ਪੱਕਾ ਮੋਰਚਾ ਲਾਉਣ ਤੋਂ ਪਹਿਲਾਂ ਸੰਘਰਸ਼ ਕਮੇਟੀ ਦੇ ਆਗੂ ਪੁਲੀਸ ਨੇ ਚੁੱਕੇ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 20 ਮਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੰਗਰੂਰ ਨੇੜਲੇ ਬੀੜ ਐਸ਼ਵਨ ਵਾਲੀ 927 ਏਕੜ ਜ਼ਮੀਨ ਵਿੱਚ ਪੱਕਾ ਮੋਰਚਾ ਲਗਾ ਕੇ ਬੇਗਮਪੁਰਾ ਵਸਾਉਣ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਪੁਲੀਸ ਨੇ ਸੰਗਰੂਰ ਨੂੰ ਜਾਣ ਲਈ ਪਿੰਡ ਘਰਾਚੋਂ ਵਿੱਚ ਇਕੱਤਰ ਹੋਏ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਮਜ਼ਦੂਰਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਮਜ਼ਦੂਰਾਂ ਨੂੰ ਪੁਲੀਸ ਬੱਸ ਰਾਹੀਂ ਸੰਗਰੂਰ ਲੈ ਗਈ। ਗ੍ਰਿਫਤਾਰ ਕੀਤੇ ਮਜ਼ਦੂਰਾਂ ਵਿੱਚ ਕਮੇਟੀ ਆਗੂ ਚਮਕੌਰ ਸਿੰਘ ਵੀ ਸ਼ਾਮਲ ਹੈ। ਇਕ ਦਰਜਨ ਮਜ਼ਦੂਰ ਆਗੂਆਂ ਨੂੰ ਪੁਲੀਸ ਨੇ ਕੱਲ੍ਹ ਹੀ ਘਰਾਂ ਵਿੱਚੋਂ ਗ੍ਰਿਫਤਾਰ ਕਰ ਲਿਆ ਸੀ।
ਅਮਰਗੜ੍ਹ (ਨਵਦੀਪ ਜੈਦਕਾ): ਇੱਥੇ ਪਿੰਡ ਬੇਗਮਪੁਰਾ ਵਸਾਉਣ ਲਈ ਸੰਗਰੂਰ ਜਾ ਰਹੇ ਬਜ਼ੁਰਗ ਔਰਤਾਂ ਸਮੇਤ ਚਾਰ ਦਰਜਨ ਤੋਂ ਵੱਧ ਅਮਰਗੜ੍ਹ ਇਲਾਕੇ ਦੇ ਕਿਰਤੀਆਂ ਨੂੰ ਅਮਰਗੜ੍ਹ ਪੁਲੀਸ ਵੱਲੋਂ ਨਿਆਮਤਪੁਰ ਢਢੋਗਲ ਸੜਕ ’ਤੇ ਹੀ ਘੇਰ ਕੇ ਹਿਰਾਸਤ ’ਚ ਲੈ ਲਿਆ ਗਿਆ। ਹਿਰਾਸਤ ’ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਜਗਮੇਲ ਸਿੰਘ, ਪਰਮਜੀਤ ਸਿੰਘ ਲਾਂਗੜੀਆਂ, ਹਰਦੀਪ ਸਿੰਘ ਲਾਂਗੜੀਆਂ, ਮਾਇਆ ਦੇਵੀ ਤੋਲੇਵਾਲ, ਬੇਅੰਤ ਸਿੰਘ ਤੋਲੇਵਾਲ, ਬੱਗਾ ਤੋਲੇਵਾਲ, ਮੋਹਨ ਸਿੰਘ ਦੌਲਤਪੁਰ, ਪ੍ਰਕਾਸ਼ ਕੌਰ ਅਤੇ ਜੀਤ ਸਿੰਘ ਆਦਿ ਸ਼ਾਮਲ ਹਨ। ਇਸ ਦੌਰਾਨ ਇਨ੍ਹਾਂ ਨੇ ਪੁਲੀਸ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਤੋਲੇਵਾਲ ਨੇ ਦੱਸਿਆ ਕਿ ਪੁਲੀ ਵੱਲੋਂ ਬੇਗਮਪੁਰਾ ਪਿੰਡ ਵਸਾਉਣ ਤੋਂ ਰੋਕਣ ਲਈ ਬੀਤੇ ਦਿਨਾਂ ਤੋਂ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਪੁਲੀਸ ਵੱਲੋਂ ਵੱਖ-ਵੱਖ ਸ਼ਹਿਰਾਂ ਦੀਆਂ ਸੜਕਾਂ ’ਤੇ ਬੈਰੀਕੇਡਿੰਗ ਕਰਕੇ ਸੰਘਰਸ਼ ਨੂੰ ਅਸਫਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਭਾਵੇਂ ਜਿੰਨੀਆਂ ਮਰਜ਼ੀ ਰੁਕਾਵਟਾਂ ਖੜ੍ਹੀਆਂ ਕਰ ਲਵੇ ਪਰ ਉਹ ਐਸ਼ਵਨ ਬੀੜ ਦੀ ਜ਼ਮੀਨ ਉੱਪਰ ਬੇਗਮਪੁਰਾ ਪਿੰਡ ਵਸਾ ਕੇ ਹੀ ਦਮ ਲੈਣਗੇ। ਇਸ ਸਬੰਧੀ ਡੀਐੱਸਪੀ ਦਵਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਇਨ੍ਹਾਂ ਆਗੂਆਂ ਅਤੇ ਵਰਕਰਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ।
ਪਟਿਆਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਸੰਗਰੂਰ ਵਿੱਚ ਬੀੜ ਐਸ਼ਵਨ ਦੀ ਜ਼ਮੀਨ ਵਿੱਚ ਪਿੰਡ ਬੇਗਮਪੁਰਾ ਵਸਾਉਣ ਲਈ ਜਾ ਰਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਰਕਰਾਂ ਨੂੰ ਪਟਿਆਲਾ ਪੁਲੀਸ ਵੱਲੋਂ ਮੰਡੌੜ ਵਿੱਚ ਜਾ ਕੇ ਘੇਰ ਲਿਆ। ਇਸ ਮਗਰੋਂ ਉਨ੍ਹਾਂ ਨੂੰ ਪਟਿਆਲਾ ਸ਼ਹਿਰ ’ਚ ਸਥਿਤ ਥਾਣਾ ਸਿਵਲ ਲਾਈਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਦੀ ਗਿਣਤੀ ਸੌ ਦੇ ਕਰੀਬ ਸੀ।
