ਪੰਜਾਬ ਸਰਕਾਰ ਵੱਲੋਂ ਨਵੀਂ ਖਣਨ ਨੀਤੀ ਦਾ ਪੋਰਟਲ ਲਾਂਚ
ਆਤਿਸ਼ ਗੁਪਤਾ
ਚੰਡੀਗੜ੍ਹ, 6 ਮਈ
ਪੰਜਾਬ ਸਰਕਾਰ ਵੱਲੋਂ ਅੱਜ ਨਵੀਂ ਖਣਨ ਨੀਤੀ ਨਾਲ ਸਬੰਧਤ ਪੋਰਟਲ ਲਾਂਚ ਕਰ ਦਿੱਤਾ ਹੈ। ਇਸ ਨਾਲ ਲੈਂਡਓਨਰ ਮਾਈਨਿੰਗ ਸਾਈਟਾਂ (ਐੱਲਐੱਮਐੱਸ) ਅਤੇ ਕਰੱਸ਼ਰ ਮਾਈਨਿੰਗ ਸਾਈਟਾਂ (ਸੀਆਰਐੱਮਐੱਸ) ਲਈ ਆਨਲਾਈਨ ਅਰਜ਼ੀਆਂ ਭਰੀਆਂ ਜਾ ਸਕਣਗੀਆਂ। ਇਹ ਪ੍ਰਗਟਾਵਾ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਤੇ ਮਾਈਨਿੰਗ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੋਰਟਲ ਲਾਂਚ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਚੀਮਾ ਨੇ ਕਿਹਾ ਕਿ ਨਵੀਂ ਮਾਈਨਿੰਗ ਨੀਤੀ ਰੇਤ ਤੇ ਬਜਰੀ ਸਰੋਤਾਂ ਦਾ ਕੰਟਰੋਲ ਸਿੱਧੇ ਤੌਰ ’ਤੇ ਲੋਕਾਂ ਦੇ ਹੱਥਾਂ ਵਿੱਚ ਦੇ ਕੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਅਤੇ ਸੂਬੇ ਦੇ ਮਾਲੀਏ ਵਿੱਚ ਚੋਖਾ ਵਾਧਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਨਵੀਂ ਖਣਨ ਨੀਤੀ ਨਾਲ ਪੰਜਾਬ ਵਿੱਚ ਜ਼ਮੀਨ ਮਾਲਕ ਖ਼ੁਦ ਖਣਨ ਕਰ ਸਕਣਗੇ।
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਮਾਈਨਿੰਗ ਖੇਤਰ ਵਿੱਚ ਮਾਫੀਆ ਰਾਜ ਸ਼ੁਰੂ ਕੀਤਾ ਹੋਇਆ ਸੀ, ਜਿਸ ਕਰਕੇ ਸੂਬੇ ਨੂੰ ਵਧੇਰੇ ਨੁਕਸਾਨ ਝੱਲਣਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਲਿਆਂਦੀ ਨਵੀਂ ਮਾਈਨਿੰਗ ਨੀਤੀ ਵਿੱਚ ਆਮ ਲੋਕਾਂ ਤੇ ਠੇਕੇਦਾਰਾਂ ਦੇ ਹੱਕਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਮਾਈਨਿੰਗ ਸਾਈਟਾਂ ਤੇ ਆਵਾਜਾਈ ਰੂਟਾਂ ’ਤੇ ਕੈਮਰੇ ਅਤੇ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰਐੱਫਆਈਡੀ) ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਨਾਲ ਗ਼ੈਰਕਾਨੂੰਨੀ ਮਾਈਨਿੰਗ ਖ਼ਤਮ ਹੋਵੇਗੀ। ਇਸ ਤਰ੍ਹਾਂ ਲੋਕਾਂ ਨੂੰ ਸਸਤੇ ਭਾਅ ’ਤੇ ਰੇਤਾ ਮਿਲੇਗਾ ਤੇ ਸੂਬੇ ਦੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪੋਰਟਲ ਰਾਹੀਂ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਵਿੱਚੋਂ ਰੇਤ ਕੱਢਣ ਲਈ ਅਰਜ਼ੀ ਦੇ ਸਕੇਗਾ, ਜਿਸ ਦਾ ਡੀਸੀ ਦੀ ਅਗਵਾਈ ਹੇਠ ਬਣਾਈ ਕਮੇਟੀ ਵੱਲੋਂ ਸਰਵੇ ਕੀਤਾ ਜਾਵੇਗਾ। ਮਗਰੋਂ ਉਸ ਨੂੰ ਰੇਤ ਕੱਢਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ।
ਪੰਜਾਬ ਨਾਲ ਪੋਟਾਸ਼ ਸਰੋਤ ਕੱਢਣ ਲਈ ਕੀਤਾ ਜਾ ਰਿਹਾ ਵਿਤਕਰਾ: ਗੋਇਲ
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਦੇ ਮੁਕਤਸਰ ਤੇ ਅਬੋਹਰ ਇਲਾਕੇ ਵਿੱਚੋਂ ਪੋਟਾਸ਼ੀਅਮ ਨਿਕਲਿਆ ਹੈ, ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚੋਂ ਪੋਟਾਸ਼ੀਅਮ ਕੱਢਣ ਲਈ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਰਾਜਸਥਾਨ ਵਿੱਚੋਂ ਵੀ ਪੋਟਾਸ਼ ਦੇ ਭੰਡਾਰ ਮਿਲੇ ਸਨ ਪਰ ਕੇਂਦਰ ਸਰਕਾਰ ਵੱਲੋਂ ਰਾਜਸਥਾਨ ਵਿੱਚੋਂ ਪੋਟਾਸ਼ ਕੱਢਣ ਲਈ 158 ਥਾਵਾਂ ’ਤੇ ਡਰੀਲਿੰਗ ਕੀਤੀ ਗਈ ਹੈ ਅਤੇ ਪੰਜਾਬ ਵਿੱਚ ਸਿਰਫ਼ 9 ਥਾਵਾਂ ’ਤੇ ਡਰੀਲਿੰਗ ਕੀਤੀ ਗਈ ਹੈ।