ਫੂਡ ਸੇਫਟੀ ਟੀਮ ਨੇ ਖਾਧ ਪਦਾਰਥਾਂ ਦੇ ਨਮੂਨੇ ਭਰੇ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 20 ਮਈ
ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਨੇ ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਦੀ ਅਗਵਾਈ ਹੇਠ ਅੱਜ ਸ਼ਹਿਰ ਵਿੱਚ ਵੱਖ-ਵੱਖ ਖਾਧ ਪਦਾਰਥਾਂ ਦੀਆਂ ਦੁਕਾਨਾਂ ’ਤੇ ਛਾਪੇ ਮਾਰ ਕੇ ਖਾਧ ਪਦਾਰਥਾਂ ਦੇ ਨਮੂਨੇ ਭਰੇ। ਇਸ ਦੌਰਾਨ ਟੀਮ ਨੇ ਸ਼ਹਿਰ ਦੀ ਇਕ ਨਾਮੀ ਮੀਟ ਦੀ ਦੁਕਾਨ ਤੋਂ ਖਾਧ ਪਦਾਰਥਾਂ ਦੇ ਨਮੂਨੇ ਭਰੇ। ਵਿਵੇਕ ਕੁਮਾਰ ਨੇ ਦੱਸਿਆ ਕਿ ਉਕਤ ਦੁਕਾਨ ਵਿੱਚ ਗੁਣਵੱਤਾ ਨੂੰ ਲੈ ਕੇ ਸ਼ਿਕਾਇਤ ਮਿਲੀ ਸੀ ਜਿਸ ਦੇ ਆਧਾਰ ’ਤੇ ਅੱਜ ਕਾਰਵਾਈ ਕੀਤੀ ਗਈ। ਟੀਮ ਨੇ ਦੁਕਾਨ ਅੰਦਰ ਸਾਰੇ ਖਾਧ ਪਦਾਰਥਾਂ ਦੀ ਜਾਂਚ ਕੀਤੀ ਅਤੇ ਨਮੂਨੇ ਭਰੇ। ਉਨ੍ਹਾਂ ਕਿਹਾ ਕਿ ਨਮੂਨਿਆਂ ਨੂੰ ਜਾਂਚ ਵਾਸਤੇ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਉਪਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਖਾਧ ਪਦਾਰਥ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਖਾਧ ਪਦਾਰਥਾਂ ਦੀ ਗੁਣਵਤਾ ਦਾ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਤਾੜਨਾ ਕੀਤੀ ਕਿ ਮਿਲਾਵਟਖੋਰਾਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।