ਫਿਰਨੀ ਦੇ ਨਿਰਮਾਣ ਦੌਰਾਨ ਹੋਏ ਝਗੜੇ ’ਚ ਇੱਕ ਦੀ ਮੌਤ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 2 ਜਨਵਰੀ
ਖੇਤਰ ਦੇ ਪਿੰਡ ਤਖਤਮੱਲ ਵਿੱਚ ਬੀਤੀ ਦੇਰ ਸ਼ਾਮ ਪਿੰਡ ਵਿੱਚ ਬਣ ਰਹੀ ਫਿਰਨੀ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ ਹੋ ਗਈ ਜਿਸ ਕਾਰਨ ਇੱਕ ਧਿਰ ਦੇ ਲੋਕਾਂ ਨੇ ਡਾਂਗਾਂ ਨਾਲ ਹਮਲਾ ਕਰਕੇ ਦੂਜੀ ਧਿਰ ਦੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਦਾ ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਕਾਲਾਂਵਾਲੀ ਪੁਲੀਸ ਨੇ ਮ੍ਰਿਤਕ ਦੀ ਪਛਾਣ ਬਲਕਰਨ ਸਿੰਘ (50) ਵਜੋਂ ਕੀਤੀ ਹੈ। ਪਿੰਡ ਵਾਸੀਆਂ ਅਨੁਸਾਰ ਫਿਰਨੀ ਦੀ ਉਸਾਰੀ ਸਬੰਧੀ ਗਰਾਮ ਪੰਚਾਇਤ ਵੱਲੋਂ ਦੋ-ਤਿੰਨ ਦਿਨ ਪਹਿਲਾਂ ਹੀ ਪੈਮਾਇਸ਼ ਕਰਵਾਈ ਗਈ ਸੀ। ਇਸ ਫਿਰਨੀ ਦੇ ਲੈਵਲ ਨੂੰ ਲੈ ਕੇ ਬਲਕਰਨ ਸਿੰਘ ਅਤੇ ਉਸ ਦੇ ਗੁਆਂਢੀ ਕੁਲਵੰਤ ਸਿੰਘ ਨਾਲ ਲੜਾਈ ਹੋ ਗਈ ਜਿਸ ਵਿੱਚ ਕੁਲਵੰਤ ਸਿੰਘ, ਉਸ ਦੇ ਦੋ ਲੜਕਿਆਂ ਅਤੇ ਇਕ ਹੋਰ ਨੇ ਬਲਕਰਨ ਸਿੰਘ ’ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜ਼ਖਮੀ ਬਲਕਰਨ ਸਿੰਘ ਨੂੰ ਉਸ ਦੇ ਪਰਿਵਾਰ ਵਾਲੇ ਤਲਵੰਡੀ ਸਾਬੋ ਦੇ ਇੱਕ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਬਲਕਰਨ ਸਿੰਘ ਦੀ ਇੱਕ ਬੇਟੀ ਅਤੇ ਇੱਕ ਪੁੱਤਰ ਹੈ, ਘਟਨਾ ਨੂੰ ਲੈ ਕੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧ ’ਚ ਥਾਣਾ ਕਾਲਾਂਵਾਲੀ ਪੁਲੀਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ’ਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।