ਫ਼ਿਲਮ ਤੇ ਸੰਗੀਤ ਜਗਤ ਵੱਲੋਂ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ
ਮੁੰਬਈ/ਇੰਦੌਰ, 6 ਫਰਵਰੀ
ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਅਤੇ ਫ਼ਿਲਮ ਤੇ ਸੰਗੀਤ ਜਗਤ ਦੀਆਂ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਨੂੰ ਯਾਦ ਕੀਤਾ ਗਿਆ ਅਤੇ ਸ਼ਰਧਾਂਜਲੀ ਦਿੱਤੀ ਗਈ। ਬੌਲੀਵੁੱਡ ਫ਼ਿਲਮਾਂ ਦੀ ਪਿੱਠਵਰਤੀ ਗਾਇਕਾ ਲਤਾ ਦਾ ਪਿਛਲੇ ਸਾਲ 6 ਫਰਵਰੀ ਨੂੰ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਉਧਰ, ਲਤਾ ਮੰਗੇਸ਼ਕਰ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਕਿ ਮੁੰਬਈ ਦੀ ਤੱਟੀ ਸੜਕ ਦਾ ਨਾਮ ਮਰਹੂਮ ਗਾਇਕਾ ਦੇ ਨਾਮ ‘ਤੇ ਰੱਖਿਆ ਜਾਵੇ। ਮਹਾਨਗਰ ਵਿੱਚ ਭੀੜ ਦੇ ਮੱਦੇਨਜ਼ਰ ਆਵਾਜਾਈ ਨੂੰ ਘਟਾਉਣ ਲਈ ਤਿਆਰ ਕੀਤੀ ਜਾ ਰਹੀ ਮੁੰਬਈ ਦੀ ਤੱਟੀ ਸੜਕ ਇੱਕ ਵੱਡਾ ਪ੍ਰਾਜੈਕਟ ਹੈ।
ਇਸੇ ਦੌਰਾਨ ਇੰਦੌਰ ਦੇ ਸਿੱਖ ਮੁਹੱਲੇ ਦੀ ਜਿਸ ਗਲੀ ਵਿੱਚ 28 ਸਤੰਬਰ 1929 ਨੂੰ ਉੱਘੀ ਗਾਇਕਾ ਲਤਾ ਮੰਗੇਸ਼ਕਰ ਪੈਦਾ ਹੋਈ ਸੀ, ਉਸ ਥਾਂ ‘ਤੇ ਉਨ੍ਹਾਂ ਦੀਆਂ ਯਾਦਾਂ ਨੂੰ ਅਗਲੀਆਂ ਪੀੜ੍ਹੀਆਂ ਲਈ ਸਾਂਭ ਕੇ ਰੱਖਣ ਦੀ ਯੋਜਨਾ ਵਿੱਚ ਕੀਤੀ ਜਾ ਰਹੀ ਦੇਰੀ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਸਿੱਖ ਮੁਹੱਲੇ ਵਿੱਚ ਮੰਗੇਸ਼ਕਰ ਦੇ ਜਨਮ ਸਥਾਨ ਵਾਲੀ ਗਲੀ ਜ਼ਿਲ੍ਹਾ ਅਦਾਲਤ ਕੰਪਲੈਕਸ ਨਜ਼ਦੀਕ ਹੋਣ ਕਾਰਨ ‘ਕੋਰਟ ਵਾਲੀ ਗਲੀ’ ਅਤੇ ਚਾਟ ਵਾਲੀਆਂ ਦੁਕਾਨਾਂ ਹੋਣ ਕਾਰਨ ‘ਚਾਟ ਵਾਲੀ ਗਲੀ’ ਵਜੋਂ ਮਸ਼ਹੂਰ ਹੈ। ਜਿਸ ਥਾਂ ‘ਤੇ ਮੰਗੇਸ਼ਕਰ ਦਾ ਜਨਮ ਹੋਇਆ ਸੀ, ਉੱਥੇ ਹੁਣ ਕੱਪੜਿਆਂ ਦੀ ਇੱਕ ਦੁਕਾਨ ਹੈ, ਜਿਸ ਅੰਦਰ ਮੰਗੇਸ਼ਕਰ ਦੀ ਤਸਵੀਰ ਲਟਕੀ ਹੋਈ ਹੈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਿਛਲੇ ਸਾਲ 28 ਸਤੰਬਰ ਨੂੰ ਐਲਾਨ ਕੀਤਾ ਸੀ ਕਿ ਮੰਗੇਸ਼ਕਰ ਦੀਆਂ ਯਾਦਾਂ ਨੂੰ ਸੰਭਾਲਣ ਲਈ ਉਨ੍ਹਾਂ ਦੇ ਜਨਮ ਸਥਾਨ ਇੰਦੌਰ ਵਿੱਚ ਸੰਗੀਤ ਯੂਨੀਵਰਸਿਟੀ, ਸੰਗੀਤ ਅਕਾਦਮੀ ਅਤੇ ਅਜਾਇਬ ਘਰ ਬਣਾਇਆ ਜਾਵੇਗਾ ਅਤੇ ਸ਼ਹਿਰ ਵਿੱਚ ਉਨ੍ਹਾਂ ਦੀ ਮੂਰਤੀ ਲਗਾਈ ਜਾਵੇਗੀ। -ਪੀਟੀਆਈ