For the best experience, open
https://m.punjabitribuneonline.com
on your mobile browser.
Advertisement

ਫੌਜ ਵਿਚ ਕਮਿਸ਼ਨ ਅਤੇ ਪੰਜਾਬ

12:36 AM Jun 20, 2023 IST
ਫੌਜ ਵਿਚ ਕਮਿਸ਼ਨ ਅਤੇ ਪੰਜਾਬ
Advertisement

ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ

Advertisement

ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ) ਦੇਹਰਾਦੂਨ ਦੀ 10 ਜੂਨ ਨੂੰ ਪਾਸਿੰਗ ਆਊਟ ਪਰੇਡ (ਪੀਓਪੀ) ਦਾ ਮੁਆਇਨਾ ਕਰਨ ਪਿੱਛੋਂ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਸਿਖਲਾਈ ਦੌਰਾਨ ਸ਼ੁਹਰਤ ਹਾਸਲ ਕਰਨ ਵਾਲੇ ਜੈਂਟਲਮੈਨ ਕੈਡਿਟਾਂ (ਜੀਸੀ) ਨੂੰ ਸਨਮਾਿਨਤ ਕੀਤਾ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਸਾਧਾਰਨ ਕਿਸਾਨ ਦੇ ਪੁੱਤਰ ਲੈਫਟੀਨੈਂਟ ਕਮਲਪ੍ਰੀਤ ਸਿੰਘ ਨੂੰ 374 ਜੀਸੀ ਵਿਚੋਂ ਤੀਸਰਾ ਸਥਾਨ ਪ੍ਰਾਪਤ ਕਰਨ ‘ਤੇ ਬ੍ਰਾਨਜ਼ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਮਹਾਰਾਸ਼ਟਰ ਦੇ ਮਿਹਿਰ ਬੈਨਰਜੀ ਨੂੰ ਸਵੋਰਡ ਆਫ ਆਨਰ, ਰਾਜਸਥਾਨ ਦੇ ਅਭਿਮਨਿਊ ਸਿੰਘ ਨੂੰ ਗੋਲਡ ਮੈਡਲ, ਜੈਪੁਰ ਦੇ ਹੀ ਤਕਨੀਕੀ ਗਰੈਜੂਏਟ ਸੂਰੀਆਭਾਨ ਸਿੰਘ ਨੂੰ ਸਿਲਵਰ ਮੈਡਲ ਨਾਲ ਸਤਿਕਾਰਿਆ ਗਿਆ। ਜਦੋਂ ਕਮਲਪ੍ਰੀਤ ਪਾਸੋਂ ਉਸ ਦੀਆਂ ਪ੍ਰਾਪਤੀਆਂ ਬਾਰੇ ਜਾਨਣਾ ਚਾਹਿਆ ਤਾਂ ਉਸ ਨੇ ਕਿਹਾ ਕਿ ਉਸ ਦੇ ਪਿਤਾ ਹੀ ਇਹ ਕਹਿ ਕੇ ਉਤਸ਼ਾਹਿਤ ਕਰਦੇ ਰਹਿੰਦੇ ਕਿ ਫੌਜ ਸ਼ਾਨਦਾਰ ਕਿੱਤਾ ਹੈ।

Advertisement

ਪੰਜਾਬ ਵਾਸਤੇ ਫ਼ਖ਼ਰ ਵਾਲੀ ਗੱਲ ਹੈ ਕਿ ਬੀਤੇ ਤਕਰੀਬਨ 4 ਸਾਲਾਂ ਦੌਰਾਨ ਆਈਐਮਏ ਦੀ ਪੀਓਪੀ ਸਮੇਂ ਤਰਨ ਤਾਰਨ ਜ਼ਿਲ੍ਹੇ ਦੇ ਲੈਫਟੀਡੈਂਟ ਅਕਾਸ਼ਦੀਪ ਸਿੰਘ ਢਿੱਲੋਂ, ਲੁਧਿਆਣਾ ਜ਼ਿਲ੍ਹੇ ਦੇ ਵਤਨਦੀਪ ਸਿੰਘ ਸਿੱਧੂ ਤੇ ਰੂਪਨਗਰ ਦੇ ਹਰਪ੍ਰੀਤ ਸਿੰਘ ਨੂੰ ਓਟੀਏ ਦੀ ਪੀਓਪੀ ਸਮੇਂ ਸਰਬੋਤਮ ਦਰਜਾ ਪ੍ਰਾਪਤ ਕਰਨ ਤੋਂ ਬਾਅਦ ਸਵੋਰਡ ਆਫ ਆਨਰ ਨਾਲ ਨਿਵਾਜਿਆ ਗਿਆ।

ਦੱਸਣਯੋਗ ਹੈ ਕਿ 152 ਰੈਗੂਲਰ ਕੋਰਸ ਅਤੇ 135ਵੇਂ ਟੈਕਨੀਕਲ ਗਰੈਜੂਏਟ ਕੋਰਸ ਦੇ ਕੁੱਲ ਮਿਲਾ ਕੇ 374 ਜੀਸੀ ਪਾਸ ਆਊਟ ਹੋਏ ਜਿਸ ਵਿਚ 42 ਜੀਸੀ 7 ਵਿਦੇਸ਼ੀ ਮੁਲਕਾਂ ਦੇ ਸਨ। 63 ਅਫਸਰ ਯੂਪੀ, ਬਿਹਾਰ ਦੇ 33, ਹਰਿਆਣਾ ਦੇ 32, ਪੰਜਾਬ ਦੇ 23 ਅਤੇ ਹਿਮਾਚਲ ਦੇ 17 ਜੀਸੀ ਨੇ ਕਮਿਸ਼ਨ ਪ੍ਰਾਪਤ ਕੀਤਾ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੁਝ ਪੰਜਾਬੀ ਗੱਭਰੂ ਪੀਓਪੀ ਸਮੇਂ ਵਿਸ਼ੇਸ਼ ਪ੍ਰਾਪਤੀਆਂ ਕਾਰਨ ਦੇਸ਼ ਭਰ ‘ਚ ਧਾਂਕ ਜਮਾ ਰਹੇ ਹਨ ਪਰ ਸਮੂਹਿਕ ਗਿਣਤੀ-ਮਿਣਤੀ ‘ਚ ਦੂਸਰੇ ਸੂਬਿਆਂ ਦੇ ਮੁਕਾਬਲੇ ਕਿਉਂ ਪੱਛੜ ਰਹੇ ਹਨ?

ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਪੰਜਾਬ ‘ਚੋਂ ਘੱਟ ਨੌਜਵਾਨਾਂ ਨੇ ਕਮਿਸ਼ਨ ਪ੍ਰਾਪਤ ਕੀਤਾ ਹੋਵੇ। 8 ਦਸੰਬਰ 2012 ਨੂੰ ਆਈਐਮਏ ਤੋਂ 615 ਜੀਸੀ ਪਾਸ ਆਊਟ ਹੋਏ। ਵਿਦੇਸ਼ੀਆਂ ਨੂੰ ਛੱਡ ਕੇ ਬਾਕੀਆਂ ਵਿਚੋਂ ਕੇਵਲ 20 ਪੰਜਾਬੀ ਸਨ; ਹਰਿਆਣਾ ਦੇ 50 ਅਤੇ ਹਿਮਾਚਲ ਦੇ 22 ਗੱਭਰੂਆਂ ਨੇ ਕਮਿਸ਼ਨ ਪ੍ਰਾਪਤ ਕੀਤਾ। 2016 ਵਿਚ 520 ਕੈਡਿਟ ਪਾਸ ਆਊਟ ਹੋਏ, ਇਨ੍ਹਾਂ ਵਿਚੋਂ ਯੂਪੀ ਦੇ 98, ਹਰਿਆਣਾ ਨੇ ਆਪਣੀ ਲੀਡ ਬਰਕਰਾਰ ਰੱਖਦਿਆਂ 60 ਨੌਜਵਾਨਾਂ ਨੇ ਕਮਿਸ਼ਨ ਕਮਾਇਆ, ਉਤਰਾਖੰਡ ਦੇ 52 ਅਤੇ ਪੰਜਾਬ 29 ਨਾਲ ਫਿਰ ਫਾਡੀ। 7 ਦਸੰਬਰ, 2019 ਨੂੰ ਜਿਨ੍ਹਾਂ 427 ਕੈਡਿਟਾਂ ਨੇ ਕਮਿਸ਼ਨ ਹਾਸਲ ਕੀਤਾ, ਮਿੱਤਰ ਦੇਸ਼ਾਂ ਦੇ 80 ਕੈਡਿਟ ਛੱਡ ਕੇ ਸਭ ਤੋਂ ਵੱਧ ਸੰਖਿਆ 53 ਯੂਪੀ ਦੀ, 51 ਹਰਿਆਣਾ, 36 ਬਿਹਾਰ, 25 ਦਿੱਲੀ, 20 ਮਹਾਰਾਸ਼ਟਰ, 15 ਹਿਮਾਚਲ ਤੇ ਪੰਜਾਬ ਦੇ ਕੇਵਲ 14 ਹੀ ਸਨ। 12 ਦਸੰਬਰ 2020 ਨੂੰ ਕੁੱਲ 395 ਕਮਿਸ਼ਨ ਪ੍ਰਾਪਤ ਕਰਨ ਵਾਲਿਆਂ ਵਿਚੋਂ ਲੈਫਟੀਨੈਂਟ ਵਤਨਦੀਪ ਸਿੰਘ ਸਿੱਧੂ ਨੂੰ ਰੈਗੂਲਰ ਕੋਰਸ ਤੇ ਟੈਕਨੀਕਲ ਗਰੈਜੂਏਟ ਕੋਰਸ ਦੋਹਾਂ ਵਿਚੋਂ ਸਾਂਝੇ ਤੌਰ ‘ਤੇ ਸਰਬੋਤਮ ਜੀਸੀ ਐਲਾਨਨਾਮੇ ਮਗਰੋਂ ਸਵੋਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ। ਜਿਨ੍ਹਾਂ 325 ਭਾਰਤੀ ਨੌਜਵਾਨਾਂ ਤੇ ਅਧਿਕਾਰੀਆਂ ਵੱਲੋਂ ਦੋ-ਦੋ ਸਟਾਰ ਸਜਾ ਕੇ ਲੈਫਟੀਨੈਂਟ ਦਾ ਰੈਂਕ ਪ੍ਰਾਪਤ ਹੋਇਆ, ਉਨ੍ਹਾਂ ਵਿਚੋਂ ਪਹਿਲਾਂ ਵਾਂਗ ਸਭ ਤੋਂ ਵੱਧ 50 ਯੂਪੀ, ਹਰਿਆਣਾ ਦੇ 45, ਪੰਜਾਬ ਤੇ ਕੇਰਲ ਦੇ ਬਰਾਬਰ 15-15 ਸਨ ਤੇ ਹਿਮਾਚਲ ਦੇ 10 ਸਨ।

ਅਣਵੰਡੇ ਪੰਜਾਬ ‘ਚੋਂ ਨਿਕਲੇ ਛੋਟੇ ਆਕਾਰ ਤੇ ਘੱਟ ਆਬਾਦੀ ਵਾਲੇ ਸੂਬੇ ਹਰਿਆਣਾ ਦਾ ਤੁਲਨਾਤਮਕ ਵਿਸ਼ਲੇਸ਼ਣ ਅਗਰ ਪੰਜਾਬ ਨਾਲ ਕੀਤਾ ਜਾਵੇ ਤਾਂ ਪਤਾ ਲੱਗੇਗਾ ਕਿ ਕੁੱਲ ਹਿੰਦ ਕਮਿਸ਼ਨ ਪ੍ਰਾਪਤ ਕਰਨ ਵਾਲਿਆਂ ਦੀ ਸੰਖਿਆ ‘ਚ ਹਰਿਆਣਾ ਦੇ ਗੱਭਰੂਆਂ ਦਾ ਅਫਸਰੀ ਸਿਲੈਕਸ਼ਨ ਰੇਟ ਪਿਛਲੇ ਇਕ ਦਹਾਕੇ ਤੋਂ 10 ਫੀਸਦੀ ਤਕ ਪਹੁੰਚ ਗਿਆ ਪਰ ਪੰਜਾਬ ਦਾ ਗ੍ਰਾਫ 3.50 ਫੀਸਦੀ ਤਕ ਹੀ ਸੀਮਤ ਕਿਉਂ?

