ਫ਼ਲਸਤੀਨੀਆਂ ਦੇ ਹੱਕ ਵਿੱਚ ਨਿੱਤਰੇ ਲੋਕ
ਪੱਤਰ ਪ੍ਰੇਰਕ
ਯਮੁਨਾਨਗਰ, 28 ਮਈ
ਅੱਜ ਇੱਥੇ ਅਵਾਮੀ ਏਕਤਾ ਮੰਚ ਵੱਲੋਂ ਫ਼ਲਸਤੀਨ ਦੇ ਲੋਕਾਂ ਦੇ ਸਮਰਥਨ ਵਿੱਚ ਡੀਸੀ ਦਫ਼ਤਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਵਿਦਿਆਰਥੀਆਂ, ਨੌਜਵਾਨਾਂ, ਮਨੁੱਖੀ ਅਧਿਕਾਰ ਕਾਰਕੁਨਾਂ ਸਣੇ ਸੈਂਕੜੇ ਲੋਕਾਂ ਨੇ ਹਿੱਸਾ ਲਿਆ ਅਤੇ ਫਲਸਤੀਨ ਨਾਲ ਏਕਤਾ ਦਾ ਪ੍ਰਗਟਾਵਾ ਕੀਤਾ। ਅਵਾਮੀ ਏਕਤਾ ਮੰਚ ਦੇ ਪ੍ਰਧਾਨ ਸੰਜੀਵ ਵਾਲੀਆ ਨੇ ਕਿਹਾ ਕਿ ਉਹ ਗਾਜ਼ਾ ਵਿੱਚ ਆਮ ਲੋਕਾਂ, ਮਾਸੂਮ ਨਾਗਰਿਕਾਂ ਅਤੇ ਵਿਸ਼ੇਸ਼ ਕਰਕੇ ਬੱਚਿਆਂ ’ਤੇ ਹਮਲਿਆਂ ਦੀ ਸਖ਼ਤ ਨਿੰਦਾ ਕਰਦੇ ਹਾਂ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਫ਼ਲਸਤੀਨ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਤੁਰੰਤ ਦਖ਼ਲ ਦੇਵੇ ਅਤੇ ਭਾਰਤ ਵਿੱਚ ਵੀ ਘੱਟ ਗਿਣਤੀਆਂ ਅਤੇ ਦਲਿਤਾਂ ’ਤੇ ਹਮਲੇ ਬੰਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਹਮੇਸ਼ਾ ਪੀੜਤ ਮਨੁੱਖਤਾ ਦੇ ਨਾਲ ਖੜ੍ਹੇ ਰਹੇ ਹਨ ਅਤੇ ਇਹ ਸਮਰਥਨ ਉਸੇ ਪਰੰਪਰਾ ਦਾ ਹਿੱਸਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਫਲਸਤੀਨ ਵਿੱਚ ਹਿੰਸਾ ਵਿਰੁੱਧ ਸਪੱਸ਼ਟ ਸਟੈਂਡ ਲਵੇ ਅਤੇ ਸੰਯੁਕਤ ਰਾਸ਼ਟਰ ਰਾਹੀਂ ਸ਼ਾਂਤੀ ਸਥਾਪਤ ਕਰਨ ਲਈ ਠੋਸ ਕਦਮ ਚੁੱਕੇ। ਇਸ ਮੌਕੇ ਜਰਨੈਲ ਸਿੰਘ ਸਾਂਗਵਾਨ ਨੇ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਵੀ ਫੌਜ ਨੂੰ ਧਰਮ ਦੇ ਆਧਾਰ ’ਤੇ ਵੰਡਿਆ ਜਾ ਰਿਹਾ ਹੈ ਜੋ ਮੰਦਭਾਗਾ ਹੈ। ਇਸ ਲਈ, ਉਨ੍ਹਾਂ ਤੱਤਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੋ ਭਾਰਤੀ ਫੌਜ ਦਾ ਅਪਮਾਨ ਕਰ ਰਹੇ ਹਨ। ਵਿਦਿਆਰਥੀ ਆਗੂ ਅਜੇ ਨੇ ਕਿਹਾ ਕਿ ਅਸ਼ੋਕਾ ਯੂਨੀਵਰਸਿਟੀ, ਸੋਨੀਪਤ ਦੇ ਪ੍ਰੋਫੈਸਰ ਅਲੀ ਖਾਨ ਦੇ ਵਿਰੁੱਧ ਕੇਸ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਦੇਸ਼ ਵਿੱਚ ਪ੍ਰਗਟਾਵੇ ਦੀ ਆਜ਼ਾਦੀ ‘ਤੇ ਹਮਲਾ ਬੰਦ ਕੀਤਾ ਜਾਣਾ ਚਾਹੀਦਾ ਹੈ। ਇੱਕ ਹੋਰ ਬੁਲਾਰੇ ਸ਼ਾਦਿਕ ਨੇ ਕਿਹਾ ਕਿ ਇਜ਼ਰਾਈਲ ਆਮ ਲੋਕਾਂ ‘ਤੇ ਬੰਬਾਰੀ ਕਰਕੇ ਜੰਗੀ ਅਪਰਾਧ ਕਰ ਰਿਹਾ ਹੈ। ਇਸ ਲਈ, ਭਾਰਤ ਸਰਕਾਰ ਨੂੰ ਇਜ਼ਰਾਈਲੀ ਸਰਕਾਰ ਨਾਲ ਸਬੰਧ ਤੋੜਨੇ ਚਾਹੀਦੇ ਹਨ ਅਤੇ ਫ਼ਲਸਤੀਨੀਆਂ ਦੇ ਅੰਦੋਲਨ ਦਾ ਸਮਰਥਨ ਕਰਨਾ ਚਾਹੀਦਾ ਹੈ। ਇੱਕ ਹੋਰ ਬੁਲਾਰੇ ਰਾਜੇਸ਼ ਬਿੰਦਰਾ ਦਾ ਕਹਿਣਾ ਸੀ ਕਿ ਸਿੱਖਿਆ ਦਾ ਫਿਰਕੂਕਰਨ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ’ਤੇ ਹਮਲਾ ਬੰਦ ਕੀਤਾ ਜਾਣਾ ਚਾਹੀਦਾ ਹੈ।