ਫੁੱਲਾਂ ਦਾ ਅਧਿਆਪਕ
ਬਾਲ ਕਹਾਣੀ
ਰਵਿੰਦਰ ਰੁਪਾਲ ਕੌਲਗੜ੍ਹ
ਮੈਂ ਤੇ ਮੇਰੀ ਸਹੇਲੀ ਜਸਗੁਣ ਆਪਣੇ ਖਾਲੀ ਪੀਰੀਅਡ ਵਿੱਚ ਸਕੂਲ ਦੇ ਪਾਰਕ ਕੋਲੋਂ ਲੰਘ ਕੇ ਅੱਗੇ ਪਾਣੀ ਪੀਣ ਜਾ ਰਹੀਆਂ ਸਾਂ। ਅਚਾਨਕ ਮੇਰਾ ਧਿਆਨ ਸਾਡੇ ਸਕੂਲ ਦੇ ਮਾਲੀ ਅੰਕਲ ਵੱਲ ਚਲਾ ਗਿਆ ਤਾਂ ਮੈਂ ਦੇਖਿਆ ਕਿ ਅੱਜ ਗੋਪਾਲ ਅੰਕਲ ਉਦਾਸ ਬੈਠੇ ਹਨ। ਫੁੱਲਾਂ ਵਿੱਚ ਬੈਠ ਕੇ ਤਾਂ ਬੰਦਾ ਖ਼ੁਸ਼ ਹੋ ਜਾਂਦਾ ਹੈ, ਪਰ ਇਹ ਉਦਾਸ ਬੈਠੇ ਨੇ। ਜਾ ਕੇ ਪੁੱਛਦੀ ਹਾਂ ਅੰਕਲ ਜੀ ਨੂੰ, ਪਹਿਲਾਂ ਪਾਣੀ ਪੀ ਆਵਾਂ, ਮੈਂ ਮਨ ’ਚ ਸੋਚ ਕੇ ਅੱਗੇ ਨਿਕਲ ਗਈ।
ਜਦੋਂ ਅਸੀਂ ਪਾਣੀ ਪੀ ਕੇ ਵਾਪਸ ਮੁੜੀਆਂ, ਮੈਂ ਜਸਗੁਣ ਨੂੰ ਕਿਹਾ, ‘‘ਅੱਜ ਆਪਣੇ ਮਾਲੀ ਅੰਕਲ ਉਦਾਸ ਬੈਠੇ ਸੀ, ਆ ਆਪਾਂ ਪੁੱਛੀਏ ਇਨ੍ਹਾਂ ਨੂੰ।’’ ਫਿਰ ਅਸੀਂ ਦੋਵੇਂ ਜਣੀਆਂ ਪਾਰਕ ਅੰਦਰ ਚਲੇ ਗਈਆਂ।
ਮਾਲੀ ਅੰਕਲ ਸਾਹਮਣੇ ਬੈਂਚ ’ਤੇ ਬੈਠੇ ਸਨ। ਮੈਂ ਕੋਲ ਜਾ ਕੇ ਕਿਹਾ, ‘‘ਅੰਕਲ ਜੀ ਅੱਜ ਤੁਸੀਂ ਖ਼ੁਸ਼ ਨਹੀਂ ਦਿਖ ਰਹੇ, ਕੀ ਗੱਲ ਹੋ ਗਈ?’’
