ਫੀਸਾਂ ’ਚ ਵਾਧੇ ਤੋਂ ਪ੍ਰੇਸ਼ਾਨ ਮਾਪਿਆਂ ਵੱਲੋਂ ਸਕੂਲ ਅੱਗੇ ਧਰਨਾ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 15 ਮਈ
ਸਥਾਨਕ ਸ਼ਹਿਰ ਤੋਂ ਚੰਡੀਗੜ੍ਹ ਮੁੱਖ ਸੜਕ ’ਤੇ ਪੈਂਦੇ ਐੱਮ.ਆਰ ਇੰਟਰਨੈਸ਼ਨਲ ਸਕੂਲ ਪਨਾਮ ਮੂਹਰੇ ਸਕੂਲੀ ਵਿਦਿਆਰਥੀਆਂ ਦੇ ਕੁਝ ਮਾਪਿਆਂ ਵੱਲੋਂ ਫੀਸਾਂ ’ਚ ਕੀਤੇ ਜਾ ਰਹੇ ਵਾਧੇ ਨੂੰ ਲੈ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਦੀਪਕ ਕੁਮਾਰ, ਸ਼ੁੱਭ ਦੇਵੀ ਵਾਸੀ ਭਾਰਾਪੁਰ, ਸੁਰਿੰਦਰ ਸਿੰਘ ਪਿੰਡ ਦਿਆਲਾਂ, ਜਸਵਿੰਦਰ ਸਿੰਘ, ਸੋਹਣ ਸਿੰਘ ਦਿਆਲਾਂ, ਰਜਿੰਦਰ ਕੌਰ, ਕਮਲਜੀਤ ਕੌਰ, ਹਰਪ੍ਰੀਤ ਕੌਰ ,ਹਰਜੀਤ ਕੌਰ ,ਰਾਜਵੰਤ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਇਸ ਸਕੂਲ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਪੜ੍ਹਦੇ ਹਨ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਨਰਸਰੀ, ਯੂਕੇਜੀ ਸਮੇਤ ਹੋਰ ਜਮਾਤਾਂ ਤੋਂ ਹਰ ਮਹੀਨੇ 8 ਪ੍ਰਤੀਸ਼ਤ ਦੇ ਹਿਸਾਬ ਨਾਲ ਫੀਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜੋ ਮੱਧ ਵਰਗ ਨਾਲ ਸਬੰਧਤ ਪਰਿਵਾਰਾਂ ਲਈ ਬਹੁਤ ਹੀ ਜ਼ਿਆਦਾ ਹੈ। ਇਸ ਕਰਕੇ ਉਨ੍ਹਾਂ ਨੂੰ ਵਾਧੂ ਆਰਥਿਕ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਪਹਿਲਾਂ ਵੀ ਸਕੂਲ ਪ੍ਰਬੰਧਕਾਂ ਨਾਲ ਕਈ ਵਾਰੀ ਗੱਲਬਾਤ ਕੀਤੀ ਪਰ ਬਿਨਾਂ ਕੋਈ ਹੱਲ ਕੀਤਿਆ ਟਾਲ-ਮਟੋਲ ਕਰਕੇ ਹੀ ਡੰਗ ਟਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਪਿਆਂ ਨੇ ਦੱਸਿਆ ਕਿ ਬੱਸਾਂ ਦੇ ਕਿਰਾਏ ਵਿੱਚ ਵੀ ਹਰ ਸਾਲ ਬੇਹੱਦ ਵਾਧਾ ਕੀਤਾ ਜਾਂਦਾ ਹੈ, ਭਾਵੇਂ ਉਨ੍ਹਾਂ ਦੇ ਪਿੰਡ ਸਕੂਲ ਤੋਂ ਬਹੁਤੀ ਜ਼ਿਆਦਾ ਦੂਰ ਨਹੀਂ ਪਰ ਫਿਰ ਵੀ ਉਨ੍ਹਾਂ ਤੋਂ ਵਾਧੂ ਕਿਰਾਇਆ ਵਸੂਲਿਆ ਜਾ ਰਿਹਾ ਹੈ।
ਸਰਕਾਰੀ ਨਿਯਮਾਂ ਅਨੁਸਾਰ ਕੀਤਾ ਫੀਸਾਂ ’ਚ ਵਾਧਾ: ਪ੍ਰਿੰਸੀਪਲ
ਪ੍ਰਿੰਸੀਪਲ ਮਾਨਸੀ ਦੇਵੀ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਵਾਧਾ ਸਰਕਾਰੀ ਨਿਯਮਾਂ ਅਤੇ ਹਾਈ ਕੋਰਟ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਹੀ ਕੀਤਾ ਜਾ ਰਿਹਾ ਹੈ ਅਤੇ ਕਿਸੇ ਤੋਂ ਵੀ ਵਾਧੂ ਫੀਸ ਨਹੀਂ ਵਸੂਲੀ ਜਾ ਰਹੀ ਹੈ।