ਬਖਸ਼ੀਵਾਲਾ ਅਤੇ ਕਾਹਨਗੜ੍ਹ ਵਿੱਚ ਡਿਸਪੈਂਸਰੀਆਂ ਬੰਦ ਕਰਨ ਦਾ ਵਿਰੋਧ
ਪੱਤਰ ਪੇਰਕ
ਬਰੇਟਾ, 6 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡਾਂ ਵਿੱਚੋਂ ਡਿਸਪੈਂਸਰੀਆਂ ਬੰਦ ਕਰ ਕੇ ਸਟਾਫ ਮੁਹੱਲਾ ਕਲੀਨਿਕਾਂ ਵਿੱਚ ਭੇਜੇ ਜਾਣ ਵਿਰੁੱਧ ਵਿੱਢਿਆ ਸੰਘਰਸ਼ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਸਬੰਧੀ ਜਥੇਬੰਦੀ ਵੱਲੋਂ ਪਹਿਲਾਂ ਪਿੰਡ ਗੋਬਿੰਦਪੁਰਾ ਵਿੱਚ ਚਾਰ ਦਿਨਾਂ ਦੇ ਧਰਨੇ ਮਗਰੋਂ ਡਿਸਪੈਂਸਰੀ ਮੁੜ ਸ਼ੁਰੂ ਹੋ ਗਈ ਹੈ। ਇਸ ਮਗਰੋਂ ਹੁਣ ਪਿੰਡਾ ਬਖਸ਼ੀਵਾਲਾ ਦੀ ਡਿਸਪੈਂਸਰੀ ਨੂੰ ਜਿੰਦਰਾ ਲਗਾਉਣ ਅਤੇ ਕਾਹਨਗੜ੍ਹ ਦੀ ਡਿਸਪੈਂਸਰੀ ਵਿੱਚੋਂ ਡਾਕਟਰ, ਫਾਰਮਾਸਿਸਟ ਤੇ ਸਟਾਫ ਨੂੰ ਉੱਥੋਂ ਭੇਜਣ ਦੇ ਵਿਰੋਧ ਵਿੱਚ ਅੱਜ ਸਵੇਰੇ ਧਰਨੇ ਸ਼ੁਰੂ ਕੀਤੇ ਗਏ।
ਇਨ੍ਹਾਂ ਧਰਨਿਆਂ ਦੀ ਅਗਵਾਈ ਕਰ ਰਹੇ ਮੇਜਰ ਸਿੰਘ ਗੋਬਿੰਦਪੁਰਾ ਅਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕਾਂ ਦੇ ਨਾਂ ‘ਤੇ ਵਾਹ-ਵਾਹ ਖੱਟਣ ਲਈ ਪਹਿਲਾਂ ਤੋਂ ਚਲਦੀਆਂ ਡਿਸਪੈਂਸਰੀਆਂ ਤੇ ਹਸਪਤਾਲਾਂ ਨੂੰ ਬੰਦ ਕਰ ਕੇ ਲੋਕਾਂ ਲਈ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਪਹਿਲਾਂ ਦਿੱਤੀਆਂ ਸਹੂਲਤਾਂ ਵੀ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਅਧਿਕਾਰੀ ਨੇ ਧਰਨੇ ਵਿੱਚ ਆ ਕੇ ਗੱਲਬਾਤ ਨਾ ਕੀਤੀ ਤਾਂ 2 ਵਜੇ ਮਗਰੋਂ ਬਰੇਟਾ-ਜਾਖਲ ਮੁੱਖ ਸੜਕ ਨੂੰ ਜਾਮ ਕੀਤਾ ਜਾਵੇਗਾ। ਇਸੇ ਦੌਰਾਨ ਐਸਐਮਓ ਨਾਇਬ ਤਹਿਸੀਲਦਾਰ ਅਤੇ ਥਾਣਾ ਮੁਖੀ ਬਰੇਟਾ ਧਰਨੇ ਵਿੱਚ ਪੁੱਜੇ। ਉਨ੍ਹਾਂ ਭਰੋਸਾ ਦਿੱਤਾ ਕਿ ਤਿੰਨ ਦਿਨਾਂ ਵਿੱਚ ਇਸ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ‘ਤੇ ਜਥੇਬੰਦੀ ਦੇ ਬੁਲਾਰੇ ਮੇਜਰ ਸਿੰਘ ਨੇ ਕਿਹਾ ਕਿ ਧਰਨੇ ਲਗਾਤਾਰ ਮਸਲੇ ਦੇ ਹੱਲ ਤਕ ਜਾਰੀ ਰਹਿਣਗੇ ਪਰ ਅੱਜ ਜੋ ਸੜਕ ਜਾਮ ਕਰਨ ਦਾ ਪ੍ਰੋਗਰਾਮ ਸੀ ਉਹ ਰੱਦ ਕਰ ਦਿੱਤਾ ਗਿਆ ਹੈ।