‘‘ਕੁੱਝ ਨਹੀਂ ਬੇਟਾ।’’ ਮਾਲੀ ਅੰਕਲ ਨੇ ਐਨਾ ਕੁ ਹੀ ਜੁਆਬ ਦਿੱਤਾ।
ਸੁਣ ਕੇ ਮੈਨੂੰ ਹੈਰਾਨੀ ਹੋਈ, ‘‘ਅੰਕਲ ਜੀ ਦੱਸੋ ਤਾਂ ਸਹੀ, ਕੀ ਗੱਲ ਹੋ ਗਈ।’’ ਮੈਂ ਪਿਆਰ ਨਾਲ ਦੁਬਾਰਾ ਪੁੱਛਿਆ, ਪਰ ਅੰਕਲ ਫਿਰ ਕਹਿਣ ਲੱਗੇ, ‘‘ਬੇਟਾ ਤੁਸੀਂ ਆਪਣੀ ਕਲਾਸ ਵਿੱਚ ਜਾਓ, ਤੁਹਾਡਾ ਅਧਿਆਪਕ ਤੁਹਾਨੂੰ ਗੁੱਸੇ ਹੋਵੇਗਾ ਕਿ ਪਾਣੀ ਪੀਣ ਗਈਆਂ ਹੋਈਆਂ ਐਨੀ ਦੇਰ ਕਿੱਥੇ ਲਾ ਆਈਆਂ।’’
‘‘ਅੰਕਲ ਜੀ, ਸਾਡਾ ਤਾਂ ਇਹ ਪੀਰੀਅਡ ਖਾਲੀ ਐ, ਇਸ ਲਈ ਤਾਂ ਅਸੀਂ ਤੁਹਾਡੇ ਕੋਲ ਰੁਕ ਗਈਆਂ, ਪਰ ਤੁਸੀਂ ਦੱਸੋ ਕਿ ਤੁਸੀਂ ਉਦਾਸ ਕਿਉਂ ਹੋ? ਨਾਲੇ ਅੰਕਲ ਜੀ ਜਿਹਦੇ ਆਲੇ ਦੁਆਲੇ ਐਨੇ ਸਾਰੇ ਫੁੱਲ-ਬੂਟੇ ਹੋਣ, ਉਹ ਤਾਂ ਕਦੀ ਉਦਾਸ ਹੋ ਈ ਨਹੀਂ ਸਕਦਾ, ਕੀ ਗੱਲ ਹੋ ਗਈਂ ਅੰਕਲ ਜੀ।’’ ਮੈਂ ਭੋਲੇਪਣ ’ਚ ਪੁੱਛ ਰਹੀ ਸੀ।
‘‘ਬੇਟਾ ਜੀ ਗੱਲ ਤਾਂ ਕੋਈ ਨਹੀਂ, ਪਰ ਮੇਰਾ ਇੱਕ ਸੁਪਨਾ ਸੀ, ਜਿਹੜਾ ਅਧੂਰਾ ਰਹਿ ਗਿਆ, ਬਸ ਹੋਰ ਕੁਝ ਨਹੀਂ।’’ ਇਉਂ ਕਹਿ ਕੇ ਮਾਲੀ ਅੰਕਲ ਚੁੱਪ ਹੋ ਗਏ।
‘‘ਕਿਹੜਾ ਸੁਪਨਾ ਸੀ ਅੰਕਲ ਜੀ?’’ ਜਸਗੁਣ ਬੋਲੀ।
‘‘ਬੇਟਾ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਪੜ੍ਹ ਲਿਖ ਕੇ ਇੱਕ ਅਧਿਆਪਕ ਬਣਾ, ਪਰ ਕੁਝ ਕਾਰਨਾਂ ਕਰਕੇ ਮੈਂ ਅੱਗੇ ਪੜ੍ਹ ਹੀ ਨਹੀਂ ਸਕਿਆ।’’
ਮੈਂ ਕਿਹਾ, ‘‘ਬਸ ਅੰਕਲ ਜੀ ਐਨੀ ਕੁ ਗੱਲ ’ਤੇ ਉਦਾਸ ਹੋ ਗਏ ਤੁਸੀਂ?’’
ਉਹ ਚੁੱਪ ਰਹੇ, ਕੁਝ ਨਹੀਂ ਬੋਲੇ।
ਮੈਂ ਫਿਰ ਕਿਹਾ, ‘‘ਅੰਕਲ ਜੀ ਤੁਸੀਂ ਤਾਂ ਬਹੁਤ ਵੱਡੇ ਅਧਿਆਪਕ ਹੋ, ਤੁਹਾਨੂੰ ਨਹੀਂ ਪਤਾ?’’