10 ਜੂਨ ਨੂੰ ਪੰਜਾਬ ਦੇ 23 ਜੀਸੀ ਪਾਸ ਆਊਟ ਹੋਏ। ਇਨ੍ਹਾਂ ਵਿਚੋਂ 10 ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਇੰਸਟੀਚਿਊਟ (ਏਐਫਪੀਆਈ) ਮੁਹਾਲੀ ਦੇ ਸਨ; ਬਾਕੀ ਸਮੁੱਚੇ ਪੰਜਾਬ ਦੇ ਹਿੱਸੇ 13 ਹੀ ਆਏ। ਕੀ ਇਹ ਅੰਕੜਾ ਪੰਜਾਬ ਸਰਕਾਰ ਤੇ ਬਾਕੀ ਅਦਾਰਿਆਂ ਵਾਸਤੇ ਚਿੰਤਾਜਨਕ ਨਹੀਂ? ਪੰਜਾਬ ‘ਚ ਯੂਨੀਵਰਸਿਟੀਆਂ ਦੀ ਕੋਈ ਘਾਟ ਨਹੀਂ, ਅਣਗਣਿਤ ਕਾਲਜ ਤੇ ਪਬਲਿਕ ਸਕੂਲ ਹਨ ਜਿਨ੍ਹਾਂ ਵਿਚੋਂ ਕੁਝ ਸੰਸਥਾਵਾਂ ਕੋਲ ਐਨਸੀਸੀ ਸੰਚਾਲਨ ਵੀ ਹੈ ਜਿਸ ਦੇ ਜ਼ਰੀਏ ‘ਸੀ’ ਸਰਟੀਫਿਕੇਟ ਤੇ ਬੀਐਸਸੀ/ਏ ਦੀ ਡਿਗਰੀ ਪ੍ਰਾਪਤ ਬਾਲਕ ਸਿੱਧਾ ਕਮਿਸ਼ਨ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਸੈਨਿਕ ਸਕੂਲ ਕਪੂਰਥਲਾ, ਇਰਦ ਗਿਰਦ ਮਿਲਟਰੀ ਸਕੂਲਾਂ ਦੀ ਕੋਈ ਘਾਟ ਨਹੀਂ। ਮੁਹਾਲੀ, ਚੰਡੀਗੜ੍ਹ, ਫ਼ਤਹਿਗੜ੍ਹ ਸਾਹਿਬ, ਖਡੂਰ ਸਾਿਹਬ ਤੇ ਹੋਰ ਅਨੇਕਾਂ ਅਰਧ ਪ੍ਰਾਈਵੇਟ ਕੋਚਿੰਗ ਸੈਂਟਰ, ਅਕਾਦਮੀਆਂ ਨੌਜਵਾਨਾਂ ਨੂੰ ਕਮਿਸ਼ਨ ਦੀ ਤਿਆਰੀ ਕਰਵਾਉਣ ‘ਚ ਰੁੱਝੀਆਂ ਹੋਈਆਂ ਹਨ। ਐਨਸੀਸੀ ਡਾਇਰੈਕਟੋਰੇਟ ਸਮੇਤ ਸਾਰੀਆਂ ਸੰਸਥਾਵਾਂ ਇਸ਼ਤਿਹਾਰਬਾਜ਼ੀ ਰਾਹੀ ਜਾਂ ਖ਼ਬਰਾਂ ਜ਼ਰੀਏ ਆਪਣੀਆਂ ਪ੍ਰਾਪਤੀਆਂ ਦੱਸਦੀਆਂ ਹਨ ਪਰ ਅੰਕੜੇ ਚਿੰਤਾਜਨਕ ਹਨ। ਹੋਣਹਾਰ ਬਾਲਕਾਂ ਦੀ ਪੰਜਾਬ ਵਿਚ ਕੋਈ ਘਾਟ ਨਹੀਂ, ਅਗਰ ਲਗਾਤਾਰ ਪੀਓਪੀ ਸਮੇਂ 4 ਪੰਜਾਬੀ ਨੌਜਵਾਨਾਂ ਨੇ ਸ਼ੁਹਰਤ ਹਾਸਿਲ ਕੀਤੀ ਤਾਂ ਫਿਰ ਲੱਖਾਂ ਦੀ ਗਿਣਤੀ ਵਾਲੇ ਵਿਦਿਆਰਥੀ ਕਿਉਂ ਨਹੀਂ ਚੁਣੇ ਜਾ ਰਹੇ?

