ਪੰਜ ਗੈਂਗਸਟਰਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ
ਹਰਜੀਤ ਸਿੰਘ ਪਰਮਾਰ
ਬਟਾਲਾ, 31 ਮਈ
ਪੁਲੀਸ ਨੇ ਗੈਂਗਸਟਰਾਂ ਦੀਆਂ ਅਪਰਾਧਕ ਤੇ ਸਮਾਜ ਵਿਰੋਧੀ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ ਕੌਮਾਂਤਰੀ ਪੱਧਰ ’ਤੇ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ। ਐੱਸਐੱਸਪੀ (ਬਟਾਲਾ) ਸੁਹੇਲ ਕਾਸਿਮ ਮੀਰ ਦੇ ਯਤਨ ਸਦਕਾ ਬਟਾਲਾ ਪੁਲੀਸ ਨੇ ਇੰਟਰਪੋਲ ’ਤੇ ਵਿਦੇਸ਼ਾਂ ਵਿੱਚ ਬੈਠੇ 5 ਗੈਂਗਸਟਰਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਇਸ ਸਬੰਧੀ ਐੱਸਪੀ (ਡੀ) ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਕਈ ਅਪਰਾਧਿਕ ਘਟਨਾਵਾਂ ਦੀ ਕੀਤੀ ਜਾਂਚ ਤੋਂ ਅਪਰਾਧੀਆਂ ਦੇ ਬਦਲਦੇ ਹੋਏ ਤੌਰ-ਤਰੀਕੇ ਸਾਹਮਣੇ ਆਏ ਹਨ ਜਿਸ ਵਿੱਚ ਸਥਾਨਕ ਗੈਰ-ਸਮਾਜੀ ਅਨਸਰ ਗ੍ਰਨੇਡ ਹਮਲੇ, ਫਿਰੌਤੀਆਂ, ਕਤਲਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸ਼ਾਮਿਲ ਰਹੇ ਹਨ। ਅਜਿਹੇ ਅਨਸਰਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਗਿਆ ਹੈ ਪਰ ਮੁੱਖ ਸਾਜ਼ਿਸ਼ਕਰਤਾ ਵਿਦੇਸ਼ਾਂ ’ਚੋਂ ਸੂਬੇ ਦਾ ਅਮਨ-ਕਾਨੂੰਨ ਭੰਗ ਕਰਨ ਲਈ ਆਪਣੀਆਂ ਗਤੀਵਿਧੀਆਂ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰੈੱਡ ਕਾਰਨਰ ਨੋਟਿਸ ਕਈ ਕੌਮੀ ਤੇ ਕੌਮਾਂਤਰੀ ਪੁਲੀਸ ਏਜੰਸੀਆਂ ਨਾਲ ਪੱਤਰ ਵਿਹਾਰ ਅਤੇ ਸਹਿਯੋਗ ਤੋਂ ਬਾਅਦ ਜਾਰੀ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਪਹਿਲੀ ਸੂਚੀ ਵਿੱਚ ਬਟਾਲਾ ਪੁਲੀਸ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਜਿਨ੍ਹਾਂ ਪੰਜ ਗੈਂਗਸਟਰਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਗਿਆ ਹੈ, ਉਨ੍ਹਾਂ ਵਿੱਚ ਹਰਪ੍ਰੀਤ ਸਿੰਘ ਉਰਫ਼ ਹੈਪੀ ਪਸ਼ੀਆ, ਪਵਿੱਤਰ ਸਿੰਘ ਉਰਫ਼ ਪਵਿੱਤਰ ਚੌੜਾ, ਹੁਸਨਦੀਪ ਸਿੰਘ ਉਰਫ਼ ਹੁਸਨਾ, ਸ਼ਮਸ਼ੇਰ ਸਿੰਘ ਉਰਫ਼ ਹਨੀ ਅਤੇ ਹਰੀ ਸਿੰਘ ਉਰਫ਼ ਹੈਰੀ ਨਿੱਝਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਰੈੱਡ ਕਾਰਨਰ ਨੋਟਿਸ ਅਪਰਾਧੀਆਂ ਦੀ ਗ੍ਰਿਫ਼ਤਾਰੀ ਸਬੰਧੀ ਕੌਮਾਂਤਰੀ ਪੱਧਰ ’ਤੇ ਇੰਟਰਪੋਲ ’ਤੇ ਜਾਰੀ ਕਰਵਾਏ ਜਾਂਦੇ ਹਨ ਜੋ ਇਨ੍ਹਾਂ ਅਪਰਾਧੀਆਂ ਦੀ ਹਵਾਲਗੀ ਅਤੇ ਗ੍ਰਿਫ਼ਤਾਰੀ ਵਿੱਚ ਸਹਾਈ ਹੁੰਦੇ ਹਨ।