ਜਨਤਕ ਜਥੇਬੰਦੀਆਂ ਵੱਲੋਂ ਪੁਲੀਸ ਕਾਰਵਾਈ ਦੀ ਨਿਖੇਧੀ
ਸੰਗਰੂਰ (ਗੁਰਦੀਪ ਸਿੰਘ ਲਾਲੀ): ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨ ਮਜ਼ਦੂਰਾਂ ਅਤੇ ਔਰਤਾਂ ਨੂੰ ਹਿਰਾਸਤ ਵਿਚ ਲੈ ਕੇ ਪੁਲੀਸ ਥਾਣਿਆਂ ਵਿਚ ਬੰਦ ਕਰਨ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਸਰਕਾਰ ਦਾ ਜਬਰ ਕਰਾਰ ਦਿੰਦਿਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ਼ਪਸੰਦ ਲੋਕਾਂ ਨੂੰ ਸਰਕਾਰ ਦੇ ਇਸ ਗੈਰਜਮਹੂਰੀ ਅਤੇ ਤਾਨਾਸ਼ਾਹੀ ਕਦਮਾਂ ਖ਼ਿਲਾਫ ਜ਼ੋਰਦਾਰ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭੂਟਾਲ, ਸਕੱਤਰ ਕੁਲਦੀਪ ਸਿੰਘ, ਪ੍ਰੈੱਸ ਸਕੱਤਰ ਜੁਝਾਰ ਸਿੰਘ ਲੌਂਗੋਵਾਲ, ਸੂਬਾ ਆਗੂ ਸਵਰਨਜੀਤ ਸਿੰਘ ਅਤੇ ਮਨਧੀਰ ਸਿੰਘ ਰਾਜੋਮਾਜਰਾ, ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਦੇ ਆਗੂ ਹਰਭਗਵਾਨ ਭੀਖੀ, ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਅਤੇ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਕਦਮ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਅੱਜ ਮਜ਼ਦੂਰਾਂ ਅਤੇ ਔਰਤਾਂ ਨੂੰ ਬੱਚਿਆਂ ਸਮੇਤ ਪੁਲੀਸ ਥਾਣਿਆਂ ਵਿਚ ਬੰਦ ਕਰਕੇ ‘ਆਪ’ ਸਰਕਾਰ ਨੇ ਆਪਣੇ ਦੋਗਲੇ ਚਿਹਰੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਇਹ ਸਰਕਾਰ ਕਿਸਾਨ-ਮਜ਼ਦੂਰ ਅਤੇ ਦਲਿਤ ਵਿਰੋਧੀ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਰਜਵਾੜਾ ਸ਼ਾਹੀ ਘਰਾਣਿਆਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜ਼ਮੀਨ ਪ੍ਰਾਪਤੀ ਲਈ ਕੀਤੀ ਜਾ ਰਹੀ ਹੱਕ ਜਤਾਈ ਨੂੰ ਜਬਰ ਨਾਲ ਨਾਲ ਦਬਾਅ ਕੇ ਪੰਜਾਬ ਸਰਕਾਰ ਨੇ ਆਪਣਾ ਦਲਿਤ ਅਤੇ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਰਾਜ ਜਾਂ ਕੇਂਦਰ ਸਰਕਾਰ ਵੱਲੋਂ ਸਮੇਂ ਸਮੇਂ ਤੇ ਲੈਂਡ ਸੀਲਿੰਗ ਸੰਬੰਧੀ ਪਾਸ ਕੀਤੇ ਕਾਨੂੰਨਾਂ ਨੂੰ ਲਾਗੂ ਕਰਕੇ ਵਾਧੂ ਜ਼ਮੀਨ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿੱਚ ਵੰਡਣ ਦੀ ਥਾਂ ਸਰਕਾਰ ਇਸ ਦੀ ਮੰਗ ਕਰ ਰਹੀ ਜਥੇਬੰਦੀ ਦੇ ਆਗੂਆਂ ਉਪਰ ਜਬਰ ਕਰਨ ਦੇ ਰਾਹ ਪੈ ਗਈ ਹੈ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ, ਕਿਰਤੀਆਂ ਅਤੇ ਬੇਜਮੀਨੇ ਲੋਕਾਂ ਦੀਆਂ ਗ੍ਰਿਫਤਾਰੀਆਂ ਕਰਨੀਆਂ ਆਮ ਆਦਮੀ ਪਾਰਟੀ ਦੀ ਬੌਖਲਾਹਟ ਦਾ ਨਤੀਜਾ ਹੈ। ਆਗੂਆਂ ਨੇ ਕਿਹਾ ਮਜ਼ਦੂਰ ਆਪਣੇ ਹੱਕ ਲੈ ਕੇ ਰਹਿਣਗੇ ਤੇ ਪੁਲੀਸ ਜਬਰ ਦਾ ਮੂੰਹ ਤੋੜ ਜਵਾਬ ਦੇਣਗੇ।Advertisement