ਘਾਟ ਲਗਨ, ਇੱਛਾ ਸ਼ਕਤੀ, ਸਹੀ ਦਿਸ਼ਾ ਨਿਰਦੇਸ਼ ਅਤੇ ਲੋਕਸ਼ਾਹੀ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਦਿਲਚਸਪੀ ਲੈਣ ਦੀ ਹੈ। ਇਸ ਸਿਲਸਿਲੇ ‘ਚ ਇਕ ਮਿਸਾਲ ਦੇਣੀ ਚਾਹੁੰਦਾ ਹਾਂ। ਇਹ ਵਾਕਿਆ ਉਸ ਸਮੇਂ ਦਾ ਹੈ ਜਦੋਂ ਇਹ ਲੇਖਕ 1997 ਤੋਂ 2003 ਦਰਮਿਆਨ ਸੈਨਿਕ ਭਲਾਈ ਪੰਜਾਬ ਮਹਿਕਮੇ ਦੀ ਅਗਵਾਈ ਕਰ ਰਿਹਾ ਸੀ। ਇਕ ਦਿਨ ਮਾਨਸਾ ਜਿ਼ਲ੍ਹੇ ਦੇ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਇਕ ਹੋਣਹਾਰ ਵਿਦਿਆਰਥੀ ਨੂੰ ਦਫਤਰ ਲੈ ਕੇ ਆਏ ਤੇ ਕਹਿਣ ਲੱਗੇ- ਇਸ ਬੱਚੇ ਨੇ ਕਮਿਸ਼ਨ ਦੀ ਇੰਟਰਵਿਊ ਵਾਸਤੇ ਜਾਣਾ ਹੈ, ਇਸ ਦੀ ਮਦਦ ਕਰੋ। ਮੈਂ ਉਸੇ ਸਮੇਂ ਸਿਲੈਕਸ਼ਨ ਸੈਂਟਰ ਅਲਾਹਾਬਾਦ ਦੇ ਕਮਾਂਡਰ ਰਹਿ ਚੁੱਕੇ ਮੇਜਰ ਜਨਰਲ ਗੁਰਦਿਆਲ ਸਿੰਘ ਹੁੰਦਲ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਉਹ ਅਜੇ ਪੈਨਸ਼ਨ ਆਏ ਹੀ ਸਨ। ਉਨ੍ਹਾਂ ਲੜਕੇ ਨੂੰ ਖੂਬ ਚੰਡਿਆ। ਕੁਝ ਸਮੇਂ ਬਾਅਦ ਮੋਫਰ ਸਾਹਿਬ ਉਸ ਨੌਜਵਾਨ ਤੇ ਉਸ ਦੇ ਬਾਪ ਨੂੰ, ਨਾਲ ਲੱਡੂਆਂ ਦਾ ਡੱਬਾ ਲੈ ਕੇ ਮੇਰੇ ਪਾਸ ਪਹੁੰਚ ਗਏ; ਲੜਕਾ ਆਈਐਮਏ ‘ਚ ਸਿਖਲਾਈ ਵਾਸਤੇ ਜਾ ਰਿਹਾ ਸੀ। ਅਗਰ ਇਸ ਕਿਸਮ ਦੇ ਸਾਡੇ ਸਾਰੇ ਰਾਜਸੀ ਨੇਤਾ ਹੋ ਜਾਣ ਤੇ ਪਰਿਵਾਰਵਾਦ, ਦੌਲਤਵਾਦ ਤੇ ਸਿਆਸਤ ਤੋਂ ਉਪਰ ਉਠ ਕੇ ਨਸ਼ਾਖੋਰੀ ਜੈਸੀ ਬੁਰਾਈ ਨੂੰ ਦੂਰ ਕਰਨਗੇ ਤਾਂ ਅਫਸਰਾਂ ਦੀ ਗਿਣਤੀ ਜ਼ਰੂਰ ਵਧੇਗੀ।

