ਬਠਿੰਡਾ: ਇੱਕ ਟਰਾਲਾ ਚੌਕ ’ਤੇ ਚੜ੍ਹਿਆ, ਦੂਜਾ ਸੜਕ ’ਤੇ ਪਲਟਿਆ
ਸ਼ਗਨ ਕਟਾਰੀਆ
ਬਠਿੰਡਾ, 15 ਜੂਨ
ਲੰਘੀ ਰਾਤ ਦੋ ਟਰਾਲੇ ਵੱਖ-ਵੱਖ ਸੜਕ ਹਾਦਸਿਆਂ ’ਚ ਹਾਦਸੇ ਦਾ ਸ਼ਿਕਾਰ ਹੋ ਗਏ। ਲੁਧਿਆਣਾ ਤੋਂ ਹਨੂੰਮਾਨਗੜ੍ਹ ਜਾ ਰਿਹਾ ਇੱਕ ਟਰਾਲਾ (ਵੱਡਾ ਟਰੱਕ) ਲੰਘੀ ਰਾਤ ਕਰੀਬ ਦੋ ਵਜੇ ਸ਼ਹਿਰ ਵਿਚਲੇ ਸ਼ਹੀਦ ਹੌਲਦਾਰ ਨੰਦ ਸਿੰਘ ਚੌਕ ਵਿੱਚ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਟਰਾਲਾ ਚੌਕ ਦੀਆਂ ਰੋਕਾਂ ਨੂੰ ਪਾਰ ਕਰਦਾ, ਨੰਦ ਸਿੰਘ ਦੇ ਬੁੱਤ ਤੱਕ ਚਲਾ ਗਿਆ। ਇਸ ਤੋਂ ਪਹਿਲਾਂ ਉਹ ਇੱਥੇ ਬਣੀ ਟਰੈਫ਼ਿਕ ਪੁਲੀਸ ਦੀ ਚੈੱਕ ਪੋਸਟ (ਚੌਕੀ) ਵਿੱਚ ਵੱਜਾ। ਚੌਕੀ ’ਚ ਉਸ ਸਮੇਂ ਕੋਈ ਕਰਮਚਾਰੀ ਨਾ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਚੌਕ ਦਾ ਕਾਫੀ ਨੁਕਸਾਨ ਹੋਇਆ।
ਹਾਦਸੇ ਦੀ ਸੂਚਨਾ ‘ਸਹਾਰਾ’ ਸੰਸਥਾ ਨੂੰ ਮਿਲੀ ਤਾਂ ਸਹਾਰਾ ਵਾਲੰਟੀਅਰ ਸੰਦੀਪ ਗਿੱਲ ਅਤੇ ਐਂਬੂਲੈਂਸ 108 ਮੌਕੇ ’ਤੇ ਪਹੁੰਚੇ। ਉਨ੍ਹਾਂ ਗੰਭੀਰ ਜ਼ਖ਼ਮੀ ਟਰਾਲਾ ਡਰਾਈਵਰ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਲਿਜਾ ਕੇ, ਉਸਦਾ ਇਲਾਜ ਸ਼ੁਰੂ ਕਰਵਾਇਆ। ਜ਼ਖ਼ਮੀ ਚਾਲਕ ਦੀ ਪਛਾਣ ਮਦਨ ਲਾਲ ਵਾਸੀ ਰਾਜਸਥਾਨ ਵਜੋਂ ਦੱਸੀ ਗਈ ਹੈ।
ਇਸੇ ਤਰ੍ਹਾਂ ਇੱਕ ਟਰਾਲਾ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਪਿੰਡ ਗਿੱਲਪੱਤੀ ਨੇੜੇ ਪਲਟ ਗਿਆ। ਹਾਦਸੇ ਕਾਰਨ ਟਰੱਕ ਦਾ ਚਾਲਕ ਅਤੇ ਉਸ ਦਾ ਸਹਾਇਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਿਕ ਸੜਕ ’ਤੇ ਟਰੱਕ ਅੱਗੇ ਅਚਾਨਕ ਆਈ ਗਊ ਇਸ ਘਟਨਾ ਦੀ ਵਜ੍ਹਾ ਬਣੀ। ਦੁਰਘਟਨਾਗ੍ਰਸਤ ਟਰਾਲੇ ’ਚ ਕੇਲੇ ਲੱਦੇ ਹੋਏ ਸਨ ਅਤੇ ਉਹ ਗੁਜਰਾਤ ਤੋਂ ਜਲੰਧਰ ਜਾ ਰਿਹਾ ਸੀ। ਘਟਨਾ ਦੀ ਇਤਲਾਹ ਮਿਲਣ ’ਤੇ ‘ਸਹਾਰਾ’ ਸੰਸਥਾ ਦੇ ਮੈਂਬਰ ਘਟਨਾ ਸਥਾਨ ’ਤੇ ਪੁੱਜੇ ਅਤੇ ਜ਼ਖ਼ਮੀ ਡਰਾਈਵਰ ਅਤੇ ਕੰਡਕਟਰ ਨੂੰ ਟਰਾਲੇ ’ਚੋਂ ਬਾਹਰ ਕੱਢਿਆ। ਫਿਰ ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਟਰਾਲੇ ਦੇ ਡਰਾਈਵਰ ਦੀ ਪਛਾਣ ਸਰੂਪ ਸਿੰਘ ਵਾਸੀ ਰਾਜਸਥਾਨ ਵਜੋਂ ਹੋਈ ਹੈ।