ਬਕਾਏ ਲੈਣ ਲਈ ਮੁੱਖ ਇੰਜਨੀਅਰ ਦਫਤਰ ਮੂਹਰੇ ਡਟੇ ਡੈਮ ਵਰਕਰ
ਐੱਨਪੀ ਧਵਨ
ਪਠਾਨਕੋਟ, 11 ਦਸੰਬਰ
ਥੀਨ ਡੈਮ ਵਰਕਰਜ਼ ਯੂਨੀਅਨ (ਸੀਟੀਯੂ) ਵੱਲੋਂ ਅਦਾਲਤ ਵਿੱਚੋਂ ਜਿੱਤੇ ਹੋਏ ਕੇਸਾਂ ਨੂੰ ਲਾਗੂ ਕਰਨ ਅਤੇ ਬਕਾਏ ਦੇਣ ਦੀ ਮੰਗ ਨੂੰ ਲੈ ਕੇ ਪ੍ਰਧਾਨ ਜਸਵੰਤ ਸਿੰਘ ਸੰਧੂ ਦੀ ਅਗਵਾਈ ਵਿੱਚ ਸ਼ਾਹਪੁਰਕੰਢੀ ਵਿਖੇ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦੇ ਦਫਤਰ ਮੂਹਰੇ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਨੂੰ ਯੂਨੀਅਨ ਦੇ ਚੇਅਰਮੈਨ ਤੇ ਸੀਟੀਯੂ ਦੇ ਸੂਬਾਈ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ, ਜਨਕ ਰਾਜ, ਸਕੱਤਰ ਸਿੰਘ, ਰਣਜੋਧ ਸਿੰਘ, ਗੁਰਦਰਸ਼ਨ ਸਿੰਘ, ਵਿਜੇ ਕੁਮਾਰ ਸ਼ਰਮਾ, ਅਵਤਾਰ ਸਿੰਘ, ਸ਼ਾਮੂ, ਵੱਸਣ ਸਿੰਘ, ਵਿਜੇ ਕੁਮਾਰ ਆਦਿ ਆਗੂਆਂ ਨੇ ਸੰਬੋਧਨ ਕੀਤਾ। ਮੁੱਖ ਬੁਲਾਰੇ ਕਾਮਰੇਡ ਨੱਥਾ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਣਜੀਤ ਸਾਗਰ ਡੈਮ ’ਤੇ ਕੰਮ ਕਰ ਰਹੇ ਡੇਲੀਵੇਜ ਵਰਕਰਾਂ (ਦਿਹਾੜੀਦਾਰਾਂ) ਦਾ ਕੇਸ ਥੀਨ ਡੈਮ ਵਰਕਰਜ਼ ਯੂਨੀਅਨ ਨੇ 35 ਸਾਲਾਂ ਦੀ ਜਦੋਜਹਿਦ ਬਾਅਦ ਅਦਾਲਤ ਵਿੱਚੋਂ ਜਿੱਤਿਆ ਹੈ ਜਿਸ ਨਾਲ 1406 ਵਰਕਰਾਂ ਨੂੰ ਰੈਗੂਲਰ ਵਰਕਰਾਂ ਦੇ ਬਰਾਬਰ ਤਨਖਾਹਾਂ ਤੇ ਭੱਤਿਆਂ ਦਾ ਲਾਭ ਮਿਲਣਾ ਹੈ ਤੇ ਅਦਾਲਤ ਨੇ ਇਹ ਲਾਭ ਤੁਰੰਤ ਦੇਣ ਲਈ ਆਦੇਸ਼ ਵੀ ਜਾਰੀ ਕਰ ਰੱਖੇ ਹਨ ਪਰ ਡੈਮ ਦਾ ਪ੍ਰਸ਼ਾਸਨ ਅਜੇ ਵੀ ਆਪਣੀ ਮਨਮਾਨੀ ਕਰਕੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਲਾਭ ਤੇ ਬਕਾਏ ਦੇਣ ਵਿੱਚ ਦੇਰੀ ਕਰ ਰਿਹਾ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਲਾਭ ਅਤੇ ਬਕਾਏ, ਪਟੀਸ਼ਨਰ ਦਿਹਾੜੀਦਾਰਾਂ ਨੂੰ ਅਦਾ ਕਰਨ ਲਈ ਭੇਜੇ ਗਏ 56 ਕਰੋੜ ਰੁਪਏ ਦੇ ਫੰਡ ਜੇਕਰ 31 ਮਾਰਚ ਤੱਕ ਅਦਾ ਨਾ ਕੀਤੇ ਗਏ ਤਾਂ ਇਹ ਫੰਡ ਵਿੱਤੀ ਸਾਲ ਖਤਮ ਹੋਣ ਕਰਕੇ ਕਿਧਰੇ ਲੈਪਸ ਨਾ ਹੋ ਜਾਣ।