ਨਸ਼ਿਆਂ ਦੇ ਸੇਵਨ ਤੇ ਨਸ਼ਾ ਤਸਕਰੀ ‘ਚ ਨੇਤਾਵਾਂ ਦੀ ਸ਼ਮੂਲੀਅਤ ਕਾਰਨ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਧੁੰਦਲਾ ਹੈ। ਜੇ ਇਸ ਨੂੰ ਕੰਟਰੋਲ ਨਾ ਕੀਤਾ ਤਾਂ ਫਿਰ ਸਰਹੱਦੀ ਇਲਾਕਿਆਂ ‘ਚ ਡਰੋਨ ਨਸ਼ੇ ਦੀਆਂ ਖੇਪਾਂ ਅਤੇ ਹਥਿਆਰਾਂ ਸਮੇਤ ਉਡਦੇ ਰਹਿਣਗੇ; ਜਾਅਲੀ ਕਰੰਸੀ ਦੀ ਵਰਖਾ ਵੀ ਹੁੰਦੀ ਰਹੇਗੀ ਜਿਸ ਨਾਲ ਦੇਸ਼ ਦੀ ਸੁਰੱਖਿਆ ਪ੍ਰਭਾਵਿਤ ਹੋਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਖ਼ਬਾਰਾਂ ‘ਚ ਛਪੇ ਇਸ਼ਤਿਹਾਰ ਅਨੁਸਾਰ ਉਨ੍ਹਾਂ ਪੰਜਾਬ ਦੇ ਹਰ ਨੌਜਵਾਨ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ; ਲੋੜ ਇਸ ਗੱਲ ਦੀ ਵੀ ਹੈ ਕਿ ਫੌਜ ‘ਚ ਪੰਜਾਬੀ ਅਫਸਰਾਂ ਦੀ ਘਟਦੀ ਸੰਖਿਆ ਵੱਲ ਵੀ ਧਿਆਨ ਖਿੱਚਿਆ ਜਾਵੇ। ਏਐਫਪੀਆਈ ਮੁਹਾਲੀ ਵਾਂਗ ਸੂਬੇ ‘ਚ 2 ਹੋਰ ਇੰਸਟੀਚਿਊਟ ਖੋਲ੍ਹੇ ਜਾਣ ਜਿਨ੍ਹਾਂ ਵਿਚੋਂ ਇਕ ਸਰਹੱਦੀ ਜਿ਼ਲ੍ਹਿਆਂ ਵਿਚ ਹੋਵੇ। ਅਗਰ ਹਰ ਸਿਆਸੀ ਪਾਰਟੀ ਦੇ ਹਲਕਾ ਇੰਚਾਰਜ ਨੂੰ ਟੀਚਾ ਸੌਂਪਿਆ ਜਾਵੇ ਕਿ ਅੱਗੇ ਤੋਂ ਟਿਕਟ ਉਸ ਨੂੰ ਮਿਲੇਗੀ ਜੋ ਆਪਣੇ ਹਲਕੇ ‘ਚੋਂ ਘੱਟੋ-ਘੱਟ ਇਕ ਯੋਗ ਵਿਦਿਆਰਥੀ ਨੂੰ ਸਿਖਲਾਈ ਦੇ ਕੇ ਫੌਜ ‘ਚ ਅਫਸਰ ਬਣਾਉਣ ਲਈ ਤਿਆਰ ਕਰੇਗਾ। ਜੇ ਇਹ ਮੋਫਰ ਵਾਂਗ ਦਿਲਚਸਪੀ ਲੈਣ ਤਾਂ ਨੌਜਵਾਨਾਂ ਅੰਦਰ ਫੌਜ ਪ੍ਰਤੀ ਜਜ਼ਬਾ ਪੈਦਾ ਹੋਵੇਗਾ ਅਤੇ ਪੰਜਾਬ ਤੇ ਫੌਜ ਦੀ ਭਲਾਈ ਹੋਵੇਗੀ।
ਸੰਪਰਕ: 98142-45151

Advertisement
Advertisement