ਪੰਜ ਹਜ਼ਾਰ ਦੇ ਲੈਣ-ਦੇਣ ਕਾਰਨ ਕੀਤਾ ਸੀ ਮਾਂ-ਪੁੱਤ ਦਾ ਕਤਲ
ਗਗਨਦੀਪ ਅਰੋੜਾ
ਲੁਧਿਆਣਾ, 9 ਜਨਵਰੀ
ਹੈਬੋਵਾਲ ਦੇ ਪ੍ਰੇਮ ਨਗਰ ਖੇਤਰ ਦੀ ਰਹਿਣ ਵਾਲੀ ਸੋਨੀਆ ਅਤੇ ਉਸ ਦੇ ਪੁੱਤਰ ਕਾਰਤਿਕ (10) ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਸੋਨੀਆ ਦੇ ਜਾਣਕਾਰ ਨੌਜਵਾਨ ਨੇ ਹੀ ਕੀਤਾ ਸੀ। ਮੁਲਜ਼ਮ ਦਾ ਔਰਤ ਸੋਨੀਆ ਨਾਲ ਪੰਜ ਹਜ਼ਾਰ ਰੁਪਏ ਦਾ ਲੈਣ-ਦੇਣ ਸੀ। ਪੰਜ ਹਜ਼ਾਰ ਰੁਪਏ ਲਈ ਮੁਲਜ਼ਮਾਂ ਨੇ ਸੋਨੀਆ ਦਾ ਕਤਲ ਕਰ ਦਿੱਤਾ। ਜਦੋਂ ਸੋਨੀਆ ਦੇ ਪੁੱਤਰ ਕਾਰਤਿਕ ਨੇ ਕਤਲ ਨੂੰ ਆਪਣੀਆਂ ਅੱਖਾਂ ਸਾਹਮਣੇ ਹੁੰਦਾ ਦੇਖਿਆ ਤਾਂ ਮੁਲਜ਼ਮ ਨੇ ਆਪਣੇ ਬਚਾਅ ਲਈ ਉਸ ਨੂੰ ਵੀ ਮਾਰ ਦਿੱਤਾ। ਮੁਲਜ਼ਮ ਉਥੋਂ ਫ਼ਰਾਰ ਹੋ ਗਏ ਅਤੇ ਤਿੰਨ ਦਿਨ ਤੱਕ ਕਤਲ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਿਆ। 15 ਦਿਨਾਂ ਦੀ ਜਾਂਚ ਮਗਰੋਂ ਹੈਬੋਵਾਲ ਪੁਲੀਸ ਨੇ ਇਸ ਮਾਮਲੇ ਵਿੱਚ ਨੌਜਵਾਨ ਪਾਰਸ ਨੂੰ ਗ੍ਰਿਫ਼ਤਾਰ ਕੀਤਾ। ਉਸ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ।
ਚੌਕੀ ਜਗਤਪੁਰੀ ਦੇ ਇੰਚਾਰਜ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੋਨੀਆ ਆਪਣੇ ਪੁੱਤਰ ਕਾਰਤਿਕ ਨਾਲ ਰਹਿੰਦੀ ਸੀ। ਮੁਲਜ਼ਮ ਪਾਰਸ ਅਕਸਰ ਸੋਨੀਆ ਦੇ ਘਰ ਆਉਂਦਾ ਰਹਿੰਦਾ ਸੀ। ਘਰ ਆਉਣ-ਜਾਣ ਕਾਰਨ ਉਸ ਨਾਲ ਪੈਸਿਆਂ ਦਾ ਲੈਣ ਦੇਣ ਵੀ ਸੀ। ਦੋਵਾਂ ਦਾ ਕਤਲ ਕਰਨ ਮਗਰੋਂ ਮੁਲਜ਼ਮ ਫ਼ਰਾਰ ਹੋ ਗਿਆ। ਤਿੰਨ ਦਿਨ ਬਾਅਦ ਜਦੋਂ ਇਲਾਕਾ ਵਾਸੀਆਂ ਨੇ ਬਦਬੂ ਆਉਣ ਦੀ ਸੂਚਨਾ ਪੁਲੀਸ ਨੂੰ ਦਿੱਤੀ ਤਾਂ ਇਸ ਦਾ ਖੁਲਾਸਾ ਹੋਇਆ। ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੋਨੀਆ ਦੀ ਕਾਲ ਡਿਟੇਲ ਦੇ ਨਾਲ-ਨਾਲ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਗਏ, ਮਗਰੋਂ ਮੁਲਜ਼ਮ ਨੂੰ ਕਾਬੂ ਕੀਤਾ। ਇਸ ਮਗਰੋਂ ਮੁਲਜ਼ਮ ਪਾਰਸ ਨੇ ਪੁਲੀਸ ਨੂੰ ਸਾਰੀ ਗੱਲ ਦੱਸੀ। ਪੁਲੀਸ ਅਨੁਸਾਰ ਮੁਲਜ਼ਮ ਪਾਰਸ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੇ ਤਿੰਨ ਤੋਂ ਚਾਰ ਕੇਸ ਦਰਜ ਹਨ। ਉਹ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ।