ਜਸਬੀਰ ਸਿੰਘ ਚਾਨਾਫਗਵਾੜਾ , 22 ਦਸੰਬਰਨਗਰ ਨਿਗਮ ਚੋਣਾਂ ’ਚ ਕਈ ਵੱਡੇ ਉਮੀਦਵਾਰ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਇੱਕ ਪਾਰਟੀ ਤੋਂ ਦੂਸਰੀ ਕਿਸ਼ਤ ’ਚ ਛਾਲ ਮਾਰਨ ਵਾਲੇ ਕਈ ਉਮੀਦਵਾਰ ਸਫ਼ਲ ਜਦਕਿ ਕਈ ਅਸਫ਼ਲ ਹੋਏ। ਫਗਵਾੜਾ ਦੇ 50 ਵਾਰਡਾਂ ’ਚੋਂ ਕਾਂਗਰਸ ਵੱਲੋਂ 22 ਸੀਟਾਂ , ਬਸਪਾ ਦੀਆਂ 3 ਸੀਟਾਂ ਤੇ ਵਿਧਾਇਕ ਦੀ ਸੀਟ ਸਮੇਤ ਕਾਂਗਰਸ ਕੋਲ 26 ਮੈਂਬਰ ਹੋਣ ਕਰਕੇ ਹੁਣ ਸਪੱਸ਼ਟ ਬਹੁਮਤ ਹਾਸਲ ਹੋ ਚੁੱਕਾ ਹੈ ਤੇ ਸੰਭਾਵਨਾ ਹੈ ਕਿ ਕਾਂਗਰਸ ਦੀ ਪੰਜਵੀਂ ਵਾਰ ਚੋਣ ਜਿੱਤਣ ਵਾਲੇ ਪ੍ਰਮੁੱਖ ਕਾਂਗਰਸੀ ਆਗੂ ਸੰਜੀਵ ਬੁੱਗਾ 814 ਵੋਟਾਂ ਦੇ ਫ਼ਰਕ ਨਾਲ ਜਿੱਤ ਕੇ ਮੇਅਰ ਦੀ ਕੁਰਸੀ ’ਤੇ ਬੈਠਣ ਦੇ ਯੋਗ ਬਣ ਸਕਦੇ ਹਨ।ਸੰਜੀਵ ਬੁੱਗਾ ਸਮੇਤ ਉਨ੍ਹਾਂ ਦੀ ਮਾਤਾ ਰਮਾ ਰਾਣੀ ਵੀ ਦੋ ਵਾਰ ਚੋਣ ਜਿੱਤ ਚੁੱਕੇ ਹਨ ਜਦਕਿ ਇਸ ਵਾਰ ਬੁੱਗਾ ਦੀ ਪਤਨੀ ਨੀਰਜ ਵੀ ਜੇਤੂ ਰਹੀ ਹੈ। ਮਾਡਲ ਟਾਊਨ ਤੋਂ ਦੂਜੀ ਵਾਰ ਚੋਣ ਜਿੱਤਣ ਵਾਲੇ ਤਰਨਜੀਤ ਵਾਲੀਆ ਨੂੰ 842 ਵੋਟ ਮਿਲੇ ਜਦਕਿ ਉਸਦੇ ਵਿਰੋਧੀ ਆਪ ਉਮੀਦਵਾਰ ਨੂੰ 63 ਵੋਟਾਂ ਮਿਲੀਆਂ ਤੇ ਉਨ੍ਹਾਂ ਨੂੰ ਵੀ ਵੱਡੇ ਫ਼ਰਕ ਨਾਲ ਜਿੱਤੀ ਮਿਲੀ ਹੈ। ਬਲਾਕ ਕਾਂਗਰਸ ਦੇ ਦੂਜੇ ਪ੍ਰਧਾਨ ਮੁਨੀਸ਼ ਪ੍ਰਭਾਕਰ ਜੋ 20 ਨੰਬਰ ਵਾਰਡ ਤੋਂ ਦੂਜੀ ਵਾਰ ਚੋਣ ਜਿੱਤੇ ਹਨ, ਉਨ੍ਹਾਂ ਭਾਜਪਾ ਉਮੀਦਵਾਰ ਦੇਵ ਸ਼ਰਮਾ ਨੂੰ 496 ਵੋਟਾਂ ਨਾਲ ਹਰਾਇਆ ਹੈ।