ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦਿੱਤੀ
ਖੰਨਾ, 24 ਮਈ
ਇੱਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਮਾਸ ਕਮਿਊਨੀਕੇਸ਼ਨ ਵਿਭਾਗ ਦੇ ਆਖ਼ਰੀ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਕੇਕ ਕੱਟਣ ਦੀ ਰਸਮ ਅਦਾ ਕਰਦਿਆਂ ਚੇਅਰਮੈਨ ਗੁਰਚਰਨ ਸਿੰਘ ਨੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਜਿਸ ਉਪਰੰਤ ਵੱਖ- ਵੱਖ ਦੇਸ਼ਾਂ ਅਤੇ ਭਾਰਤ ਦੇ ਹੋਰ ਰਾਜਾਂ ਤੋਂ ਆਏ ਵਿਦਿਆਰਥੀਆਂ ਨੇ ਆਪਣੇ ਲੋਕ ਗੀਤ ਅਤੇ ਨਾਚ ਪੇਸ਼ ਕੀਤੇ। ਇਸੇ ਤਰ੍ਹਾਂ ਭੰਗੜਾ, ਗਿੱਧਾ, ਮਾਈਮ ਅਤੇ ਸਕਿੱਟਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਜਾਣ ਵਾਲੇ ਵਿਦਿਆਰਥੀ ਆਪਣੇ ਤਜਰਬਿਆਂ ਅਤੇ ਸਫ਼ਰ ਦੀ ਵੀਡੀਓ ਦੇਖ ਕੇ ਭਾਵੁਕ ਹੋਏ। ਫੈਸ਼ਨ ਸ਼ੋਅ ਦੌਰਾਨ ਵਿਦਿਆਰਥੀਆਂ ਨੇ ਪਹਿਰਾਵੇ ਰਾਹੀਂ ਆਪਣੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਕੀਤਾ ਅਤੇ ਅੰਤ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਮਾਡਲਿੰਗ ਵਿੱਚ ਹਿੱਸਾ ਲੈ ਕੇ ਖੂਬ ਆਨੰਦ ਮਾਣਿਆ। ਡਾਇਰੈਕਟਰ ਗੁਰਕੀਰਤ ਸਿੰਘ ਅਤੇ ਪੱਤਰਕਾਰਤਾ ਵਿਭਾਗ ਵੱਲੋਂ ਰਾਕੇਸ਼ ਕੁਮਾਰ ਨੇ ਵਿਦਿਆਰਥੀਆਂ ਨਾਲ ਯਾਦਾਂ ਸਾਂਝੀਆਂ ਕਰਦਿਆਂ ਸਿੱਖਿਆ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ।