ਪੱਛਮ ਦੀ ਨੌਜਵਾਨ ਪੀੜ੍ਹੀ ਵਿਚ ਵਧਦੇ ਮਾਨਸਿਕ ਰੋਗ ਅਤੇ ਸੋਸ਼ਲ ਮੀਡੀਆ
ਜਸਵਿੰਦਰ ਸਿੰਘ
ਨਵੰਬਰ 2017 ਵਿਚ ਮੌਲੀ ਰੱਸਲ ਨਾਮ ਦੀ 14 ਸਾਲਾ ਬੱਚੀ ਦੀ ਖੁਦਕੁਸ਼ੀ ਤੋਂ ਬਾਅਦ ਖੁਦਕੁਸ਼ੀ ਦੇ ਕਾਰਨਾਂ ਲਈ ਜਿ਼ੰਮੇਵਾਰ ਖਿਲਾਫ ਕਾਰਵਾਈ ਲਈ ਯੂਕੇ ਦੀ ਅਦਾਲਤ ਵਿਚ ਕੇਸ ਚੱਲਿਆ। ਇਸ ਦੇ ਦੋਸ਼ੀ ਦੋ ਸੋਸ਼ਲ ਮੀਡੀਆ ਸੰਸਥਾਵਾਂ- ਇੰਸਟਾਗ੍ਰਾਮ ਤੇ ਪਿੰਟਰੈਸਟ ਨੂੰ ਟਿੱਕਿਆ ਗਿਆ ਜਿਨ੍ਹਾਂ ਨੇ ਬੱਚੀ ਨੂੰ ਖੁਦਕੁਸ਼ੀ ਵੱਲ ਜਾਣ ਵਾਲ਼ੀਆਂ ਚੀਜ਼ਾਂ (ਫੋਟੋਆਂ, ਵੀਡੀਓ) ਮੁਹੱਈਆ ਕਰਵਾਈਆਂ। ਇਸ ਕੇਸ ਵਿਚ ਦੋਵਾਂ ਅਦਾਰਿਆਂ ਦੇ ਜਿ਼ੰਮੇਵਾਰ ਮੁਲਾਜ਼ਮਾਂ ਨੇ ਕਚਹਿਰੀ ਵਿਚ ਮੁਆਫੀ ਮੰਗੀ। ਇਸ ਕੇਸ ਵਿਚ ਬੱਚੀ ਦੇ ਪਿਤਾ ਦੇ ਕਹੇ ਬੋਲ ਅਹਿਮ ਹਨ। ਉਹਨੇ ਕਿਹਾ, “ਇਹ ਸਮਾਂ ਆਪਣੇ ਮਾਸੂਮ ਬੱਚਿਆਂ ਦੀ ਰਾਖੀ ਕਰਨ ਦਾ ਹੈ ਅਤੇ ਸੋਸ਼ਲ ਮੀਡੀਆ ਵਰਗੀਆਂ ਸੰਸਥਾਵਾਂ ਨੂੰ ਬੱਚਿਆਂ ਦੇ ਦੁੱਖਾਂ ਨੂੰ ਕਮਾਈ ਦੇ ਸਾਧਨਾਂ ਵਿਚ ਬਦਲਣ ਤੋਂ ਰੋਕਣਾ ਚਾਹੀਦਾ ਹੈ, ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੈਟਫਾਰਮ (ਮੈਟਾ-ਫੇਸਬੁੱਕ) ਦੇ ਜ਼ਹਿਰੀਲੇ ਕਾਰਪੋਰੇਟ ਸੱਭਿਆਚਾਰ ਨੂੰ ਬਦਲਣਾ ਚਾਹੀਦਾ ਹੈ।” ਬਿਆਨ ਦੱਸਦੇ ਹਨ ਕਿ ਬੱਚੀ ਦੀ ਮਾਨਸਿਕ ਹਾਲਤ ਅਨੁਸਾਰ ਵੀਡੀਓ, ਰੀਲਾਂ, ਫੋਟੋਆਂ ਇਨ੍ਹਾਂ ਮੰਚਾਂ ਨੇ ਪੇਸ਼ ਕੀਤੀਆਂ ਜਿਸ ਦੇ ਸਿੱਟੇ ਵਜੋਂ ਬੱਚੀ ਮੌਤ ਦੇ ਖੂਹ ‘ਚ ਜਾ ਡਿੱਗੀ ਪਰ ਅਜਿਹਾ ਕੁਝ ਆਪਣੇ ‘ਗਾਹਕ’ ਨੂੰ ਮੁਹੱਈਆ ਕਰਵਾਉਂਦੇ ਵੀ ਕਿਉਂ ਨਾ, ਇਨ੍ਹਾਂ ਲਈ ਮੁਨਾਫਾ ਸਭ ਕੁਝ ਹੈ, ਮਨੁੱਖੀ ਜਾਨ ਦਾ ਇਨ੍ਹਾਂ ਲਈ ਕੋਈ ਮੁੱਲ ਨਹੀਂ।
