਰ ਵੇਲੇ ਬਿਨਾਂ ਕੰਮ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਮਹਿਕਮੇ ਵੱਲੋਂ ਜਾਰੀ ਰਿਪੋਰਟ ਅਨੁਸਾਰ 21 ਮਈ ਤੱਕ ਵੱਧ ਤੋਂ ਵੱਧ ਤਾਪਮਾਨ 45.0 ਤੋਂ 46.0 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25 ਤੋਂ 28 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 18-46 ਪ੍ਰਤੀਸ਼ਤ ਹੋ ਸਕਦੀ ਹੈ। ਰਿਪੋਰਟ ਅਨੁਸਾਰ ਆਉਣ ਵਾਲੇ 4-5 ਦਿਨਾਂ ਵਿੱਚ ਬੱਦਲਬਾਈ ਰਹਿਣ ਦੀ ਸੰਭਾਵਨਾ ਹੈ। ਅਚਾਨਕ ਚਾਰ ਦਿਨਾਂ ਤੋਂ ਵਧੀ ਗਰਮੀ ਕਾਰਨ ਔਰਤਾਂ ਅਤੇ ਛੋਟੇ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਹੈ। ਕਈ ਬੱਚੇ ਪਾਣੀ ਦੀ ਘਾਟ ਅਤੇ ਡਾਇਰੀਆ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਜ਼ਿਆਦਾਤਰ ਬੱਚੇ ਘਰਾਂ ਅੰਦਰ ਹੀ ਦੁਬਕੇ ਰਹਿਣ ਲਈ ਮਜਬੂਰ ਹਨ। ਦੁਪਿਹਰ 2 ਵਜੇ ਸਕੂਲਾਂ ’ਚੋਂ ਛੁੱਟੀ ਮਗਰੋਂ ਵਾਪਸ ਆ ਰਹੇ ਬੱਚਿਆਂ ਨੂੰ ਰਸਤੇ ’ਚ ਪਾਣੀ ਪੀਂਦੇ ਦੇਖਿਆ ਗਿਆ। ਬੱਸਾਂ ਵਿਚ ਵੀ ਦੁਪਿਹਰ ਸਮੇਂ ਮੁਸਾਫਰਾਂ ਦੀ ਗਿਣਤੀ ਕਾਫ਼ੀ ਘੱਟ ਰਹੀ ਅਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਗਰਮੀ ਨੇ ਬੇਹਾਲ ਕੀਤਾ ਹੋਇਆ ਸੀ।