ਫ਼ਿਜ਼ੀਕਲ ਐਜੂਕੇਸ਼ਨ ਟੀਚਰ ਐਸੋਸੀਏਸ਼ਨ ਵੱਲੋਂ ਡੀਪੀਆਈ ਦਫ਼ਤਰ ਦੇ ਘਿਰਾਓ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 30 ਨਵੰਬਰ
ਗੌਰਮਿੰਟ ਫ਼ਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਅਤੇ ਜਨਰਲ ਸਕੱਤਰ ਇੰਦਰਪਾਲ ਢਿੱਲੋਂ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ 8 ਤੇ 11 ਨਵੰਬਰ ਨੂੰ ਜਾਰੀ ਕੀਤੇ ਪੱਤਰਾਂ ਨੂੰ ਸੀ ਐਂਡ ਵੀ (ਸਰੀਰਕ ਸਿੱਖਿਆ ਅਧਿਆਪਕ) ਕਾਡਰ ਲਈ ਬੇ-ਇਨਸਾਫ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਪੀਟੀਆਈ ਸੀ ਐਂਡ ਵੀ ਕਾਡਰ ਨੂੰ ਅਕਤੂਬਰ 2011 ਵਿੱਚ, ਗਰੇਡ ਪੇਅ 3200 ਤੋਂ ਸੋਧ ਕੇ 4400 ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ 2012 ਤੋਂ 2017 ਤੱਕ ਅਕਾਲੀ ਸਰਕਾਰ ਅਤੇ 2017 ਤੋਂ 2022 ਤੱਕ ਕਾਂਗਰਸ ਸਰਕਾਰ ਸਮੇਂ ਇਹ ਕੇਡਰ 4400 ਗ੍ਰੇਡ ਪੇਅ ਨਾਲ ਤਨਖਾਹ ਲੈਂਦਾ ਰਿਹਾ ਹੈ, ਜੋ ਮੌਜੂਦਾ ਸਰਕਾਰ ਦੇ ਪਹਿਲੇ ਦੋ ਸਾਲਾਂ ਵਿੱਚ ਵੀ 4400 ਗ੍ਰੇਡ ਨਾਲ ਤਨਖਾਹ ਮਿਲਦੀ ਰਹੀ, ਪ੍ਰੰਤੂ ਵਿਭਾਗ ਨੇ ਬਿਨਾਂ ਅਧਿਆਪਕਾਂ ਦਾ ਪੱਖ ਸੁਣੇ ਕੋਰਟ ਕੇਸਾਂ ਦੀ ਅਣਦੇਖੀ ਕਰਦੇ ਹੋਏ ਗ੍ਰੇਡ ਪੇਅ 4400 ਤੋਂ ਘਟਾ ਕੇ 3200 ਕਰ ਦਿੱਤਾ ਅਤੇ ਅਧਿਆਪਕਾਂ ਦੀ 2012 ਤੋਂ ਰਿਕਵਰੀ ਦੇ ਹੁਕਮ ਜਾਰੀ ਕਰ ਦਿੱਤੇ ਹਨ, ਜੋ ਕਿ ਸਰਾਸਰ ਅਨਿਆਂ ਹੈ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪਿਛਲੇ ਦਿਨੀਂ ਪੀਟੀਆਈ ਅਧਿਆਪਕਾਂ ਨੂੰ ਲੰਮੇ ਸਮੇਂ ਬਾਅਦ ਬਤੌਰ ਡੀਪੀਈ ਅਧਿਆਪਕ ਵਜੋਂ ਤਰੱਕੀ ਨਸੀਬ ਹੋਈ, ਪਰ ਇਹ ਤਰੱਕੀ ਘੱਟ ਅਤੇ ਸਜ਼ਾ ਵੱਧ ਪ੍ਰਤੀਤ ਹੁੰਦੀ ਹੈ ਕਿਉਂਕਿ ਵੱਖ-ਵੱਖ ਜ਼ਿਲ੍ਹਿਆਂ ’ਚ ਡੀਪੀਈ ਅਧਿਆਪਕਾਂ ਦੇ ਕਾਫੀ ਸਟੇਸ਼ਨ ਖਾਲੀ ਹੋਣ ਦੇ ਬਾਵਜੂਦ ਸਟੇਸ਼ਨ ਚੋਣ ਸਮੇਂ ਬਾਹਰਲੇ ਜ਼ਿਲ੍ਹਿਆਂ ਦੇ ਸਟੇਸ਼ਨ ਦਿੱਤੇ ਗਏ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਤਰੱਕੀ ਨਹੀਂ ਸਜ਼ਾ ਦੇ ਰਹੀ ਹੈ।
ਅਖੀਰ ਵਿੱਚ ਆਗੂਆਂ ਨੇ ਕਿਹਾ ਕਿ ਗੌਰਮਿੰਟ ਫ਼ਿਜ਼ੀਕਲ ਐਜੂਕੇਸ਼ਨ ਟੀਚਰ ਐਸੋਸੀਏਸ਼ਨ 2 ਦਸੰਬਰ ਨੂੰ ਆਪਣੀਆਂ ਮੰਗਾਂ ਸਬੰਧੀ ਡੀਪੀਆਈ ਦਫ਼ਤਰ ਮੁਹਾਲੀ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰੇਗੀ।