ਫੁੱਲ ਗੋਭੀ ਦਾ ਭਾਅ ਘੱਟ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ
ਹਤਿੰਦਰ ਮਹਿਤਾ
ਜਲੰਧਰ, 6 ਜਨਵਰੀ
ਫੁੱਲ ਗੋਭੀ ਉਤਪਾਦਕਾਂ ਨੂੰ ਉਨ੍ਹਾਂ ਦੀ ਉਪਜ ਦਾ ਘੱਟ ਭਾਅ ਮਿਲਣ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸੁਲਤਾਨਪੁਰ ਲੋਧੀ ਦੇ ਪਿੰਡ ਸਵਾਲ ਦੇ ਕਿਸਾਨ ਗੱਜਣ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਅਜਿਹੀ ਸਥਿਤੀ ਪੈਦਾ ਹੋਈ ਸੀ ਜਦੋਂ ਉਤਪਾਦਨ ਜ਼ਿਆਦਾ ਹੋਣ ਕਾਰਨ ਭਾਅ ਕਾਫੀ ਘਟ ਗਏ ਸਨ। ਕਿਸਾਨ ਡਰ ਰਹੇ ਹਨ ਕਿ ਕਿਤੇ ਉਨ੍ਹਾਂ ਨੂੰ ਉਸ ਸਥਿਤੀ ਵਿੱਚੋਂ ਨਾ ਗੁਜ਼ਰਨਾ ਪਵੇ ਜਿਸ ਦਾ ਸਾਹਮਣਾ ਉਨ੍ਹਾਂ ਨੂੰ ਦੋ ਸਾਲ ਪਹਿਲਾਂ ਕਰਨਾ ਸੀ।
ਕਈ ਉਤਪਾਦਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੁੱਲ ਗੋਭੀ ਦਾ ਭਾਅ 4 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ। ਇਸੇ ਪਿੰਡ ਦੇ ਮਲਕੀਤ ਸਿੰਘ ਨੇ ਦੱਸਿਆ ਕਿ ਪ੍ਰਤੀ ਏਕੜ ਉਤਪਾਦਨ ਲਾਗਤ 25000 ਤੋਂ 30000 ਰੁਪਏ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਬੀਜ, ਖਾਦ, ਮਜ਼ਦੂਰੀ, ਆਵਾਜਾਈ ਆਦਿ ਤੋਂ ਸ਼ੁਰੂ ਕਰ ਕੇ, ਇੱਕ ਏਕੜ ਵਿੱਚ ਫ਼ਸਲ ਉਗਾਉਣ ਲਈ ਬਹੁਤ ਸਾਰਾ ਪੈਸਾ ਖਰਚ ਕੀਤਾ ਜਾਂਦਾ ਹੈ, ਪਰ ਇਸ ਸਮੇਂ ਉਨ੍ਹਾਂ ਨੂੰ ਫ਼ਸਲ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਸੁਖਜਿੰਦਰ ਸਿੰਘ ਨੇ 2023 ਵਿੱਚ 1.5 ਏਕੜ ਰਕਬੇ ਵਿੱਚ ਆਪਣੀ ਫ਼ਸਲ ਨਸ਼ਟ ਕਰ ਦਿੱਤੀ ਸੀ। ਸੁਖਜਿੰਦਰ ਨੇ ਦੱਸਿਆ ਕਿ ਉਸ ਨੇ ਇੱਕ ਏਕੜ ’ਤੇ 30,000 ਰੁਪਏ ਖਰਚ ਕੀਤੇ ਹਨ ਅਤੇ ਉਸ ਨੂੰ ਗੋਭੀ ਦੀ ਫਸਲ ’ਤੇ ਮੁਸ਼ਕਿਲ ਨਾਲ 3 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਸੀ। ਹਾਲਾਂਕਿ ਫਿਲਹਾਲ ਕਿਸਾਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਸਥਿਤੀ ਸੁਧਰ ਜਾਵੇਗੀ। ਸੁਲਤਾਨਪੁਰ ਲੋਧੀ ਦੇ ਇੱਕ ਹੋਰ ਕਿਸਾਨ ਗੱਜਣ ਸਿੰਘ ਨੇ ਦੱਸਿਆ ਕਿ ਜਦੋਂ ਵੀ ਉਤਪਾਦਨ ਦਰ ਵੱਧ ਹੁੰਦੀ ਹੈ ਤਾਂ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ। ਉਸ ਨੇ ਪਿਛਲੇ ਸਾਲ ਵੀ ਇੱਕ ਏਕੜ ਦੀ ਫ਼ਸਲ ਤਬਾਹ ਕਰ ਦਿੱਤੀ ਸੀ। ਉਸ ਨੇ ਹਾਈਬ੍ਰਿਡ ਬੀਜ ਖਰੀਦੇ, ਫਿਰ ਢੋਆ-ਢੁਆਈ ਦੀ ਲਾਗਤ ਤੋਂ ਇਲਾਵਾ ਬਹੁਤ ਸਾਰਾ ਪੈਸਾ ਖਾਦ ਵਿੱਚ ਚਲਾ ਗਿਆ ।