‘‘ਉਹ ਕਿਵੇਂ ਬੇਟਾ? ਮੈਂ ਤਾਂ ਮਾਲੀ ਹਾਂ, ਮੈਂ ਕੋਈ ਅਧਿਆਪਕ ਥੋੜ੍ਹਾ ਹਾਂ?’’ ਮਾਲੀ ਅੰਕਲ ਨੇ ਆਪਣੇ ਜੁਆਬ ਵਿੱਚ ਹੀ ਸਵਾਲ ਕਰਿਆ।
‘‘ਇਹ ਜਿਹੜੇ ਇੰਨੇ ਸਾਰੇ ਬੇਜ਼ੁਬਾਨ ਫੁੱਲਾਂ ਦੀ ਭਾਸ਼ਾ ਨੂੰ ਤੁਸੀਂ ਸਮਝ ਜਾਂਦੇ ਹੋ, ਇਨ੍ਹਾਂ ਨੂੰ ਕਦੋਂ ਪਾਣੀ ਚਾਹੀਦਾ ਹੈ, ਕਦੋਂ ਖਾਦ ਚਾਹੀਦੀ ਹੈ, ਕਦੋਂ ਇਨ੍ਹਾਂ ਦੀ ਗੋਡੀ ਕਰਨੀ ਹੈ, ਕੀ ਇਹ ਅਧਿਆਪਕ ਹੋਣ ਤੋਂ ਘੱਟ ਹੈ?’’
‘‘ਨਾਲੇ ਅੰਕਲ ਜੀ, ਜਿਹੜਾ ਵਿਅਕਤੀ ਇਨ੍ਹਾਂ ਫੁੱਲਾਂ ਦੀ ਭਾਸ਼ਾ ਸਮਝ ਸਕਦਾ ਹੈ, ਉਹਦੇ ਨਾਲੋਂ ਵੱਡਾ ਅਧਿਆਪਕ ਭਲਾ ਕੌਣ ਹੋ ਸਕਦਾ ਹੈ? ਇਹ ਸੈਂਕੜੇ ਹੀ ਰੰਗ ਬਿਰੰਗੇ ਫੁੱਲ, ਸਾਰੇ ਤੁਹਾਡੇ ਵਿਦਿਆਰਥੀ ਤਾਂ ਹਨ ਅਤੇ ਤੁਸੀਂ ਇਨ੍ਹਾਂ ਦੇ ਅਧਿਆਪਕ ਹੋ, ਅੰਕਲ ਜੀ, ਤੁਹਾਨੂੰ ਤਾਂ ਸਗੋਂ ਖ਼ੁਸ਼ ਹੋਣਾ ਚਾਹੀਦਾ ਹੈ।’’
ਮੇਰੀ ਗੱਲ ਸੁਣ ਕੇ ਉਹ ਬੋਲੇ, ‘‘ਉਹ ਹੋ...ਇਹ ਤਾਂ ਮੈਂ ਕਦੀ ਸੋਚਿਆ ਈ ਨਹੀਂ।’’ ਇਉਂ ਕਹਿੰਦੇ ਹੋਏ ਉਨ੍ਹਾਂ ਦੇ ਚਿਹਰੇ ’ਤੇ ਰੌਣਕ ਆ ਗਈ ਅਤੇ ਉਹ ਬੈਂਚ ਤੋਂ ਉੱਠ ਕੇ ਖੜ੍ਹੇ ਹੋ ਗਏ, ‘‘ਮੈਂ ਵੀ ਇੱਕ ਅਧਿਆਪਕ ਹਾਂ, ਮੈਨੂੰ ਪਤਾ ਈ ਨਹੀਂ ਸੀ?’’ ਇਉਂ ਕਹਿ ਕੇ ਉਹ ਮੁਸਕਰਾਉਂਦੇ ਹੋਏ, ਉੱਚੀ ਉੱਚੀ ਹੱਸਣ ਲੱਗ ਪਏ, ‘‘ਮੈਨੂੰ ਪਤਾ ਈ ਨਹੀਂ ਸੀ ਕਿ ਮੈਂ ਵੀ ਅਧਿਆਪਕ ਹਾਂ।’’
ਫਿਰ ਸਾਨੂੰ ਕਹਿਣ ਲੱਗੇ, ‘‘ਸ਼ਾਬਾਸ਼ ਪੁੱਤਰੋਂ, ਬਈ ਸ਼ਾਬਾਸ਼ੇ ਤੁਹਾਡੇੇ।’’
ਉਨ੍ਹਾਂ ਦੇ ਚਿਹਰੇ ’ਤੇ ਆਈ ਹੋਈ ਖ਼ੁਸ਼ੀ ਨੂੰ ਦੇਖ ਕੇ ਸਾਨੂੰ ਵੀ ਬਹੁਤ ਖ਼ੁਸ਼ੀ ਹੋਈ ਅਤੇ ਅਸੀਂ ਆਪਣੀ ਕਲਾਸ ਵੱਲ ਆ ਗਈਆਂ।
ਸੰਪਰਕ: 93162-88955