ਪੰਜ ਹਜ਼ਾਰ ਛੱਪੜਾਂ ਦਾ ਸੀਚੇਵਾਲ ਮਾਡਲ ਅਨੁਸਾਰ ਹੋਵੇਗਾ ਨਵੀਨੀਕਰਨ: ਸੌਂਦ
ਕਰਮਜੀਤ ਸਿੰਘ ਚਿੱਲਾ
ਬਨੂੜ, 15 ਮਈ
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਬਨੂੜ ਖੇਤਰ ਦੇ ਪਿੰਡ ਅਜ਼ੀਜ਼ਪੁਰ, ਖਿਜ਼ਰਗੜ੍ਹ(ਕਨੌੜ), ਮਾਣਕਪੁਰ ਆਦਿ ਵਿਖੇ ਟੋਭਿਆਂ ਅਤੇ ਖੇਡ ਮੈਦਾਨਾਂ ਦੇ ਕੰਮਾਂ ਦਾ ਨਿਰੀਖ਼ਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਰਾਜਪੁਰਾ ਹਲਕਾ ਵਿਧਾਇਕਾ ਨੀਨਾ ਮਿੱਤਲ, ਏਡੀਸੀ ਦਿਹਾਤੀ ਵਿਕਾਸ ਅਮਰਿੰਦਰ ਸਿੰਘ ਟਿਵਾਣਾ, ਐੱਸਡੀਐੱਮ ਰਾਜਪੁਰਾ ਅਵਿਕੇਸ਼ ਗੁਪਤਾ, ਬੀਡੀਪੀਓ ਬਨਦੀਪ ਸਿੰਘ ਗਿੱਲ ਅਤੇ ਪਿੰਡਾਂ ਦੇ ਸਰਪੰਚ ਤੇ ਪਾਰਟੀ ਆਗੂ ਹਾਜ਼ਰ ਸਨ।
ਖਿਜ਼ਰਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚਾਲੂ ਵਰ੍ਹੇ ਦੌਰਾਨ ਰਾਜ ਦੇ 500 ਟੋਭਿਆਂ ਦਾ ਸੀਚੇਵਾਲ/ਥਾਪਰ ਮਾਡਲ ਰਾਹੀਂ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਪੰਜਾਬ ਦੇ ਪਿੰਡਾਂ ਦੇ 15000 ਛੱਪੜਾਂ ਦੀ ਸਾਫ-ਸਫਾਈ ਤੇ 13000 ਪੇਂਡੂ ਖੇਡ ਮੈਦਾਨ ਬਣਨ ਨਾਲ ਪਿੰਡਾਂ ਦੀ ਕਾਇਆ ਕਲਪ ਹੋਵੇਗੀ ਤੇ ਪਿੰਡ ਵਾਸੀਆਂ ਦਾ ਜੀਵਨ ਪੱਧਰ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਾਲਾਇਕੀ ਕਾਰਨ ਨਾ ਤਾਂ ਪਿੰਡਾਂ ਦੇ ਨੌਜਵਾਨਾਂ ਲਈ ਖੇਡ ਮੈਦਾਨਾਂ ਵੱਲ ਕੋਈ ਧਿਆਨ ਦਿੱਤਾ ਗਿਆ ਤੇ ਨਾ ਹੀ ਛੱਪੜਾਂ ਦੀ ਸਾਫ ਸਫਾਈ ਦੀ ਸਾਰ ਲਈ ਗਈ। ਉਨ੍ਹਾਂ ਨਸ਼ਿਆਂ ਲਈ ਵੀ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਦੱਸਿਆ ਕਿ ਪੇਂਡੂ ਖੇਡ ਮੈਦਾਨਾਂ ਦੀ ਸਕੀਮ ਸਾਰੇ 154 ਬਲਾਕਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ। ਪਿੰਡਾਂ ਦੀ ਨੁਹਾਰ ਬਦਲਣ ਲਈ 3,500 ਕਰੋੜ ਰੁਪਏ ਦੇ ਬਜਟ ਫੰਡਾਂ ਦੀ ਵਰਤੋਂ ਦੇ ਨਾਲ ਨਾਲ ਮਨਰੇਗਾ ਅਤੇ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਵਰਗੀਆਂ ਸਕੀਮਾਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 3,000 ਮਾਡਲ ਖੇਡ ਮੈਦਾਨ ਬਣਾਏ ਜਾ ਰਹੇ ਹਨ ਜਿਸ ਵਿੱਚ ਸਥਾਨਕ ਤੌਰ ’ਤੇ ਪ੍ਰਸਿੱਧ ਖੇਡਾਂ ਨੂੰ ਉਤਸ਼ਾਹਿਤ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 1,587 ਛੱਪੜਾਂ ਵਿੱਚ ਪਾਣੀ ਕੱਢਣ ਦਾ ਕੰਮ ਪੂਰਾ ਹੋ ਗਿਆ ਹੈ ਅਤੇ 4,408 ਛੱਪੜਾਂ ਵਿੱਚ ਕੰਮ ਚੱਲ ਰਿਹਾ ਹੈ। ਛੱਪੜਾਂ ’ਚ ਪਾਣੀ ਕੱਢਣ ਦਾ ਕੰਮ 30 ਮਈ, 2025 ਤੱਕ ਪੂਰਾ ਹੋ ਜਾਵੇਗਾ। ਪੰਚਾਇਤ ਮੰਤਰੀ ਨੂੰ ਖਿਜ਼ਰਗੜ੍ਹ ਵਿੱਚ ਪੰਚਾਇਤ ਵਿਭਾਗ ਨਾਲ ਸਬੰਧਤ ਪੰਚਾਇਤ ਸਮਿਤੀਆਂ/ਜ਼ਿਲ੍ਹਾ ਪਰਿਸ਼ਦਾਂ ਦੀਆਂ ਚੋਣਾਂ, ਬਲਾਕਾਂ ਦੇ ਪੁਨਰਗਠਨ, ਸਰਪੰਚਾਂ ਦੇ ਮਾਣ ਭੱਤੇ ਆਦਿ ਬਾਰੇ ਕਈਂ ਸਵਾਲ ਪੁੱਛੇ ਗਏ ਪਰ ਉਨ੍ਹਾਂ ਸਵਾਲਾਂ ਦਾ ਜਵਾਬ ਦੇਣੋਂ ਟਾਲਾ ਵੱਟ ਲਿਆ।
ਮਾਣਕਪੁਰ ਵਿੱਚ ਧਰਮਸ਼ਾਲਾ ਵਿੱਚ ਉਡੀਕਦੇ ਰਹੇ ਲੋਕ
ਮਾਣਕਪੁਰ ਵਿੱਚ ਪੰਚਾਇਤ ਮੰਤਰੀ ਸਿਰਫ਼ ਟੋਭੇ ਦਾ ਨਿਰੀਖ਼ਣ ਕਰਕੇ ਹੀ ਵਾਪਿਸ ਪਰਤ ਗਏ। ਪਿੰਡ ਦੇ ਜ਼ਿਆਦਾਤਰ ਵਸਨੀਕ ਉਨ੍ਹਾਂ ਦੀ ਵਾਲਮੀਕ ਧਰਮਸ਼ਾਲਾ ਵਿਚ ਉਡੀਕ ਕਰਦੇ ਰਹੇ, ਜਿੱਥੇ ਪੰਚਾਇਤ ਵੱਲੋਂ ਕੁਲਵਿੰਦਰ ਕੌਰ ਸਰਪੰਚ ਦੀ ਅਗਵਾਈ ਹੇਠ ਵੱਡਾ ਇਕੱਠ ਕੀਤਾ ਗਿਆ ਸੀ। ਸਰਪੰਚ ਅਤੇ ਪੰਚਾਇਤ ਮੈਂਬਰ ਤੇ ਟੋਭੇ ਦੇ ਮੁਆਇਨੇ ਮੌਕੇ ਸ੍ਰੀ ਸੌਂਦ ਕੋਲ ਪਹੁੰਚ ਗਏ ਪਰ ਬਹੁਤਾਤ ਪਿੰਡ ਵਾਸੀ ਇੱਥੇ ਨਾ ਪਹੁੰਚੇ ਤੇ ਸਮੇਂ ਦੀ ਘਾਟ ਦਾ ਜ਼ਿਕਰ ਕਰਦਿਆਂ ਪੰਚਾਇਤ ਮੰਤਰੀ ਸਮਾਗਮ ਵਾਲੀ ਥਾਂ ਨਹੀਂ ਪਹੁੰਚੇ।