ਕਾਂਗਰਸ ਦੇ ਸੁਸ਼ੀਲ ਮੈਣੀ ਵਾਰਡ ਨੰਬਰ 32 ਤੋਂ ਦੂਜੀ ਵਾਰ ਚੋਣ ਜਿੱਤੇ ਹਨ। ਵਾਰਡ ਨੰਬਰ 1 ਤੋਂ ਸੀਤਾ ਦੇਵੀ ਕਾਂਗਰਸ ਨੂੰ 1048 ਵੋਟ ਮਿਲੇ ਜਿਨ੍ਹਾਂ ਵਿਰੋਧੀ ਸਰਬਜੀਤ ਨੂੰ 839 ਵੋਟਾਂ ਨਾਲ ਹਰਾਇਆ ਹੈ। ਸੀਤਾ ਦੇਵੀ 2002 ਦੀਆਂ ਚੋਣਾਂ ’ਚ ਜੇਤੂ ਰਹੀ ਸੀ ਤੇ ਕਾਂਗਰਸ ਦੇ ਕੌਂਸਲ ’ਤੇ ਕਬਜ਼ੇ ਦੌਰਾਨ ਉਹ ਡਿਪਟੀ ਮੇਅਰ ਦੇ ਅਹੁਦੇ ’ਤੇ ਰਹਿ ਚੁੱਕੇ ਹਨ ਉਨ੍ਹਾਂ ਨੂੰ ਇਹ ਜਿੱਤ 23 ਸਾਲਾਂ ਬਾਅਦ ਨਸੀਬ ਹੋਈ ਹੈ। ਵਾਰਡ ਨੰਬਰ 2 ਤੋਂ ਕਾਂਗਰਸ ਦੇ ਪਦਮ ਦੇਵ ਸੁਧੀਰ ਤੀਸਰੀ ਵਾਰ ਚੋਣ ਜਿੱਤੇ ਹਨ ਜਿਨ੍ਹਾਂ ‘ਆਪ’ ਉਮੀਦਵਾਰ ਨੂੰ ਹਰਾ ਕੇ 537 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਕਾਂਗਰਸ ਦੀ ਭਾਈਵਾਲੀ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਚਿਰੰਜੀ ਲਾਲ ਨੂੰ 821 ਵੋਟ ਮਿਲੇ ਜਿਨ੍ਹਾਂ ਨੇ 505 ਵੋਟਾਂ ਦੇ ਫ਼ਰਕ ਨਾਲ ਚਮਨ ਲਾਲ ਨੂੰ ਹਰਾਇਆ।ਕਾਂਗਰਸ ਦੇ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸ਼ੋਤ ਜੋ ਚੋਣਾਂ ਤੋਂ ਪਹਿਲਾਂ ‘ਆਪ’ ਦੀ ਕਿਸ਼ਤੀ ’ਚ ਚੜ੍ਹ ਗਏ ਸਨ, ਨੂੰ ਹਾਰ ਨਸੀਬ ਹੋਈ ਹੈ ਤੇ ਇਹ ਸੀਟ ਭਾਜਪਾ ਦੇ ਬੀਰਾ ਰਾਮ ਵਲਜੋਤ ਨੂੰ ਮਿਲੀ ਹੈ। ਭਾਜਪਾ ਦੇ ਸਾਬਕਾ ਆਗੂ ਗੁਰਦੀਪ ਦੀਪਾ ਜੋ ਹਦੀਆਬਾਦ ਖੇਤਰ ਤੋਂ ਸਨ, ਉਹ ਭਾਜਪਾ ’ਚੋਂ ਕਾਂਗਰਸ ਤੇ ਕਾਂਗਰਸ ’ਚੋਂ ‘ਆਪ’ ’ਚ ਚਲੇ ਗਏ ਜਿਨ੍ਹਾਂ ਨੂੰ ਵੀ ਲੋਕਾਂ ਨੇ ਹਰਾ ਦਿੱਤਾ।