ਇਹ ਖੁਦਕੁਸ਼ੀ ਕੋਈ ਇਕੱਲੀ-ਕਾਰੀ ਘਟਨਾ ਨਹੀਂ ਸਗੋਂ ਅਜਿਹੀਆਂ ਅਣਗਿਣਤ ਘਟਨਾਵਾਂ ਨਿੱਤ ਦਿਨ ਵਾਪਰ ਰਹੀਆਂ ਹਨ। ਅਮਰੀਕਾ ਵਿਚ 15 ਤੋਂ 24 ਸਾਲ ਦੀ ਉਮਰ ਦੌਰਾਨ ਖੁਦਕੁਸ਼ੀ, ਮੌਤ ਦਾ ਵੱਡਾ ਕਾਰਨ ਹੈ। ਹਾਈ ਸਕੂਲ ਦੇ ਲਗਭਗ 20 ਫੀਸਦ ਬੱਚੇ ਖੁਦਕੁਸ਼ੀ ਬਾਰੇ ਸੋਚਦੇ ਹਨ। 9 ਫੀਸਦੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। 2021 ਦੀ ਇੱਕ ਹੋਰ ਰਿਪੋਰਟ ਅਨੁਸਾਰ ਹਾਈ ਸਕੂਲ ਦੇ ਅੱਧੇ ਤੋਂ ਜਿ਼ਆਦਾ ਬੱਚਿਆਂ ਨੇ ਕਿਹਾ ਕਿ ਬੀਤੇ ਸਾਲ ਉਨ੍ਹਾਂ ਨੇ ਲਗਾਤਾਰ ਉਦਾਸੀ ਤੇ ਇਕੱਲਤਾ ਮਹਿਸੂਸ ਕੀਤੀ। ਅਸੁਰੱਖਿਆ ਦੀ ਅਜਿਹੀ ਹਾਲਤ ਵਿਚ ਮਨ ਅੰਦਰ ਖੁਦਕੁਸ਼ੀ ਦੇ ਖਿਆਲ ਆਉਂਦੇ ਹਨ। ਇਹ ਅੰਕੜੇ ਕਰੋਨਾ ਬੰਦ ਸਮੇਂ ਦੇ ਹਨ। ਰਿਪੋਰਟ ਅਨੁਸਾਰ ਖੁਦਕੁਸ਼ੀ ਦਰ ਸਾਲ 2000 ਦੇ ਮੁਕਾਬਲੇ 2020 ਵਿਚ 30 ਫੀਸਦ ਵਧੀ ਹੈ। 2007 ਤੋਂ 2017 ਦੇ ਸਮੇਂ ਦੌਰਾਨ 56 ਫੀਸਦੀ ਵਾਧਾ ਹੋਇਆ ਹੈ। ਸਾਲ 2020 ਵਿਚ 46,000 ਖੁਦਕੁਸ਼ੀਆਂ ਹੋਈਆਂ। ਇਸੇ ਸਮੇਂ ‘ਚ 1.22 ਕਰੋੜ ਬਾਲਗਾਂ ਨੇ ਖੁਦਕੁਸ਼ੀ ਕਰਨ ਬਾਰੇ ਸੋਚਿਆ, 32 ਲੱਖ ਨੇ ਖੁਦਕੁਸ਼ੀ ਦੀ ਵਿਉਂਤ ਬਣਾਈ। 12 ਲੱਖ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨਾ ਕਿਸੇ ਕਾਰਨ ਬਚ ਗਏ। ਕੁੜੀਆਂ ਦੇ ਮਾਮਲੇ ‘ਚ 50 ਫੀਸਦ ਤੋਂ ਜਿ਼ਆਦਾ ਕੁੜੀਆਂ ਨੇ ਖੁਦਕੁਸ਼ੀ ਕਰਦੇ ਸਮੇਂ ਖ਼ੁਦ ਨੂੰ ਗੰਭੀਰ ਜ਼ਖਮੀ ਕਰ ਲਿਆ। ਕੁੜੀਆਂ ‘ਚ ਮੁੰਡਿਆਂ ਦੇ ਮੁਕਾਬਲੇ ਖੁਦਕੁਸ਼ੀ ਦਰ ਜਿ਼ਆਦਾ ਹੈ। ਇੱਕ ਕਾਰਨ ਅਣਚਾਹਿਆ ਗਰਭ ਵੀ ਹੈ। ਅਲਾਸਕਾ ਵਿਚ ਖੁਦਕੁਸ਼ੀ ਦਰ ਅਮਰੀਕਾ ਦੀ ਕੁੱਲ ਦਰ ਤੋਂ ਚਾਰ ਗੁਣਾ ਜਿ਼ਆਦਾ ਹੈ।
ਅਮਰੀਕਾ ਤੋਂ ਬਿਨਾ ਦੂਜੇ ਸਰਾਮਾਏਦਾਰਾ ਮੁਲਕਾਂ ਵਿਚ ਵੀ ਖੁਦਕੁਸ਼ੀ ਦਰ ਵਧੀ ਹੈ। ਇਨ੍ਹਾਂ ਵਿਚ ਇੰਗਲੈਂਡ, ਆਸਟਰੇਲੀਆ, ਮੈਕਸਿਕੋ ਆਦਿ ਸ਼ਾਮਲ ਹਨ। ਇੰਗਲੈਂਡ ਤੇ ਵੇਲਜ਼ ਵਿਚ 15 ਤੋਂ 19 ਉਮਰ ਵਰਗ ਵਿਚ ਖੁਦਕੁਸ਼ੀ ਪਿਛਲੇ ਸਮੇਂ ਦੌਰਾਨ ਵਧੀ ਹੈ। 2021 ਵਿਚ 1 ਲੱਖ ਪਿੱਛੇ 6.4 ਨੇ ਖੁਦਕੁਸ਼ੀ ਕੀਤੀ; ਅਮਰੀਕਾ ਵਿਚ ਇਹ ਅੰਕੜਾ 11.2 ਹੈ। ਇੰਗਲੈਂਡ ਤੇ ਵੇਲਜ਼ ਵਿਚ 7 ਤੋਂ 16 ਸਾਲ ਦੇ ਬੱਚਿਆਂ ਵਿਚ 6 ਵਿਚੋਂ ਇੱਕ ਕਿਸੇ ਮਨੋਰੋਗ ਤੋਂ ਪੀੜਤ ਹੈ। ਜਿਵੇਂ ਉੱਪਰ ਵੀ ਆਖਿਆ ਹੈ, ਖੁਦਕੁਸ਼ੀਆਂ ਦਾ ਰੁਝਾਨ ਕਰੋਨਾ ਬੰਦ ਸਮੇਂ ਵਧਿਆ ਹੈ, ਜਦੋਂ ਵਿੱਦਿਅਕ ਸੰਸਥਾਵਾਂ ਤੇ ਹੋਰ ਸਮਾਜਿਕ ਇਕੱਠਾਂ ‘ਤੇ ਪਾਬੰਦੀਆਂ ਲਾ ਕੇ ਲੋਕਾਂ ਨੂੰ ਘਰਾਂ ਅੰਦਰ ਤਾੜ ਦਿੱਤਾ ਗਿਆ ਸੀ। ਮਨੁੱਖ ਦੀ ਕਿਰਤ ਅਤੇ ਸਮੂਹਿਕਤਾ ਨੇ ਇਸ ਨੂੰ ਮੌਜੂਦਾ ਮਨੁੱਖ ਬਣਾਇਆ ਹੈ। ਸਮੂਹ ਵਿਚ ਰਹਿ ਕੇ ਕਿਰਤ ਕਰਨ ਅਤੇ ਕੁਦਰਤ ਨਾਲ ਸੰਘਰਸ਼ ਨੇ ਮਨੁੱਖ ਦੀ ਸਿਰਜਣਾ ਕੀਤੀ ਹੈ। ਸਮੂਹਿਕ ਸੰਘਰਸ਼ ਵਿਚੋਂ ਗੁਜ਼ਰਦਿਆਂ ਮਨੁੱਖ ਮੌਜੂਦਾ ਸਮਾਜ ਅੰਦਰ ਦਾਖਲ ਹੋਇਆ ਹੈ। ਜਦੋਂ ਇਸ ਨੂੰ ਤੋੜਿਆ ਜਾਵੇਗਾ ਤਾਂ ਸੁਭਾਵਿਕ ਹੀ ਮਨੁੱਖ ਅਸੰਤੁਸ਼ਟ ਹੋ ਜਾਏਗਾ। ਹੁਣ ਜਦੋਂ ਕਿਰਤ ਪਹਿਲਾਂ ਨਾਲੋਂ ਕਿਤੇ ਜਿ਼ਆਦਾ ਸਮਾਜਿਕ ਹੋ ਗਈ ਹੈ, ਉਸ ਮੌਕੇ ਇਕੱਲਤਾ ਸਰਮਾਏਦਾਰਾ ਸਮਾਜ ਦੀ ਮਨੁੱਖ-ਦੋਖੀ ਪੈਦਾਵਾਰ ਹੈ।
ਉਂਝ, ਅਜਿਹੀ ਹਾਲਤ ਸਿਰਫ ਕਰੋਨਾ ਸਮੇਂ ਦੀ ਪੈਦਾਵਰ ਨਹੀਂ, ਇਹ ਇਸ ਪ੍ਰਬੰਧ ਦੀ ਪੈਦਾਵਰ ਹੈ ਤੇ ਕਰੋਨਾ ਬੰਦ ਨੇ ਇਹ ਅਲਾਮਤ ਵਧਾਈ ਹੈ। ਇੱਕ ਡਾਕਟਰ ਦੇ ਸ਼ਬਦਾਂ ਵਿਚ- ਬੱਚਿਆਂ ਤੋਂ ਲੈ ਕੇ ਬਾਲਗਾਂ ਤੱਕ ਮਾਨਸਿਕ ਸਿਹਤ ਦੀ ਸਮੱਸਿਆ ਕਰੋਨਾ ਸਮੇਂ ਤੋਂ ਪਹਿਲਾਂ ਦੀ ਹੈ। ਖੁਦਕੁਸ਼ੀ ਦੇ ਕਾਰਨ ਮਾਨਸਿਕ ਬਿਮਾਰੀ, ਤਣਾਅ, ਇਕੱਲਾਪਨ ਮਹਿਸੂਸ ਕਰਨਾ, ਨੌਕਰੀ ਦੀ ਸਮੱਸਿਆ, ਆਰਥਿਕ ਸਮੱਸਿਆ, ਰਿਸ਼ਤਿਆਂ ‘ਚ ਤਕਰਾਰ, ਮਾਪਿਆਂ ਤੇ ਰਿਸ਼ਤੇਦਾਰਾਂ ਦਾ ਚੰਗਾ ਵਿਹਾਰ ਨਾ ਕਰਨਾ ਆਦਿ ਮੰਨੇ ਗਏ ਹਨ। ਇਹ ਤਾਂ ਕੁਝ ਕਾਰਨਾਂ ਦੇ ਅਗਾਂਹ ਵਧਾਰੇ ਹਨ, ਮੁੱਖ ਕਾਰਨਾਂ ‘ਤੇ ਗੱਲ ਕਰਨ ਦੀ ਬਜਾਇ ਉਨ੍ਹਾਂ ਨੂੰ ਢਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿਚੋਂ ਮੁੱਖ ਹੈ ਕਿਰਤੀ ਲੋਕਾਂ ਦੀ ਲੁੱਟ ‘ਤੇ ਟਿਕਿਆ ਲੋਟੂ ਢਾਂਚਾ ਜਿਹੜਾ ਉਨ੍ਹਾਂ ਦੀਆਂ ਹੱਡੀਆਂ ਪੀਸ ਕੇ ਵੇਚਣ ਤੋਂ ਵੀ ਨਹੀਂ ਝਿਜਕਦਾ। ਪਿਛਲੇ ਸਮੇਂ ਵਿਚ ਪੂਰੀ ਦੁਨੀਆ ਵਾਂਗ ਅਮਰੀਕਾ ਵਿਚ ਵੀ ਬੇਰੁਜ਼ਗਾਰੀ ਵਧ ਰਹੀ ਹੈ। ਮਹਿੰਗਾਈ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਘਰਾਂ ਦੇ ਕਿਰਾਏ ਲਗਭਗ ਦੁੱਗਣੇ ਹੋ ਗਏ ਹਨ ਜਿਸ ਕਾਰਨ ਲੋਕ ਕਿਰਾਏ ਦੇ ਘਰ ਖਾਲੀ ਕਰ ਰਹੇ ਹਨ ਜਾਂ ਪੁਲੀਸ ਧੱਕੇ ਨਾਲ ਖਾਲੀ ਕਰਵਾ ਰਹੇ ਹਨ। ਅਮਰੀਕਾ ਵਿਚ ਪੰਜ ਤੋਂ ਛੇ ਲੱਖ ਲੋਕ ਬੇਘਰੇ ਹਨ।
ਮਾਨਸਿਕ ਤਣਾਅ ਦਾ ਇੱਕ ਕਾਰਨ ਬੇਗਾਨਗੀ ਹੈ ਜਿਹੜੀ ਕਰੋਨਾ ਬੰਦ ਸਮੇਂ ਹੋਰ ਵਧੀ। ਸਰਮਾਏਦਾਰਾ ਪੈਦਾਵਾਰੀ ਪ੍ਰਬੰਧ ਵਿਚ ਜਿੱਥੇ ਸਮਾਜ ਦਾ ਜਾਇਦਾਦ ਵਿਹੂਣਾ ਹਿੱਸਾ ਭਾਵ ਮਜ਼ਦੂਰ ਜਿਸ ਕੋਲ ਵੇਚਣ ਲਈ ਆਪਣੀ ਕਿਰਤ ਸ਼ਕਤੀ ਹੀ ਹੁੰਦੀ ਹੈ, ਫੈਕਟਰੀਆਂ, ਕਾਰਖਾਨਿਆਂ ਤੇ ਖੇਤਾਂ ਵਿਚ ਆਪਣੀ ਕਿਰਤ ਸ਼ਕਤੀ ਵੇਚ ਕੇ ਦੌਲਤ ਦੀ ਸਿਰਜਣਾ ਕਰਦਾ ਹੈ ਪਰ ਉਸ ਦੁਆਰਾ ਸਿਰਜੀ ਦੌਲਤ ਸਿਰਜਕ ਲਈ ਪਰਾਈ ਹੈ, ਕੋਈ ਹੋਰ ਭਾਵ ਸਰਮਾਏਦਾਰ ਮਾਲਕ ਉਸ ਨੂੰ ਲੈ ਜਾਂਦਾ ਹੈ। ਪੈਦਾ ਕਰਨ ਵਾਲੇ ਨੂੰ ਜਦੋਂ ਇਹ ਪਤਾ ਹੋਵੇ ਕਿ ਉਸ ਦੀ ਕਿਰਤ ਦਾ ਫਲ਼ ਉਸ ਦੇ ਖੁਦ ਲਈ ਜਾਂ ਖੁਦ ਦਾ ਨਹੀਂ ਸਗੋਂ ਕਿਸੇ ਹੋਰ ਨੇ ਹੜੱਪ ਲੈਣਾ ਹੈ ਤਾਂ ਸਿਰਜਕ ਲਈ ਪੈਦਾਵਾਰੀ ਪ੍ਰਕਿਰਿਆ ਨੀਰਸ, ਅਕਾਊ ਤੇ ਬੇਗਾਨੀ ਹੋ ਜਾਂਦੀ ਹੈ। ਦੂਸਰੇ ਪਾਸੇ, ਮਾਲਕ ਜਮਾਤ ਪੈਦਾਵਾਰੀ ਪ੍ਰਕਿਰਿਆ ਤੋਂ ਟੁੱਟੀ ਹੋਣ ਕਾਰਨ ਪੈਦਾਵਰ ਵਿਚ ਕੋਈ ਸਿੱਧੀ ਸ਼ਮੂਲੀਅਤ ਨਾ ਹੋਣ ਕਾਰਨ, ਪੈਦਾ ਹੋਈ ਵਸਤ ਇਨ੍ਹਾਂ ਲੋਕਾਂ ਲਈ ਆਨੰਦ ਵਾਲੀ ਨਹੀਂ ਹੁੰਦੀ, ਨਾ ਹੋ ਸਕਦੀ ਹੈ। ਪੈਦਾ ਹੋਈ ਵਸਤ ਇਸ ਜਮਾਤ ਲਈ ਮੁਨਾਫਾ ਲੈਣ ਲਈ ਹੁੰਦੀ ਹੈ ਜਿਸ ਨਾ ਕੋਈ ਆਤਮਿਕ ਲਗਾਅ ਨਹੀਂ ਹੁੰਦਾ। ਇਹ ਦੋਵਾਂ ਜਮਾਤਾਂ ਦੀ ਕਿਰਤ ਦੇ ਅਮਲ ਤੇ ਪੈਦਾਵਾਰਾਂ ਤੋਂ ਬੇਗਾਨਗੀ ਹੈ।
