ਪੱਤਰਕਾਰ ਜਗਤਾਰ ਸਿੰਘ ਦੀ ਪੁਸਤਕ ‘ਸਿੱਖ ਸਟਰੱਗਲ ਡਾਕੂਮੈਂਟਸ: 1920 ਤੋਂ 2022’ ਲੋਕ ਅਰਪਣ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਮਈ
ਲੇਖਕ ਅਤੇ ਪੱਤਰਕਾਰ ਜਗਤਾਰ ਸਿੰਘ ਦੀ ਕਿਤਾਬ ‘ਸਿੱਖ ਸਟਰੱਗਲ ਡਾਕੂਮੈਂਟਸ 1920-2022’ ਚੰਡੀਗੜ੍ਹ ਵਿੱਚ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਵਿਚ ਪਹਿਲੀ ਵਾਰ ਖਾਲਿਸਤਾਨ ਨੂੰ ਵਿਸ਼ਾਲ ਸਿੱਖ ਬਿਰਤਾਂਤ ਦੇ ਹਿੱਸੇ ਵਜੋਂ ਵਿਚਾਰਦਿਆਂ ਇਸ ਸਬੰਧੀ ਬਹੁਤ ਸਾਰੇ ਦਸਤਾਵੇਜ਼ ਪੇਸ਼ ਕੀਤੇ ਗਏ ਹਨ ਜੋ ਇਸ ਵਰਤਾਰੇ ਨੂੰ ਸਮਝਣ ’ਚ ਲੋੜੀਂਦੀ ਜਾਣਕਾਰੀ ਅਤੇ ਮਦਦ ਮੁਹੱਈਆ ਕਰਦੇ ਹਨ। ਇਹ ਕਿਤਾਬ ਮੂਲ ਦਸਤਾਵੇਜ਼ਾਂ ਉੱਤੇ ਅਧਾਰਿਤ ਹੈ ਜੋ ਇਸ ਗੁੰਝਲਦਾਰ ਮੁੱਦੇ ਦੇ ਵਿਕਾਸ ਨੂੰ ਵਰਤਮਾਨ ਸੰਦਰਭ ਵਿੱਚ ਉਜਾਗਰ ਕਰਦੀ ਹੈ। ਇਹ ਇਸ ਲੇਖਕ ਦੀ ਚੌਥੀ ਕਿਤਾਬ ਹੈ। ਪਹਿਲੀਆਂ ਤਿੰਨ ਕਿਤਾਬਾਂ ‘ਖਾਲਿਸਤਾਨ ਸਟਰੱਗਲ-ਏ ਨਾਨ ਮੂਵਮੈਂਟ’, ‘ਰਿਵਰਜ਼ ਆਨ ਫਾਇਰ-ਖਾਲਿਸਤਾਨ ਸਟਰੱਗਲ’ ਅਤੇ ‘ਕਾਲਾਪਾਣੀ: ਰੋਲ ਆਫ਼ ਪੰਜਾਬੀਜ਼ ਇਨ ਫ਼ਰੀਡਮ ਮੂਵਮੈਂਟ’ ਹਨ।
ਸਮਾਗਮ ’ਚ ਹਾਜ਼ਰ ਸ਼ਖ਼ਸੀਅਤਾਂ ਨੇ ਕਿਹਾ ਕਿ ਹੁਣ ਖਾਲਿਸਤਾਨ ਦਾ ਬਿਰਤਾਂਤ ਭਾਰਤ ਦੀ ਭੂਗੋਲੀ ਸਿਆਸਤ ਨੂੰ ਪ੍ਰਭਾਵਿਤ ਕਰ ਰਿਹਾ ਹੈ ਪਰ ਇਸ ਮੁੱਦੇ ਨੂੰ ਲੋਕਾਂ ਨੇ 1946 ਵਿੱਚ ਹੀ ਨਕਾਰ ਦਿੱਤਾ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਅਲੱਗ ਅਤੇ ਆਜ਼ਾਦ ਸਿੱਖ ਰਾਜ ਦੇ ਏਜੰਡੇ ’ਤੇ ਚੋਣ ਲੜੀ ਸੀ। ਉਸ ਸਮੇਂ ਪਾਰਟੀ ਨੇ ਕਾਂਗਰਸ ਨਾਲ ਸੀਮਤ ਚੋਣ ਗੱਠਜੋੜ ਵੀ ਕੀਤਾ ਸੀ।
ਖਾਲਿਸਤਾਨ ਦੀ ਧਾਰਨਾ ਪਹਿਲੀ ਵਾਰ 1940 ਵਿੱਚ ਮੁਸਲਿਮ ਲੀਗ ਵੱਲੋਂ ਪਾਕਿਸਤਾਨ ਦੀ ਸਥਾਪਨਾ ਲਈ ਪਾਸ ਕੀਤੇ ਗਏ ਮਤੇ ਦੇ ਜਵਾਬ ਵਜੋਂ ਸਾਹਮਣੇ ਆਈ ਸੀ। ਲੁਧਿਆਣਾ ਦੇ ਡਾ. ਵੀਐੱਸ ਭੱਟੀ ਵੱਲੋਂ ਪਹਿਲੀ ਵਾਰ ਪੇਸ਼ ਸੁਤੰਤਰ ਸਿੱਖ ਰਾਜ ਦੇ ਵਿਚਾਰ ਨੇ ਸ਼ੁਰੂ-ਸ਼ੁਰੂ ਵਿਚ ਅਕਾਲੀ ਦਲ ਨਾਲੋਂ ਕਾਂਗਰਸ ਦਾ ਵਧੇਰੇ ਧਿਆਨ ਖਿੱਚਿਆ ਸੀ।
