ਫਿਲਮ ਐਡੀਟਰ ਨਿਸ਼ਾਧ ਯੂਸਫ਼ ਅਪਾਰਟਮੈਂਟ ’ਚ ਮ੍ਰਿਤਕ ਮਿਲਿਆ
ਕੋਚੀ: ਉੱਘੇ ਫਿਲਮ ਐੈਡੀਟਰ ਨਿਸ਼ਾਧ ਯੂਸਫ਼ ਇੱਥੇ ਇੱਕ ਅਪਾਰਟਮੈਂਟ ਵਿੱਚ ਅੱਜ ਤੜਕੇ ਮ੍ਰਿਤ ਮਿਲੇ ਸਨ। ਪੁਲੀਸ ਨੇ ਦੱਸਿਆ ਕਿ 43 ਸਾਲਾ ਫਿਲਮ ਐਡੀਟਰ ਦੀ ਲਾਸ਼ ਤੜਕੇ ਲਗਪਗ ਦੋ ਵਜੇ ਪਨਮਪਿੱਲੀ ਨਗਰ ਦੇ ਇੱਕ ਅਪਾਰਟਮੈਂਟ ਵਿੱਚੋਂ ਮਿਲੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਨੂੰ ਖੁਦਕੁਸ਼ੀ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਹੋਰ ਵੇਰਵੇ ਸਾਂਝੇ ਨਹੀਂ ਕੀਤੇ। ਸਾਲ 2022 ਵਿੱਚ ਸਰਵੋਤਮ ਐਡੀਟਰ ਲਈ ਕੇਰਲਾ ਰਾਜ ਫਿਲਮ ਐਵਾਰਡ ਜੇਤੂ ਯੂਸਫ਼ ਦੇ ਮਹੱਤਵਪੂਰਨ ਕੰਮਾਂ ਵਿੱਚ ‘ਥੱਲੂਮਾਲਾ‘, ‘ਚਾਵਰ’, ‘ਸਾਊਦੀ ਵੇਲੱਕਾ’, ‘ਵਨ’, ‘ਆਪਰੇਸ਼ਨ ਜਾਵਾ’, ‘ਬਾਜ਼ੂਕਾ’, ਅਤੇ ‘ਕਾਂਗੁਵਾ’ ਸ਼ਾਮਲ ਹਨ। ‘ਕੰਗੂਵਾ’ ਸਟਾਰ ਸੂਰਿਆ ਨੇ ਕਿਹਾ ਕਿ ਉਹ ਯੂਸੁਫ਼ ਦੀ ਮੌਤ ਬਾਰੇ ਸੁਣ ਕੇ ਬਹੁਤ ਦੁਖੀ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਸਾਡੇ ਵਿਚਾਰਾਂ ਅਤੇ ਪ੍ਰਾਰਥਨਾਵਾਂ ਵਿੱਚ ਤੁਹਾਨੂੰ ‘ਕੰਗੂਵਾ’ ਦੀ ਟੀਮ ਦੀ ਇੱਕ ਸ਼ਾਂਤ ਤੇ ਅਹਿਮ ਸ਼ਖ਼ਸੀਅਤ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ..! ਨਿਸ਼ਾਧ ਦੇ ਪਰਿਵਾਰ ਅਤੇ ਦੋਸਤਾਂ ਨਾਲ ਮੇਰੀ ਦਿਲੀ ਹਮਦਰਦੀ ਹੈ।’’ ‘ਕੰਗੂਵਾ’ ਦੇ ਪ੍ਰੋਡੱਕਸ਼ਨ ਬੈਨਰ ‘ਸਟੂਡੀਓ ਗਰੀਨ’ ਨੇ ਵੀ ਯੂਸੁਫ਼ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। -ਪੀਟੀਆਈ