ਫਗਵਾੜਾ-ਹੁਸ਼ਿਆਰਪੁਰ ਸੜਕ ਚਹੁੰ-ਮਾਰਗੀ ਬਣਨੀ ਸ਼ੁਰੂ
ਜਸਬੀਰ ਸਿੰਘ ਚਾਨਾ
ਫਗਵਾੜਾ, 23 ਮਈ
ਫਗਵਾੜਾ-ਹੁਸ਼ਿਆਰਪਰ ਰੋਡ ਚਾਰ ਮਾਰਗੀ ਸੜਕ ਦੇ ਨਿਰਮਾਣ ਦੀ ਸ਼ੁਰੂਆਤ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਲੋਂ ਕਰਵਾਈ ਗਈ। ਇਸ ਸਬੰਧੀ ਸਮਾਗਮ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਰੱਖਿਆ ਸੀ ਤੇ ਇਸ ਪ੍ਰਾਜੈਕਟ ਦੀ ਕੁੱਲ ਲੰਬਾਈ 48.622 ਕਿਲੋਮੀਟਰ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਚ ਦੋ ਬਾਈਪਾਸ ਸ਼ਾਮਲ ਕੀਤੇ ਗਏ ਹਨ ਤੇ ਪਹਿਲਾ ਬਾਈਪਾਸ ਫਗਵਾੜਾ ਵਿਖੇ ਲੁਧਿਆਣਾ ਤੋਂ ਜਲੰਧਰ ਰੋਡ ਤੋਂ ਪਿੰਡ ਜਮਾਲਪੁਰ ਤੋਂ ਸ਼ੁਰੂ ਹੋ ਕੇ ਮੇਹਲੀ ਚੰਡੀਗੜ੍ਹ ਫਗਵਾੜਾ ਬਾਈਪਾਸ ਨਾਲ ਜਾ ਮਿਲੇਗਾ ਤੇ ਇਸ ਬਾਈਪਾਸ ਦੀ ਕੁਲ ਲੰਬਾਈ 6.8 ਕਿਲੋਮੀਟਰ ਹੋਵੇਗੀ। ਇਸੇ ਤਰ੍ਹਾਂ ਦੂਸਰਾ ਬਾਈਪਾਸ ਹੁਸ਼ਿਆਰਪੁਰ ਵਿਖੇ ਪਿੰਡ ਮੜੁੱਲੀ ਬ੍ਰਾਹਮਣਾਂ ਤੋਂ ਸ਼ੁਰੂ ਹੋ ਕੇ ਊਨਾ ਰੋਡ ਤੱਕ ਹੋਵੇਗਾ ਜਿਸ ਦੀ ਲੰਬਾਈ 9.5 ਕਿਲੋਮੀਟਰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਪਥ ਇੰਡੀਆ ਲਿਮਟਿਡ ਕੰਪਨੀ ਨੂੰ ਅਲਾਟ ਕੀਤਾ ਗਿਆ ਹੈ ਤੇ ਇਹ ਕੰਮ ਦੋ ਸਾਲਾ ’ਚ ਮੁਕੰਮਲ ਕਰ ਦਿੱਤਾ ਜਾਵੇਗਾ। ਸੋਮ ਪ੍ਰਕਾਸ਼ ਨੇ ਇਸ ਪ੍ਰਾਜੈਕਟ ਲਈ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਭਾਜਪਾ ਸਰਕਾਰ ਦੇ ਕਾਰਜਾਕਲ ਦੌਰਾਨ ਵੱਡੇ ਪੱਧਰ ’ਤੇ ਵਿਕਾਸ ਹੋਇਆ ਹੈ। ਇਸ ਮੌਕੇ ਨੈਸ਼ਨਲ ਹਾਈਵੇ ਦੇ ਪ੍ਰਾਜੈਕਟ ਡਾਇਰੈਕਟਰ ਮੈਡਮ ਪ੍ਰਿੰਯਕਾ ਮੀਨਾ, ਮੈਡਮ ਅਨੀਤਾ ਸੋਮ ਪ੍ਰਕਾਸ਼, ਅਵਤਾਰ ਮੰਡ ਕੌਮੀ ਸਕੱਤਰ ਕਿਸਾਨ ਮੌਰਚਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਦੁੱਗਲ, ਜ਼ਿਲ੍ਹਾ ਮਹਾਂਮੰਤਰੀ ਰਾਜੀਵ ਪਾਹਵਾ, ਸਾਬਕਾ ਮੇਅਰ ਅਰੁਨ ਖੋਸਲਾ ਆਦਿ ਸ਼ਾਮਲ ਸਨ। ਇਲਾਵਾ ਕਈ ਪ੍ਰਮੁੱਖ ਸ਼ਾਮਲ ਸਨ।