ਫਤਿਹਪੁਰ ਵਿੱਚ ਉਤਸ਼ਾਹ ਨਾਲ ਤੀਆਂ ਦਾ ਮੇਲਾ ਕਰਵਾਇਆ
ਦੇਵਿੰਦਰ ਸਿੰਘ ਜੱਗੀ
ਪਾਇਲ, 6 ਅਗਸਤ
ਨੇੜਲੇ ਪਿੰਡ ਫਤਿਹਪੁਰ ਵਿੱਚ ਧੀਆਂ ਅਤੇ ਪਿੰਡ ਦੀ ਸੁਆਣੀਆਂ ਵੱਲੋਂ ਪੂਰੀ ਸਜਾਵਟੀ ਦਿੱਖ ਦੇ ਕੇ ਪੁਰਾਤਨ ਬੋਹੜ ਹੇਠਾਂ ਤੀਆਂ ਦਾ ਤਿਉਹਾਰ ਚਾਵਾਂ ਤੇ ਮੁਲਾਰਾਂ ਨਾਲ ਮਨਾਇਆ। ਤੀਆਂ ਦਾ ਤਿਉਹਾਰ ਮਨਾਉਣ ਲਈ ਪਿੰਡ ਦੀਆਂ ਵਿਆਹੀਆਂ ਕੁੜੀਆਂ ਬੜੇ ਮਾਣ ਸਤਿਕਾਰ ਨਾਲ ਬੁਲਾਇਆ ਗਿਆ।
ਪਿੰਡ ਦੀਆਂ ਸੁਆਣੀਆਂ, ਕੁੜੀਆਂ ਤੇ ਧੀਆਂ ਨੇ ਬੋਲੀਆਂ, ਗੀਤ, ਗਿੱਧਾ ਪਾ ਕੇ ਮਨ ਦੀਆਂ ਰੀਝਾਂ ਪੂਰੀਆਂ ਕੀਤੀਆਂ। ਇਸ ਮੌਕੇ ਛੋਟੀਆਂ ਬੱਚੀਆਂ ਨੇ ਡੀਜੇ ਤੇ ਨੱਚ ਕੇ ਧਮਾਲਾਂ ਪਾਈਆਂ। ਇਸ ਮੌਕੇ ਪਿੰਡ ਦੀਆਂ ਵਿਆਹੀਆਂ ਕੁੜੀਆਂ ਦਾ ਪਿੰਡ ਵਾਸੀਆਂ ਵੱਲੋਂ ਮਾਣ ਸਤਿਕਾਰ ਗਿਆ। ਇਸ ਮੌਕੇ ਮਲਕੀਤ ਕੌਰ ਬੈਨੀਪਾਲ, ਗੁਰਪ੍ਰੀਤ ਕੌਰ ਸਵੈਚ, ਸਰਬਜੀਤ ਕੌਰ ਗਰੇਵਾਲ, ਮਨਦੀਪ ਕੌਰ ਮਾਜਰੀ, ਕਮਲਜੀਤ ਕੌਰ ਸਵੈਚ, ਦੀਪੀਕਾ ਸ਼ਰਮਾ, ਗੁਰਵੀਰ ਕੌਰ, ਪੰਚ ਕਰਨੈਲ ਕੌਰ, ਸੁਰਿੰਦਰ ਕੌਰ, ਜਸਵਿੰਦਰ ਕੌਰ, ਬਲਵੀਰ ਕੌਰ, ਸੁਖਜੀਤ ਕੌਰ,ਬਲਜੀਤ ਕੌਰ ਤੋਂ ਇਲਾਵਾਂ ਬੱਚੀਆਂ ਨੇ ਗਿੱਧਾ- ਬੋਲੀਆਂ ਪਾ ਕੇ ਤੀਆਂ ਦੇ ਤਿਉਹਾਰ ਨੂੰ ਚਾਰ ਚੰਨ ਲਾਏ। ਤੀਆਂ ਦੇ ਤਿਉਹਾਰ ਨੂੰ ਮਨਾਉਣ ਸਮੇ ਰਾਜਦੀਪ ਸਿੰਘ ਬੈਨੀਪਾਲ, ਨਰਿੰਦਰਜੀਤ ਸਿੰਘ ਸਵੈਚ, ਗੁਰਵੀਰ ਸਿੰਘ, ਜਗਦੀਪ ਸਿੰਘ ਜੱਗਾ, ਕਰਮ ਸਿੰਘ, ਬੂਟਾ ਸਿੰਘ, ਰਾਹੁਲ, ਰਿੰਕੂ, ਲਖਵੀਰ ਸਿੰਘ ਲੱਖੀ ਨੇ ਵਧੇਰੇ ਸਹਿਯੋਗ ਦਿੱਤਾ।
ਲੁਧਿਆਣਾ(ਖੇਤਰੀ ਪ੍ਰਤੀਨਿਧ): ਸਥਾਨਕ ਡਾ. ਏਵੀਐੱਮ ਪਬਲਿਕ ਸਕੂਲ, ਈਸਾ ਨਗਰ ਵਿੱਚ ਸਕੂਲ ਦੀਆਂ ਵਿਦਿਆਰਥਣਾ ਤੇ ਸਟਾਫ ਵੱਲੋਂ ਤੀਆਂ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਡਾਇਰੈਕਟਰ ਰਾਜੀਵ ਕੁਮਾਰ ਲਵਲੀ ਨੇ ਸ਼ਿਰਕਤ ਕੀਤੀ। ਮਾਲਵਾ ਸੱਭਿਆਚਾਰ ਮੰਚ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਐਲਾਨ ਕੀਤਾ ਕਿ ਮੰਚ ਵੱਲੋਂ ਅਗਲੇ ਸਾਲ ਮਨਾਇਆ ਜਾਣ ਵਾਲਾ ‘ਧੀਆਂ ਦਾ ਲੋਹੜੀ ਮੇਲਾ’, ਸ਼੍ਰੋਮਣੀ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੂੰ ਸਮਰਪਿਤ ਕੀਤਾ ਜਾਵੇਗਾ, ਜਿਨ੍ਹਾਂ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ।
ਰਹੌਣ ਸਕੂਲ ’ਚ ਤੀਆਂ ਦਾ ਤਿਉਹਾਰ ਮਨਾਇਆ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਨੇੜਲੇ ਪਿੰਡ ਰਹੌਣ ਦੇ ਗੁਰੂ ਤੇਗ ਬਹਾਦਰ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲੋਕ ਨਾਚ, ਗਿੱਧਾ, ਭੰਗੜਾ ਅਤੇ ਸੱਭਿਆਚਾਰਕ ਗੀਤਾਂ ਦੀ ਪੇਸ਼ਕਾਰੀ ਕੀਤੀ। ਇਸ ਦੌਰਾਨ ਕੁੜੀਆਂ ਨੇ ਨੇ ਪੀਘਾਂ ਝੂਟ, ਚਰਖਾ ਕੱਤ ਕੇ ਅਤੇ ਗਿੱਧਾ ਪਾ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਦੌਰਾਨ ਸਕੂਲ ਪ੍ਰਬੰਧਕ ਜਸਵੀਰ ਸਿੰਘ ਗਿੱਲ ਅਤੇ ਪ੍ਰਿੰਸੀਪਲ ਰਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਪੁਰਾਤਨ ਸਮੇਂ ਤੋਂ ਚੱਲੇ ਆ ਰਹੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ।