ਬਠਿੰਡਾ ’ਚ ਟੋਅ ਵੈਨਾਂ ਖ਼ਿਲਾਫ਼ ਨਿੱਤਰੇ ਦੁਕਾਨਦਾਰ
ਸ਼ਗਨ ਕਟਾਰੀਆ
ਬਠਿੰਡਾ, 23 ਮਈ
ਟੋਅ ਵੈਨਾਂ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਸ਼ਹਿਰ ਦੇ ਦੁਕਾਨਦਾਰਾਂ ਨੇ ਅੱਜ ਬੈਂਕ ਬਾਜ਼ਾਰ ਤੋਂ ਆਰੀਆ ਸਮਾਜ ਚੌਕ ਤੱਕ ਰੋਸ ਮਾਰਚ ਕੀਤਾ। ਪ੍ਰਦਰਸ਼ਨਕਾਰੀ ਦੁਕਾਨਦਾਰਾਂ ਨੇ ਮਾਰਚ ਕਰਦਿਆਂ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਾਰਚ ਕਰਨ ਤੋਂ ਪਹਿਲਾਂ ਦੁਕਾਨਦਾਰਾਂ ਵੱਲੋਂ ਬੈਂਕ ਬਾਜ਼ਾਰ ’ਚ ਮਸਲੇ ਬਾਰੇ ਹੰਗਾਮੀ ਮੀਟਿੰਗ ਕੀਤੀ ਗਈ।
ਦੁਕਾਨਦਾਰਾਂ ’ਚ ਸ਼ਾਮਲ ਭਾਜਪਾ ਆਗੂ ਸੰਦੀਪ ਅਗਰਵਾਲ ਨੇ ਨਗਰ ਨਿਗਮ ’ਤੇ ਪਾਰਕਿੰਗ ਠੇਕੇਦਾਰ ਨੂੰ ਕਥਿਤ ਲਾਭ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਠੇਕੇਦਾਰ ਨੂੰ ਸ਼ਹਿਰ ਦੇ ਨਵੇਂ-ਨਵੇਂ ਇਲਾਕੇ ਦਿੱਤੇ ਜਾ ਰਹੇ ਹਨ ਅਤੇ ਜਿਸ ਸਦਕਾ ਲੋਕਾਂ ਨਾਲ ‘ਧੱਕੇਸ਼ਾਹੀ’ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੱਛੀ ਮਾਰਕੀਟ ਦੇ ਟੈਕਸੀ ਸਟੈਂਡ ਅਤੇ ਸੁਭਾਸ਼ ਮਾਰਕੀਟ ਦੀ ਪਾਰਕਿੰਗ ਵਿੱਚ ਖੜ੍ਹੀਆਂ ਕਾਰਾਂ ਟੋਅ ਕਰਕੇ ਨਿਗਮ ਵੱਲੋਂ ਆਪਣੇ ਹੀ ਬਣਾਏ ਨਿਯਮਾਂ ਨੂੰ ਤੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕੁਝ ਦਿਨ ਪਹਿਲਾਂ ਕਾਰ ਟੋਅ ਕਰਨ ਸਮੇਂ ਟੋਅ ਵੈਨ ਦੇ ਕਰਮਚਾਰੀਆਂ ਅਤੇ ਗਾਹਕਾਂ ਵਿਚਕਾਰ ਝਗੜਾ ਹੋਇਆ ਸੀ, ਜਿਸ ’ਚ ਨਗਰ ਨਿਗਮ ਦੀ ਸ਼ਿਕਾਇਤ ’ਤੇ ਕੁਝ ਦੁਕਾਨਦਾਰਾਂ ’ਤੇ ਕੇਸ ਦਰਜ ਕੀਤਾ ਗਿਆ।
ਦੁਕਾਨਦਾਰਾਂ ਨੇ ਕਿਹਾ ਕਿ ਟੋਅ ਵੈਨਾਂ ਦੇ ਖੌਫ਼ ਕਾਰਨ ਗਾਹਕ ਆਪਣੇ ਵਾਹਨ ਬਾਜ਼ਾਰਾਂ ’ਚ ਲਿਆਉਣ ਤੋਂ ਕੰਨੀ ਕਤਰਾਉਂਦੇ ਹਨ, ਜਿਸ ਕਰਕੇ ਵਪਾਰ ’ਤੇ ਬੁਰਾ ਪ੍ਰਭਾਵ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ ਬਾਜ਼ਾਰਾਂ ’ਚ ਆਉਂਦੀਆਂ ਗੱਡੀਆਂ ਨੂੰ ਟੋਅ ਕਰਨਾ ਬੰਦ ਕਰੇ। ਦੁਕਾਨਦਾਰਾਂ ਨੇ ਦੱਸਿਆ ਕਿ ਮੀਟਿੰਗ ’ਚ ਫੈਸਲਾ ਹੋਇਆ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਅਗਲੇ ਦਿਨੀਂ ਬਠਿੰਡਾ ਆਏ, ਤਾਂ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟਾਉਣਗੇ। ਦੁਕਾਨਦਾਰਾਂ ਨੇ ਸ਼ਹਿਰ ਦਾ ਬੱਸ ਅੱਡਾ ਵੀ ਮੌਜੂਦਾ ਜਗ੍ਹਾ ’ਤੇ ਰੱਖੇ ਜਾਣ ਦੀ ਵਕਾਲਤ ਕੀਤੀ।
ਇਸ ਮੌਕੇ ਦੁਕਾਨਦਾਰ ਅੰਕੁਸ਼ ਗੋਇਲ, ਮੁਨੀਸ਼ ਮਿੱਤਲ, ਅਨੀਸ਼ ਜੈਨ, ਗੌਰਵ ਗਰਗ, ਅਸ਼ੋਕ ਕੁਮਾਰ, ਵਿਨੋਦ ਕੁਮਾਰ, ਮਨੀਤ ਕੁਮਾਰ, ਬਲਵਿੰਦਰ ਸਿੰਘ, ਸੁਖਵੀਰ ਸਿੰਘ, ਅਰੁਣ ਕੁਮਾਰ, ਸੰਜੀਵ ਗੋਇਲ, ਵਿਕਾਸ ਜੈਨ, ਸੰਜੀਵ ਸਿੰਗਲਾ, ਬਲਤੇਜ ਸਿੰਘ, ਬਲਜਿੰਦਰ ਸਰਾਂ, ਜਤਿੰਦਰ ਕੁਮਾਰ, ਸੋਨੂੰ ਮਹੇਸ਼ਵਰੀ, ਸੰਦੀਪ ਗਰਗ, ਸੁਮਿਤ ਮਹੇਸ਼ਵਰੀ, ਜੈ ਪ੍ਰਕਾਸ਼, ਨੀਤੀਸ਼ ਜੈਨ, ਸੁਰੇਸ਼ ਕੁਮਾਰ, ਦੇਵੀ ਦਯਾਲ, ਰਣਜੀਵ ਕੁਮਾਰ, ਪੰਕਜ ਗਰਗ, ਰਾਮ ਕੁਮਾਰ ਸਿੰਗਲਾ, ਜੀਵਨ ਕੁਮਾਰ ਗੋਇਲ, ਪ੍ਰੇਮ ਕੁਮਾਰ, ਸਾਹਿਲ ਜੈਨ, ਦਵਰਜੀਤ ਠਾਕੁਰ, ਵਨੀਤ ਸਿੰਗਲਾ, ਰਵਿੰਦਰ ਕੁਮਾਰ, ਸ਼ਿਵ ਕੁਮਾਰ, ਰਾਜ ਕੁਮਾਰ, ਸ਼ਿਸ਼ਨ ਕੁਮਾਰ, ਲੋਕੇਸ਼ ਕਾਂਸਲ, ਰਤਨ ਲਾਲ, ਸੰਜੀਵ ਸੈਣੀ, ਗੌਰਾ ਲਾਲ ਬਾਂਸਲ, ਮਨੋਜ ਕੁਮਾਰ, ਦੀਪਕ ਬਾਂਸਲ, ਰਾਜੀਵ ਕੁਮਾਰ, ਹੇਮੰਤ ਕੁਮਾਰ, ਸੋਹਣ ਲਾਲ, ਗਿਰਧਾਰੀ ਲਾਲ, ਕ੍ਰਿਸ਼ਨ ਕੁਮਾਰ, ਭੂਸ਼ਣ ਕੁਮਾਰ, ਸੰਦੀਪ ਬੌਬੀ, ਰਿਸ਼ਵ ਗੋਇਲ, ਮੋਨੂ ਗਰਗ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।