ਫ਼ੌਜੀਆਂ ਦਾ ਅਪਮਾਨ ਕਰਨ ਵਾਲੇ ਭਾਜਪਾ ਆਗੂਆਂ ਖ਼ਿਲਾਫ਼ ਰੋਸ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਮਈ
ਭਾਰਤੀ ਯੁਵਾ ਕਾਂਗਰਸ ਨੇ ਅੱਜ ਊਧਮਪੁਰ ਤੋਂ ਭਾਜਪਾ ਵਿਧਾਇਕ ਆਰ.ਐਸ. ਪਠਾਨੀਆ ਅਤੇ ਭਾਜਪਾ ਆਗੂਆਂ ਵੱਲੋਂ ਭਾਰਤੀ ਫੌਜ ਦੇ ਕੀਤੇ ਜਾ ਰਹੇ ਅਪਮਾਨ ਦਾ ਵਿਰੋਧ ਕੀਤਾ।
ਪ੍ਰਦਰਸ਼ਨ ਦੌਰਾਨ ਯੂਥ ਕਾਂਗਰਸ ਵਰਕਰਾਂ ਨੇ ਭਾਜਪਾ ਵਿਧਾਇਕ ਪਠਾਨੀਆ ਦੇ ਪੁਤਲੇ ਨੂੰ ਫਾਹਾ ਲਾ ਕੇ ਗੁੱਸਾ ਜ਼ਾਹਰ ਕੀਤਾ ਅਤੇ ਫਿਰ ਪੁਤਲਾ ਫੂਕਿਆ। ਯੂਥ ਕਾਂਗਰਸ ਵਰਕਰ ਯੂਥ ਕਾਂਗਰਸ ਦਫ਼ਤਰ ਤੋਂ ਰਾਏਸੀਨਾ ਰੋਡ ਵੱਲ ਵਧੇ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਬੈਰੀਕੇਡਿੰਗ ਕਰ ਕੇ ਰੋਕ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਜਪਾ ਵਿਧਾਇਕ ਰਣਬੀਰ ਪਠਾਨੀਆ ਦਾ ਬਿਆਨ ਫੌਜ ਦਾ ਸਿੱਧਾ ਅਪਮਾਨ ਹੈ। ਪਹਿਲਾਂ ਵਿਜੇ ਸ਼ਾਹ, ਫਿਰ ਦੇਵੜਾ, ਹੁਣ ਪਠਾਨੀਆ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ’ਤੇ ਚੁੱਪ ਕਿਉਂ ਹਨ। ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਅਕਸ਼ੈ ਲਾਕੜਾ ਨੇ ਕਿਹਾ ਕਿ ਅੱਜ ਭਾਜਪਾ ਆਗੂਆਂ ਅਤੇ ਉਨ੍ਹਾਂ ਦੇ ਵਿਧਾਇਕਾਂ ਵੱਲੋਂ ਫ਼ੌਜ ਬਾਰੇ ਗਾਲਾਂ ਕੱਢਣਾ ਅਤੇ ਬਿਆਨ ਦੇਣਾ ਫੈਸ਼ਨ ਬਣ ਗਿਆ ਹੈ। ਇਹ ਭਾਜਪਾ ਆਗੂ ਦੇਸ਼ ਦੇ ਅਸਲੀ ਗੱਦਾਰ ਹਨ ਅਤੇ ਅਜਿਹੇ ਗੱਦਾਰਾਂ ਨੂੰ ਜਲਦੀ ਤੋਂ ਜਲਦੀ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਵਿਰੁੱਧ ਦੇਸ਼ਧਰੋਹ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਭਾਜਪਾ ਆਗੂਆਂ ਵਿਰੁੱਧ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਯੂਥ ਕਾਂਗਰਸ ਸੰਘਰਸ਼ ਤੇਜ਼ ਕਰੇਗਾ। ਪ੍ਰਦਰਸ਼ਨ ਕਰ ਰਹੇ ਯੂਥ ਕਾਰਕੁਨਾਂ ਨੂੰ ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਬੱਸ ਵਿੱਚ ਭਰ ਕੇ ਨੇੜੇ ਦੇ ਪੁਲੀਸ ਸਟੇਸ਼ਨ ਲੈ ਗਈ ਤੇ ਕੁਝ ਘੰਟੇ ਉੱਥੇ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।