ਫਗਵਾੜਾ: ਗਊਸ਼ਾਲਾ ’ਚ ਮਰਨ ਵਾਲੀਆਂ ਗਾਵਾਂ ਦੀ ਗਿਣਤੀ 22 ਤੱਕ ਪੁੱਜੀ
ਇੱਥੇ ਮੇਹਲੀ ਗੇਟ ਵਿੱਚ ਸਥਿਤ ਸ੍ਰੀ ਕ੍ਰਿਸ਼ਨ ਗਊਸ਼ਾਲਾ ਵਿੱਚ ਗਊਆਂ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਭੇਤਭਰੀ ਹਾਲਤ ’ਚ ਹੁਣ ਤੱਕ 22 ਗਾਵਾਂ ਦੀ ਮੌਤ ਹੋ ਗਈ ਹੈ ਜਿਸ ਕਾਰਨ ਲੋਕਾਂ ’ਚ ਭਾਰੀ ਰੋਸ ਹੈ। ਅੱਜ ਫਗਵਾੜਾ ਸ਼ਹਿਰ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਕੇ ਆਪਣਾ ਰੋਸ ਪ੍ਰਗਟਾਇਆ ਤੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ।
ਘਟਨਾ ਸਬੰਧੀ ਰਾਕੇਸ਼ ਗੋਸਾਈਂ ਪ੍ਰਧਾਨ ਗਊਸ਼ਾਲਾ ਕਮੇਟੀ ਨੇ ਦੋਸ਼ ਲਾਇਆ ਕਿ ਗਊਸ਼ਾਲਾ ਅੰਦਰ ਕਿਸੇ ਵਿਅਕਤੀ ਵੱਲੋਂ ਗਊਆਂ ਨੂੰ ਚਾਰੇ ’ਚ ਜ਼ਹਿਰੀਲੀ ਚੀਜ਼ ਪਾ ਕੇ ਦਿੱਤੀ ਜਾਪਦੀ ਹੈ ਜਿਸ ਨਾਲ ਕੱਲ੍ਹ ਸ਼ਾਮ ਕਰੀਬ 7 ਵਜੇ ਤੋਂ ਗਊਆਂ ਦੀ ਹਾਲਤ ਗੰਭੀਰ ਹੋਣੀ ਸ਼ੁਰੂ ਹੋ ਗਈ ਸੀ ਤੇ ਰਾਤ ਤੋਂ ਹੀ ਪਸ਼ੂ ਪਾਲਣ ਵਿਭਾਗ ਇਨ੍ਹਾਂ ਨੂੰ ਬਚਾਉਣ ’ਚ ਸਾਰੀ ਰਾਤ ਜੁਟਿਆ ਰਿਹਾ ਪਰ ਇਸ ਦੇ ਬਾਵਜੂਦ ਹੁਣ 22 ਗਊਆ ਦੀ ਮੌਤ ਹੋ ਚੁੱਕੀ ਹੈ। ਦੇਰ ਰਾਤ ਹਿੰਦੂ ਸੰਗਠਨਾਂ ਵੱਲੋਂ ਫਗਵਾੜਾ ਬੰਦ ਦੇ ਦਿੱਤੇ ਸੱਦੇ ਤੋਂ ਬਾਅਦ ਸਵੇਰ ਤੋਂ ਹੀ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾ ਬੰਦ ਕਰ ਦਿੱਤੀਆਂ ਤੇ ਲੋਕਾਂ ਨੇ ਬਾਜ਼ਾਰਾਂ ’ਚ ਜਾ ਕੇ ਦੁਕਾਨਾਂ ਬੰਦ ਵੀ ਕਰਵਾਈਆਂ। ਇਸ ਉਪਰੰਤ ਗਊਸ਼ਾਲਾ ਦੇ ਬਾਹਰ ਧਰਨਾ ਲਗਾ ਕੇ ਲੋਕਾਂ ਨੇ ਰੋਸ ਪ੍ਰਗਟਾਇਆ।
ਧਰਨੇ ’ਤੇ ਬੈਠੇ ਸ਼ਿਵ ਸੈਨਾ ਆਗੂ ਇੰਦਰਜੀਤ ਕਰਵਲ, ਦੀਪਕ ਭਾਰਦਵਾਜ, ਕਮਲ ਸਰੋਜ, ਯੋਗੇਸ਼ ਪ੍ਰਭਾਕਰ ਆਦਿ ਆਗੂਆਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐੱਸ.ਐੱਸ.ਪੀ. ਗੌਰਵ ਤੂਰਾ, ਐੱਸ.ਪੀ. ਰੁਪਿੰਦਰ ਕੌਰ ਭੱਟੀ ਨੇ ਪੁੱਜ ਕੇ ਗਊਸ਼ਾਲਾ ਦਾ ਜਾਇਜ਼ਾ ਲਿਆ ਤੇ ਘਟਨਾ ’ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕਰ ਕੇ ਵੀਰਵਾਰ ਤੱਕ ਇਸ ਮਾਮਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਸਬੰਧ ’ਚ ਗਊਸ਼ਾਲਾ ਮੈਨੇਜਰ ਸਤਨਾਮ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖਿਲਾਫ਼ 299, 325 ਬੀਐੱਨਐੱਸ ਤੇ 11 ਪਸ਼ੂ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਆਰ.ਪੀ. ਸਿੰਘ ਤੇ ਸੀਨੀਅਰ ਵੈਟਨਰੀ ਅਫ਼ਸਰ ਡਾ. ਖੁਸ਼ੀ ਰਾਮ ਨੇ ਦੱਸਿਆ ਕਿ ਪੰਜ ਡਾਕਟਰਾਂ ਦਾ ਬੋਰਡ ਬਣਾ ਕੇ ਮ੍ਰਿਤਕ ਗਊਆਂ ਨੂੰ ਲੁਧਿਆਣਾ ਦੇ ਗਡਵਾਸੂ ਯੂਨੀਵਰਸਿਟੀ ਵਿੱਚ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅੱਜ ਸ਼ਹਿਰ ’ਚ ਵੱਡੀ ਗਿਣਤੀ ’ਚ ਪੁਲੀਸ ਫੋਰਸ ਤਾਇਨਾਤ ਕੀਤੀ ਹੋਈ ਸੀ ਤਾਂ ਜੋ ਸ਼ਹਿਰ ’ਚ ਕਿਸੇ ਵੀ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ। ਇਸ ਘਟਨਾ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਵੱਲੋਂ ਵੀ ਪ੍ਰਧਾਨ ਕਰਨਜੋਤ ਸਿੰਘ ਝਿੱਕਾ ਦੀ ਅਗਵਾਈ ’ਚ ਕੰਮ-ਕਾਜ ਠੱਪ ਰੱਖਿਆ ਗਿਆ।