ਬਠਿੰਡਾ ’ਚ ਗ਼ਰੀਬਾਂ ਕੋਲੋਂ ਰਿਹਾਇਸ਼ੀ ਪਲਾਟਾਂ ਦੀ ਨਕਸ਼ਾ ਫੀਸ ਨਹੀਂ ਲਵਾਂਗੇ: ਰਵਜੋਤ ਸਿੰਘ
ਸ਼ਗਨ ਕਟਾਰੀਆ
ਬਠਿੰਡਾ, 27 ਮਈ
ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਰਵਜੋਤ ਸਿੰਘ ਅੱਜ ਇਥੇ ਨਗਰ ਨਿਗਮ ਦੇ ਦਫ਼ਤਰ ਪੁੱਜੇ। ਇੱਥੇ ਉਨ੍ਹਾਂ ਰਿਹਾਇਸ਼ੀ ਨਕਸ਼ਿਆਂ ਦੇ ਮੇਲੇ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀ ਖੱਜਲ-ਖੁਆਰੀ ਨੂੰ ਘਟਾਉਣ ਅਤੇ ਲੋਕਾਂ ਨੂੰ ਬਿਹਤਰ ਅਤੇ ਬਿਨਾਂ ਦੇਰੀ ਦੇ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਤਰਜੀਹ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਗਰੀਬ ਵਰਗ ਨਾਲ ਸਬੰਧਤ ਜੋ ਲੋਕ ਕਿਸੇ ਕਾਰਨ ਪ੍ਰਾਈਵੇਟ ਨਕਸ਼ਾ ਨਵੀਸ ਤੋਂ ਨਕਸ਼ੇ ਬਣਾਉਣ ਦੀ ਫੀਸ ਭਰਨ ਤੋਂ ਅਸਮਰਥ ਹਨ, ਉਨ੍ਹਾਂ ਦੇ 125 ਗਜ਼ ਤੱਕ ਦੇ ਰਿਹਾਇਸ਼ੀ ਪਲਾਟਾਂ ਦੇ ਨਕਸ਼ੇ ਬਿਨਾਂ ਆਰਕੀਟੈਕਟ ਦੀ ਫੀਸ ਦਿੱਤਿਆਂ, ਨਗਰ ਨਿਗਮ ਵੱਲੋਂ ਸਰਕਾਰੀ ਫੀਸ ’ਤੇ ਪਾਸ ਕੀਤੇ ਜਾਣਗੇ। ਇਸ ਦੌਰਾਨ ਉਨ੍ਹਾਂ ਲਾਭਪਾਤਰੀਆਂ ਨੂੰ ਮੇਲੇ ਦੌਰਾਨ ਪਾਸ ਕੀਤੇ ਰਿਹਾਇਸ਼ੀ ਪਲਾਂਟਾਂ ਦੇ ਨਕਸ਼ਿਆਂ ਦੀ ਵੰਡ ਵੀ ਕੀਤੀ। ਇਸ ਦੌਰਾਨ ਮੌਜੂਦਾ ਬੱਸ ਅੱਡੇ ਨੂੰ ਤਬਦੀਲ ਕਰਨ ਖ਼ਿਲਾਫ਼ ਸੰਗਰਾਮ ਕਰ ਰਹੀ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਦਾ ਵਫ਼ਦ ਅੱਜ ਇਥੇ ਪੁੱਜੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਰਵਜੋਤ ਸਿੰਘ ਨੂੰ ਮਿਲਿਆ ਅਤੇ ਬੱਸ ਅੱਡੇ ਨੂੰ ਮਲੋਟ ਰੋਡ ’ਤੇ ਤਬਦੀਲ ਨਾ ਕਰਨ ਦੀ ਮੰਗ ਕੀਤੀ। ਸਮੁੱਚੀ ਗੱਲਬਾਤ ਸੁਣਨ ਬਾਅਦ ਮੰਤਰੀ ਡਾ. ਰਵਜੋਤ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਮਾਨ ਸਰਕਾਰ ਲੋਕ-ਰਾਇ ਦੀ ਕਦਰ ਕਰਦੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਫੈਸਲਾ ਲੋਕਾਂ ਦੀ ਸਲਾਹ ਅਨੁਸਾਰ ਹੀ ਲਿਆ ਜਾਵੇਗਾ।
ਅਬੋਹਰ (ਪੰਕਜ ਕੁਮਾਰ): ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸਵੇਰੇ ਅਬੋਹਰ ਨਗਰ ਨਿਗਮ ਦਾ ਅਚਾਨਕ ਦੌਰਾ ਕੀਤਾ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਲੋਕਾਂ ਨਾਲ ਰਾਬਤਾ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਨਗਰ ਨਿਗਮ ਦੇ ਨਿਗਰਾਨ ਇੰਜਨੀਅਰ ਨੂੰ ਡਿਊਟੀ ’ਚ ਅਣਗਹਿਲੀ ਕਰਨ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਵੀ ਦਿੱਤੇ। ਉਨ੍ਹਾਂ ਸ਼ਹਿਰ ਦੇ ਕੂੜਾ ਡੰਪ, ਇੰਦਰਾ ਨਗਰੀ ਸਟੇਡੀਅਮ, ਨਹਿਰੂ ਸਟੇਡੀਅਮ, ਸਬਜ਼ੀ ਮੰਡੀ, ਕ੍ਰਿਸ਼ਨਾ ਨਗਰੀ, ਘੁਮਿਆਰ ਮੁਹੱਲਾ ਅਤੇ ਅਜੀਮਗੜ੍ਹ ਇਲਾਕੇ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਹੇਠਲੇ ਪੱਧਰ ’ਤੇ ਕੀਤੇ ਜਾ ਰਹੇ ਕਾਰਜਾਂ ਦਾ ਨਿਰੀਖਣ ਵੀ ਕੀਤਾ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਅਬੋਹਰ ਦਾ ਦੌਰਾ ਕੀਤਾ ਪਰ ਬੜੇ ਅਫਸੋਸ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਵੱਲੋਂ ਮੇਅਰ ਵਿਮਲ ਠਠਈ ਨੂੰ ਸੱਦਾ ਨਹੀਂ ਦਿੱਤਾ ਗਿਆ, ਕਿਉਂਕਿ ਦੌਰਾ ਤਾਂ ਸ਼ਹਿਰ ਦਾ ਕਰਨ ਆਏ ਸੀ ਕਿ ਸ਼ਹਿਰ ਵਾਸੀਆਂ ਨੂੰ ਕੀ ਦਿੱਕਤਾਂ ਆ ਰਹੀਆਂ ਹਨ।
ਮੰਤਰੀ ਨੇ ਬੇਹੋਸ਼ ਬਜ਼ੁਰਗ ਦੀ ਬਚਾਈ ਜਾਨ
ਬਠਿੰਡਾ (ਮਨੋਜ ਸ਼ਰਮਾ): ਬਠਿੰਡਾ ਨਗਰ ਨਿਗਮ ਵਿੱਚ ਨਕਸ਼ਾ ਮੇਲੇ ’ਚ ਪੁੱਜੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਇੱਕ ਬਜ਼ੁਰਗ ਦੀ ਜਾਨ ਬਚਾਈ। ਉਹ ਬਜ਼ੁਰਗ ਮੰਤਰੀ ਨੂੰ ਆਪਣੀ ਸਮੱਸਿਆ ਦੱਸਣ ਆਇਆ ਸੀ ਅਤੇ ਕਾਫੀ ਸਮੇਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਇਸ ਦੌਰਾਨ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਸ੍ਰੀ ਰਵਜੋਤ ਪੇਸ਼ੇ ਵਜੋਂ ਡਾਕਟਰ ਹਨ। ਮੰਤਰੀ ਦੇ ਇਸ ਕਾਰਜ ਦੀ ਇਲਾਕੇ ’ਚ ਪ੍ਰਸੰਸਾ ਹੋ ਰਹੀ ਹੈ। ਜਾਣਕਾਰੀ ਅਨੁਸਾਰ ਜਦੋਂ ਬਜ਼ੁਰਗ ਗਸ਼ ਖਾ ਕੇ ਡਿੱਗਿਆਂ ਤਾਂ ਲੋਕ ਘਬਰਾ ਗਏ ਪਰ ਮੰਤਰੀ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਬਿਨਾਂ ਕਿਸੇ ਝਿਜਕ ਤੋਂ ਬਜ਼ੁਰਗ ਨੂੰ ਸੀਪੀਆਰ (CPR) ਦਿੱਤੀ। ਉਨ੍ਹਾਂ ਬਜ਼ੁਰਗ ਦੇ ਹੱਥਾਂ-ਪੈਰਾਂ ਦੀ ਮਾਲਿਸ਼ ਅਤੇ ਦਿਲ ਦੀ ਬਿਮਾਰੀ ਨਾਲ ਪੀੜਤ ਬਜ਼ੁਰਗ ਨੂੰ ਮੁੜ ਸਾਹ ਦਿੱਤਾ। ਕੁਝ ਸਮੇਂ ਬਾਅਦ ਬਜ਼ੁਰਗ ਨੂੰ ਹੋਸ਼ ਆ ਗਿਆ ਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ। ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਇੱਕ ਡਾਕਟਰ ਹਨ, ਇਨਸਾਨੀ ਜਾਨ ਬਚਾਉਣਾ ਉਨ੍ਹਾਂ ਦਾ ਫਰਜ਼ ਹੈ। ਉਨ੍ਹਾ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਸਮੇਂ ’ਤੇ ਮਦਦ ਕਰ ਸਕਿਆ।