ਹੁਣ ਸਮਾਜਿਕ ਜੀਵਨ ਦਾ ਹਾਲ ਇਹ ਹੈ ਕਿ ਲੋਕ ਇਕੱਠੇ ਰਹਿ ਕੇ ਵੀ ਇੱਕ ਦੂਸਰੇ ਤੋਂ ਦੂਰ ਦੂਰ ਮਹਿਸੂਸ ਕਰਦੇ ਹਨ। ਮਨੁੱਖ ਦੁਆਰਾ ਸਿਰਜੀਆਂ ਕਲਾ ਕ੍ਰਿਤਾਂ, ਸਾਹਿਤ ਬੇਗਾਨਾ ਹੋ ਜਾਂਦਾ ਹੈ। ਅੱਜ ਦੇ ਸਮੇਂ ਵਿਚ ਲੋਕ ਆਸਰੇ ਦੀ ਆੜ ਵਿਚ ਸੋਸ਼ਲ ਮੀਡੀਆ ਵਰਗੇ ਮੰਚਾਂ ਵੱਲ ਭੱਜਦੇ ਹਨ ਜਿਸ ‘ਤੇ ਅੱਗੇ ਲੋਟੂਆਂ ਦਾ ਕਬਜ਼ਾ ਹੈ। ਇਹ ਮੰਚ ਸਾਨੂੰ ਸਾਡੀ ਸੰਵੇਦਨਸ਼ੀਲਤਾ, ਠਰੰਮੇ ਨਾਲ ਸੋਚਣ ਅਤੇ ਗੰਭੀਰ ਅਧਿਐਨ ਤੋਂ ਦੂਰ ਕਰ ਕੇ ਸਤਹੀ ਤੇ ਕਾਹਲਾ ਬਣਾ ਰਹੇ ਹਨ। ਸਮੂਹ ਤੋਂ ਵੱਖ ਕਰ ਕੇ ਖ਼ੁਦ ਨੂੰ ਸਮੂਹ ਤੋਂ ਉੱਪਰ ਮੰਨਣ ਵਰਗੇ ਵਿਅਕਤੀਵਾਦ ਦਾ ਰੋਗ ਸਾਡੇ ਅੰਦਰ ਭਰਦਾ ਹੈ। ਬੰਦੇ ਨੂੰ ਲਗਦਾ ਹੈ ਕਿ ਉਹ ਕੁਝ ਵੀ ਕਰ ਸਕਦਾ ਹੈ। ਨਾਲ ਦੇ ਲੋਕ ਅਜਿਹੇ ਸ਼ਖ਼ਸ ਨੂੰ ਦੋਸਤ, ਮਿੱਤਰ ਨਹੀਂ ਸਗੋਂ ਮੁਕਾਬਲੇਬਾਜ਼ ਲਗਦੇ ਹਨ, ਖੁਦ ਦੀ ਤਰੱਕੀ ਦੀ ਸ਼ਰਤ ਇਨ੍ਹਾਂ ਨੂੰ ਲਤਾੜਨਾ ਹੈ। ਅਜਿਹੀ ਹਾਲਤ ਦਾ ਸ਼ਿਕਾਰ ਮਨੁੱਖ ਸਮੂਹ ਵਿਚ ਰਹਿੰਦਿਆਂ ਵੀ ਉਸ ਤੋਂ ਵੱਖ ਹੋ ਚੁੱਕਾ ਹੁੰਦਾ ਹੈ। ਬੇਗਾਨਗੀ, ਆਰਥਿਕ ਸੁਰੱਖਿਆ ਵਰਗੇ ਕਾਰਨਾਂ ਦੇ ਪ੍ਰਗਟਾਵੇ ਮਾਨਸਿਕ ਤਣਾਓ ਤੇ ਹੋਰ ਦਿਮਾਗੀ ਬਿਮਾਰੀਆਂ ਰਾਹੀਂ ਹੁੰਦੇ ਹਨ ਜਿਸ ਦਾ ਹੱਲ ਬੇਗਾਨਗੀ ਅਤੇ ਇਕੱਲਤਾ ਦੇ ਮੁੱਖ ਸੋਮੇ, ਸਰਮਏਦਾਰੀ ਪ੍ਰਬੰਧ ਦੇ ਖਾਤਮੇ ਨਾਲ ਹੀ ਸੰਭਵ ਹੈ।
ਸੰਪਰਕ: 98555-03174