ਦੂਜੇ ਪਾਸੇ, ਜਦੋਂ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਆਪਣੀ ਹੋਂਦ ਬਚਾਉਣ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਖਾਸ ਕਰ ਕੇ ਅਕਾਲ ਤਖ਼ਤ ਵਲੋਂ ਇਸ ਦੇ ਮਾਮਲਿਆਂ ਵਿਚ ਦਿੱਤੇ ਜਾ ਰਹੇ ਦਖ਼ਲ ਵੇਲੇ ਤਾਂ ਇਸ ਕਿਤਾਬ ਵਿੱਚ ਪੇਸ਼ ਕੀਤਾ ਗਿਆ ਪਾਰਟੀ ਦਾ 1940 ਵਿੱਚ ਬਣਿਆ ਸਭ ਤੋਂ ਪਹਿਲਾ ਸੰਵਿਧਾਨ ਇਸ ਦੇ ਮੁੱਢਲੇ ਉਦੇਸ਼ਾਂ ਤੇ ਸਰੋਕਾਰਾਂ ਨੂੰ ਸਮਝਣ ਵਿਚ ਮਦਦ ਕਰਦਾ ਹੈ। ਇਹ ਕਿਤਾਬ ਸਿੱਖ ਸੰਘਰਸ਼ਾਂ ਦੀ ਇੱਕ ਸਦੀ ਤੋਂ ਵੱਧ ਦਾ ਵਿਆਪਕ ਅਧਿਐਨ ਪੇਸ਼ ਕਰਦੀ ਹੈ ਜੋ ਮੂਲ ਦਸਤਾਵੇਜ਼ਾਂ ਉੱਤੇ ਆਧਾਰਤ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪਹਿਲਾਂ ਜਨਤਕ ਜਾਣਕਾਰੀ ਦਾ ਹਿੱਸਾ ਨਹੀਂ ਸਨ।
ਪੰਜਾਬ ਨੇ 1980 ਦੇ ਦਹਾਕੇ ਦੌਰਾਨ ਇੱਕ ਭਿਆਨਕ ਤੇ ਖੂਨੀ ਟਕਰਾਅ ਆਪਣੇ ਪਿੰਡੇ ਉਤੇ ਹੰਢਾਇਆ ਜੋ 1978 ਦੇ ਅਪਰੈਲ ਵਿੱਚ ਵਾਪਰੀਆਂ ਘਟਨਾਵਾਂ ਬਾਅਦ ਸ਼ੁਰੂ ਹੋਇਆ ਅਤੇ ਲਗਪਗ ਡੇਢ ਦਹਾਕੇ ਤੱਕ ਚੱਲਿਆ। ਇਸ ਅਰਸੇ ਦੌਰਾਨ ਲਗਭਗ 35,000 ਲੋਕਾਂ ਦੀ ਜਾਨ ਗਈ। ਇਸ ਸੰਘਰਸ਼ ਦੇ ਨਤੀਜਿਆਂ ਦਾ ਪ੍ਰਭਾਵ ਵਿਦੇਸ਼ਾਂ, ਖ਼ਾਸ ਕਰ ਕੇ ਸਿੱਖ ਵੱਸੋਂ ਵਾਲੇ ਦੇਸ਼ਾਂ ਵਿੱਚ ਸਭ ਤੋਂ ਵੱਧ ਮਹਿਸੂਸ ਕੀਤਾ ਗਿਆ। ਇਨ੍ਹਾਂ ਘਟਨਾਵਾਂ ਨੇ ਭਾਰਤ ਦੇ ਇਨ੍ਹਾਂ ਦੇਸ਼ਾਂ ਨਾਲ ਕੂਟਨੀਤਕ ਸਬੰਧਾਂ ਨੂੰ ਵੀ ਪ੍ਰਭਾਵਿਤ ਕੀਤਾ। ਇਹ ਪੁਸਤਕ ਮੂਲ ਦਸਤਾਵੇਜ਼ਾਂ ਉੱਤੇ ਆਧਾਰਤ ਹੋਣ ਕਰ ਕੇ ਇਸ ਵਰਤਾਰੇ ਨੂੰ ਡੂੰਘਾਈ ਨਾਲ ਸਮਝਣ ਵਿੱਚ ਮਦਦ ਕਰਦੀ ਹੈ। ਇਸ ਕਿਤਾਬ ਵਿੱਚ ਲਗਪਗ 180 ਮੂਲ ਦਸਤਾਵੇਜ਼ ਸ਼ਾਮਲ ਹਨ।
ਇਸ ਪੁਸਤਕ ਵਿੱਚ 1940 ਵਿੱਚ ਪਹਿਲੀ ਵਾਰ ਮੁਸਲਿਮ ਲੀਗ ਦੇ ਪਾਕਿਸਤਾਨ ਮਤੇ ਦੇ ਜਵਾਬ ਵਜੋਂ ਖਾਲਿਸਤਾਨ ਦੀ ਮੰਗ ਉਠਾਉਣ ਤੋਂ ਲੈ ਕੇ ਇਸ ਬਿਰਤਾਂਤ ਤੇ ਸੰਘਰਸ਼ ਨਾਲ ਸਬੰਧਤ ਸਾਰੇ ਸਬੰਧਤ ਦਸਤਾਵੇਜ਼ ਸ਼ਾਮਲ ਹਨ। ਇਹ ਸਾਰੇ ਬਿਰਤਾਂਤ ਦਾ ਕੇਂਦਰ ਬਿੰਦੂ ਪੰਜਾਬ ਲਈ ਖ਼ੁਦਮੁਖ਼ਤਿਆਰੀ ਅਤੇ ਇੱਕ ਵੱਖਰੇ ਸਿੱਖ ਰਾਜ ਦੀ ਤਾਂਘ ਹੈ।