ਫਾਜ਼ਿਲਕਾ ਤੇ ਅਬੋਹਰ ਟਰੱਕ ਯੂਨੀਅਨਾਂ ਨੂੰ ਜਿੰਦਰੇ ਲੱਗੇ
ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 8 ਮਈ
ਡੀਸੀ ਡਾ. ਸੇਨੂ ਦੁੱਗਲ ਵੱਲੋਂ ਕੁਝ ਲੋਕਾਂ ਵੱਲੋਂ ਅਖੌਤੀ ਟਰੱਕ ਯੂਨੀਅਨਾਂ ਦੇ ਨਾਂ ‘ਤੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਦੇ ਹੁਕਮ ਪੁਲੀਸ ਵਿਭਾਗ ਨੂੰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ 2017 ਦੇ ਨੋਟੀਫਿਕੇਸ਼ਨ ਅਨੁਸਾਰ ਟਰੱਕ ਯੂਨੀਅਨਾਂ ਦੀ ਕੋਈ ਹੋਂਦ ਨਹੀਂ ਹੈ ਅਤੇ ਸਾਰੇ ਆਪ੍ਰੇਟਰ ਅਤੇ ਵਪਾਰੀ ਆਪਣੀ ਸਹਿਮਤੀ ਨਾਲ ਮਾਲ ਦੀ ਢੋਆ ਢੁਆਈ ਕਰਨ ਲਈ ਸੁਤੰਤਰ ਹਨ। ਇਸ ਤੋਂ ਬਾਅਦ ਫਾਜ਼ਿਲਕਾ ਅਤੇ ਅਬੋਹਰ ਦੀਆਂ ਟਰੱਕ ਯੂਨੀਅਨਾਂ ‘ਤੇ ਤਾਲੇ ਲਗਾ ਦਿੱਤੇ ਗਏ। ਫਾਜ਼ਿਲਕਾ ਦੇ ਆਪ੍ਰੇਟਰਾਂ ਨੇ ਖੁਦ ਹੀ ਯੂਨੀਅਨ ਨੂੰ ਤਾਲਾ ਲਗਾ ਕੇ ਚਾਬੀਆਂ ਪ੍ਰਸ਼ਾਸਨ ਨੂੰ ਸੌਂਪ ਦਿੱਤੀਆਂ ਗਈਆਂ ਸਨ, ਜਦਕਿ ਅਬੋਹਰ ਵਿੱਚ ਡਿਊਟੀ ਮੈਜਿਸਟਰੇਟ ਅਤੇ ਪੁਲੀਸ ਵਿਭਾਗ ਦੀ ਹਾਜ਼ਰੀ ‘ਚ ਤਾਲਾ ਲਗਵਾ ਦਿੱਤਾ ਗਿਆ। ਡੀਸੀ ਡਾ. ਦੁੱਗਲ ਨੇ ਇਸ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦਾ ਸਖਤ ਨੋਟਿਸ ਲੈਂਦਿਆਂ ਪੁਲੀਸ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਅਜਿਹੇ ਅਨਸਰਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜ਼ੇਕਰ ਕੋਈ ਯੂਨੀਅਨ ਖੁੱਲੀ ਹੋਈ ਹੈ ਤਾਂ ਉਸ ਨੂੰ ਤਾਲਾ ਲਗਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਅਜਿਹੇ ਅਨਸਰ ਆਪਣੀਆਂ ਕਾਰਵਾਈਆਂ ਤੋਂ ਬਾਜ ਨਾ ਆਏ ਤਾਂ ਕਾਨੂੰਨ ਆਪਣਾ ਕੰਮ ਕਰੇਗਾ।